ਟੈਡੀ ਬੀਅਰ 'ਚ ਨਸ਼ਾ: ਅੰਮ੍ਰਿਤਸਰ ਏਅਰਪੋਰਟ 'ਤੇ MDMA ਦੀ ਪਹਿਲੀ ਖੇਪ ਬਰਾਮਦ, ਕਸਟਮ ਵਿਭਾਗ ਦੇ ਉੱਡੇ ਹੋਸ਼
Sunday, May 10, 2026 - 05:15 AM (IST)
ਅੰਮ੍ਰਿਤਸਰ (ਨੀਰਜ) : ਹੈਰੋਇਨ, ਹਥਿਆਰ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਆਮਦ ਤੋਂ ਬਾਅਦ ਹੁਣ ਗੁਰੂ ਨਗਰੀ ’ਚ ਐੱਮ. ਡੀ. ਐੱਮ. ਏ. ਡਰੱਗਜ਼ ਦੀ ਆਮਦ ਇਕ ਖ਼ਤਰਨਾਕ ਸੰਕੇਤ ਵਜੋਂ ਸਾਹਮਣੇ ਆ ਰਹੀ ਹੈ। ਇਹ ਐੱਮ. ਡੀ. ਐੱਮ. ਏ. ਡਰੱਗ ਮਲੇਸ਼ੀਆ ਤੋਂ ਆਏ ਇਕ ਯਾਤਰੀ ਦੇ ਸਾਮਾਨ ’ਚੋਂ ਜ਼ਬਤ ਕੀਤੀ ਗਈ ਹੈ। ਮੋਹਾਲੀ ਦਾ ਰਹਿਣ ਵਾਲਾ ਇਹ ਯਾਤਰੀ ਦੋ ਸਾਲ ਬਾਅਦ ਅੰਮ੍ਰਿਤਸਰ ਆਇਆ ਸੀ, ਜੋ ਮਲੇਸ਼ੀਆ ’ਚ ਕੰਮ ਕਰਨ ਲਈ ਗਿਆ ਹੋਇਆ ਸੀ ਪਰ ਉਸ ਨੇ ਬਹੁਤ ਚਲਾਕੀ ਨਾਲ ਬੱਚਿਆਂ ਦੇ ਖਿਡੌਣਿਆਂ (ਚਾਰ ਟੈਡੀ ਬੀਅਰਜ਼) ਦੇ ਅੰਦਰ ਟੈਬਲਟ ਰੂਪ ’ਚ ਇਹ ਡਰੱਗ ਛੁਪਾਈ ਹੋਈ ਸੀ ਅਤੇ ਕਸਟਮ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਖੇਪ ਨੂੰ ਗ੍ਰਿਫਤਾਰ ਕੀਤੇ ਗਏ ਸਮੱਗਲਰ ਤੋਂ ਕਿਸੇ ਵਿਅਕਤੀ ਨੇ ਲੈਣ ਆਉਣਾ ਸੀ ਪਰ ਉਹ ਕਸਟਮ ਦੇ ਜਾਲ ’ਚ ਨਹੀਂ ਫਸਿਆ ਅਤੇ ਕਾਫੀ ਉਡੀਕ ਦੇ ਬਾਵਜੂਦ ਉਸ ਦਾ ਸਾਥੀ ਨਹੀਂ ਆਇਆ। ਕਸਟਮ ਵਿਭਾਗ ਮੁਤਾਬਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ’ਤੇ ਪਹਿਲੀ ਵਾਰ ਐੱਮ. ਡੀ. ਐੱਮ. ਏ. ਦੀ ਖੇਪ ਫੜੀ ਗਈ ਹੈ। ਐੱਮ. ਡੀ. ਐੱਮ. ਏ. (ਮਿਥਾਈਲੀਨਡੀਓਕਸੀ ਮੈਥਐਮਫੈਟਾਮੀਨ) ਇਕ ਅਜਿਹੀ ਡਰੱਗ ਹੈ ਜੋ ਵੱਡੇ ਸ਼ਹਿਰਾਂ ’ਚ ਰਾਤ ਦੀਆਂ ਰੇਵ ਪਾਰਟੀਆਂ ’ਚ ਵਰਤੀ ਜਾਂਦੀ ਹੈ। ਅੰਮ੍ਰਿਤਸਰ ’ਚ ਵੀ ਕੁਝ ਕਲੱਬਾਂ ’ਚ ਦੇਰ ਰਾਤ ਤੱਕ ਪਾਰਟੀਆਂ ਚਲਦੀਆਂ ਹਨ।
ਇਹ ਵੀ ਪੜ੍ਹੋ : ਸ਼ਿਕਾਇਤ ਦੀ ਜਾਂਚ ਕਰਨ ਪੁੱਜੀ ਪੁਲਸ ਟੀਮ ’ਤੇ ਜਾਨਲੇਵਾ ਹਮਲਾ, ਮੁਲਾਜ਼ਮ ਲਹੂ-ਲੁਹਾਨ
ਰੇਵ ਪਾਰਟੀਆਂ ’ਤੇ ਐੱਨ. ਸੀ. ਬੀ. ਵੀ ਕਰ ਚੁੱਕੀ ਹੈ ਰੇਡ
ਅੰਮ੍ਰਿਤਸਰ ਦੇ ਕੁਝ ਇਲਾਕਿਆਂ ’ਚ ਚਲਦੀਆਂ ਰੇਵ ਪਾਰਟੀਆਂ ’ਚ ਐੱਨ. ਸੀ. ਬੀ. ਦੀ ਟੀਮ ਵੱਲੋਂ ਕਈ ਵਾਰ ਛਾਪੇਮਾਰੀ ਕੀਤੀ ਜਾ ਚੁੱਕੀ ਹੈ, ਜਿਸ ’ਚ ਗੈਰ-ਕਾਨੂੰਨੀ ਤੌਰ ’ਤੇ ਪਰੋਸੇ ਗਏ ਹੁੱਕੇ ਵੀ ਜ਼ਬਤ ਕੀਤੇ ਗਏ ਸਨ। ਏਅਰਪੋਰਟ ਰੋਡ ਸਥਿਤ ਪੁਲਿਸ ਥਾਣੇ ’ਚ ਇਸ ਸਬੰਧੀ ਐੱਫ. ਆਈ. ਆਰ. ਵੀ ਦਰਜ ਹੈ। ਹਾਲਾਂਕਿ ਐੱਨ. ਸੀ. ਬੀ. ਨੂੰ ਸੂਚਨਾ ਮਿਲੀ ਸੀ ਕਿ ਰੇਵ ਪਾਰਟੀਆਂ ’ਚ ਸਿੰਥੈਟਿਕ ਡਰੱਗ ਦੀ ਵਰਤੋਂ ਹੋ ਰਹੀ ਹੈ ਪਰ ਹੁਣ ਤੱਕ ਹੁੱਕਿਆਂ ਤੋਂ ਇਲਾਵਾ ਕੋਈ ਵੱਡੀ ਬਰਾਮਦਗੀ ਨਹੀਂ ਹੋਈ ਅਤੇ ਜਾਂਚ ਜਾਰੀ ਹੈ।
ਏਅਰਪੋਰਟ ’ਤੇ ਹੀ ਫੜਿਆ ਜਾ ਚੁੱਕਿਆ ਹੈ ਕਰੋੜਾਂ ਰੁਪਏ ਦਾ ਹਾਈਡਰੋਪੋਨਿਕ ਗਾਂਜਾ
ਪਿਛਲੇ ਤਿੰਨ ਸਾਲਾਂ ਤੋਂ ਅੰਮ੍ਰਿਤਸਰ ਏਅਰਪੋਰਟ ’ਤੇ ਹਾਈਡਰੋਪੋਨਿਕ ਗਾਂਜੇ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਕਸਟਮ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤੱਕ 100 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਹਾਈਡਰੋਪੋਨਿਕ ਗਾਂਜਾ ਜ਼ਬਤ ਕੀਤਾ ਜਾ ਚੁੱਕਾ ਹੈ। ਮਲੇਸ਼ੀਆ ਅਤੇ ਹੋਰ ਦੇਸ਼ਾਂ ਤੋਂ ਸਮੱਗਲਿੰਗ ਰਾਹੀਂ ਆਉਣ ਵਾਲਾ ਹਾਈਡਰੋਪੋਨਿਕ ਗਾਂਜਾ ਉੱਚ ਗੁਣਵੱਤਾ ਦਾ ਹੁੰਦਾ ਹੈ ਅਤੇ ਇਸ ਦਾ ਸੇਵਨ ਵੱਡੇ ਹੋਟਲਾਂ ਅਤੇ ਰੇਵ ਪਾਰਟੀਆਂ ’ਚ ਵੀ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਹੀ ਕਸਟਮ ਵਿਭਾਗ ਵੱਲੋਂ ਦੋ ਯਾਤਰੀਆਂ ਕੋਲੋਂ ਹਾਈਡਰੋਪੋਨਿਕ ਗਾਂਜੇ ਦੀ ਇਕ ਵੱਡੀ ਖੇਪ ਫੜੀ ਗਈ ਸੀ। ਹਾਈਡਰੋਪੋਨਿਕ ਗਾਂਜਾ ਪਰੰਪਰਾਗਤ ਤਰੀਕੇ ਨਾਲ ਉਗਾਏ ਜਾਣ ਵਾਲੇ ਗਾਂਜੇ ਦਾ ਬਹੁਤ ਹੀ ਸ਼ਕਤੀਸ਼ਾਲੀ ਅਤੇ ਆਧੁਨਿਕ ਰੂਪ ਹੈ। ਇਹ ਬਿਨਾਂ ਮਿੱਟੀ ਦੇ ਸਿਰਫ਼ ਪਾਣੀ ਅਤੇ ਪੋਸ਼ਕ ਤੱਤਾਂ ’ਚ ਉਗਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ: ਹਰਿਆਣਾ ਦੇ ਤਿੰਨ ਜ਼ਿਲ੍ਹਿਆਂ 'ਚ ਅੱਜ ਹੋਵੇਗੀ ਵੋਟਿੰਗ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਜਾਂਚ ’ਚ ਜੁਟਿਆ ਕਸਟਮ ਵਿਭਾਗ
ਹਾਈਡਰੋਪੋਨਿਕ ਗਾਂਜੇ ਦੀ ਸਮੱਗਲਿੰਗ ਦੇ ਪਿੱਛੇ ਕੌਣ ਲੋਕ ਹਨ, ਇਸ ਬਾਰੇ ਕਸਟਮ ਵਿਭਾਗ ਨੂੰ ਹਾਲੇ ਤੱਕ ਕੋਈ ਵੱਡੀ ਸਫਲਤਾ ਨਹੀਂ ਮਿਲੀ। ਹੁਣ ਐੱਮ. ਡੀ. ਐੱਮ. ਏ. ਦੀ ਆਮਦ ਨਾਲ ਵਿਭਾਗ ਦੀ ਚਿੰਤਾ ਹੋਰ ਵਧ ਗਈ ਹੈ। ਗ੍ਰਿਫਤਾਰ ਸਮੱਗਲਰ ਦੇ ਪਿਛਲੇ ਅਤੇ ਅੱਗੇ ਦੇ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸ਼ੁਰੂਆਤੀ ਜਾਂਚ ’ਚ ਇਹ ਇਕ ਕੂਰੀਅਰ ਹੀ ਨਿਕਲਿਆ ਹੈ, ਕੋਈ ਪੇਸ਼ੇਵਰ ਸਮੱਗਲਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
