ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਸ਼ੱਕੀ ਹਾਲਤ’ਚ ਮੌਤ

07/16/2018 6:43:46 AM

ਝਬਾਲ,   (ਨਰਿੰਦਰ, ਲਾਲੂ ਘੁੰਮਣ)-  ਪੰਜਾਬ  ਵਿਚ  ਜਿੱਥੇ ਨਸ਼ਿਆਂ ਦੀ ਓਵਰਡੋਜ਼ ਲੈਣ ਕਾਰਨ ਨੌਜਵਾਨਾਂ ਦੀ ਲਗਾਤਾਰ ਮੌਤ ਹੋ ਰਹੀ ਹੈ, ਉਥੇ  ਹੀ ਨਸ਼ੇ ਨਾ ਮਿਲਣ ਕਾਰਨ ਵੀ ਨੌਜਵਾਨਾਂ ਦੀ ਮੌਤ ਹੋਣ ਲੱਗ ਪਈ ਹੈ। ਅੱਜ ਸਵੇਰੇ ਥਾਣਾ ਝਬਾਲ ਦੇ ਪਿੰਡ ਭੁੱਚਰ ਕਲਾਂ ਵਿਖੇ ਇਕ ਨੌਜਵਾਨ ਜਜਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਜੋ ਨਸ਼ਿਆਂ ਦਾ ਆਦੀ ਸੀ, ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ, ਜਿਸ ਬਾਰੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਸ਼ੇ ਕਰਦਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਨਸ਼ੇ ਨਾ ਮਿਲਣ ਕਰ ਕੇ ਉਸ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਡਾਉੂਨ ਹੋ ਗਿਆ, ਜਿਸ ਕਾਰਨ ਅੱਜ ਸਵੇਰੇ ਉਸ ਦੀ ਮੌਤ ਹੋ ਗਈ।  ਸਰਹੱਦੀ ਪਿੰਡਾਂ ਦੇ ਵਾਸੀਆਂ ਨੇ ਆਪਣਾ  ਨਾਂ ਨਾ ਛਾਪਣ ਦੀ ਸ਼ਰਤ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ’ਤੇ ਰੋਕ ਲਾਉਣਾ ਇਕ ਸ਼ਲਾਘਾਯੋਗ ਕੰਮ ਹੈ ਪਰ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਨੌਜਵਾਨ ਪਹਿਲਾਂ ਤੋਂ ਨਸ਼ੇ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਲਈ ਨਸ਼ੇ ਬੰਦ ਹੋਣ ਦੀ ਸੂਰਤ ’ਚ ਪਿੰਡਾਂ ਜਾਂ ਕਸਬਿਆਂ ਵਿਚ ਨਸ਼ੇ ਛੁਡਾਊ ਕੈਂਪ ਲਾਏ ਜਾਣ ਤਾਂ ਕਿ ਨਸ਼ਿਆਂ ਦੀ ਟੋਟ ਆਉਣ ’ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਇਸ ਸਬੰਧੀ ਜਦੋਂ ਜਿਲੇ ਦੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹਡ਼ੇ ਨੌਜਵਾਨ ਨਸ਼ੇ ਕਰਦੇ ਹਨ, ਉਨ੍ਹਾਂ ਨੂੰ ਘਬਰਾਉਣ ਦੀ ਲੋਡ਼ ਨਹੀਂ। ਅਸੀਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਜਲਦੀ ਹੀ ਪਿੰਡਾਂ ’ਚ ਨਸ਼ੇ ਛੱਡਣ ਵਾਲੇ ਨੌਜਵਾਨਾਂ ਲਈ ਦਵਾਈਆਂ ਦਾ ਪ੍ਰਬੰਧ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਨਸ਼ੇ ਕਿਸੇ ਵੀ ਕੀਮਤ ’ਤੇ ਵਿਕਣ ਨਹੀਂ ਦਿੱਤੇ ਜਾਣਗੇ ਅਤੇ ਜੋ ਵੀ ਨਸ਼ਿਆਂ ’ਚ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ੇ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦਾ ਬਾਕਾਇਦਾ ਇਲਾਜ ਕਰਵਾਇਆ ਜਾਵੇਗਾ।


Related News