ਨਸ਼ੇ ਦੀ ਓਵਰਡੋਜ਼ ਨਾਲ ਇਕ ਦੀ ਮੌਤ

Saturday, Aug 25, 2018 - 05:18 AM (IST)

ਨਸ਼ੇ ਦੀ ਓਵਰਡੋਜ਼ ਨਾਲ ਇਕ ਦੀ ਮੌਤ

ਲੁਧਿਆਣਾ, (ਰਿਸ਼ੀ)- ਦੁੱਗਰੀ ਫੇਸ-1 ਵਿਚ ਇਕ ਪ੍ਰਾਈਵੇਟ ਸਕੂਲ ਦੇ ਨੇਡ਼ੇ ਕਾਰ ਵਿਚ ਕੀਤੇ ਨਸ਼ੇ ਦੀ ਓਵਰਡੋਜ਼ ਨਾਲ 1 ਬੱਚੇ ਦੇ ਪਿਤਾ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ ਪਿਤਾ ਦੇ ਬਿਆਨ ’ਤੇ ਉਸ ਨੂੰ ਨਸ਼ੇ ਦਾ ਇੰਜੈਕਸ਼ਨ ਲਿਆ ਦੇਣ ਵਾਲੇ ਦੋਸਤ ਪਰਵਿੰਦਰ ਸਿੰਘ ਉਰਫ ਟਿੰਕੂ ਨਿਵਾਸੀ ਹਿੰਮਤ ਸਿੰਘ ਨਗਰ ਖਿਲਾਫ ਧਾਰਾ 304 ਤਹਿਤ ਕੇਸ ਦਰਜ ਕੀਤਾ ਹੈ, ਜੋ ਹੁਣ ਫਰਾਰ ਹੈ। ਜਾਣਕਾਰੀ ਦਿੰਦੇ ਥਾਣਾ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ (35) ਨਿਵਾਸੀ ਸੀ. ਆਰ. ਪੀ. ਕਾਲੋਨੀ, ਦੁੱਗਰੀ ਫੇਸ-1 ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫੇਸ-2 ਵਿਚ ਮਨਿਆਰੀ ਦੀ ਦੁਕਾਨ ਹੈ। ਸਵੇਰੇ ਬੇਟਾ ਪਤਨੀ ਹਰਮੀਤ ਕੌਰ ਦੇ ਨਾਲ ਦੁਕਾਨ ’ਤੇ ਜਾਂਦਾ ਸੀ ਅਤੇ ਸ਼ਾਮ ਨੂੰ ਇਕੱਠੇ ਵਾਪਸ ਆਉਂਦੇ ਸਨ। ਵੀਰਵਾਰ ਸ਼ਾਮ ਲਗਭਗ 8 ਵਜੇ ਉਕਤ ਦੋਸ਼ੀ ਦੋਸਤ ਦਾ ਫੋਨ ਆਇਆ, ਜਿਸ ਦੇ ਬਾਅਦ ਉਹ ਕਾਰ ਲੈ ਕੇ ਦੁਕਾਨ ਤੋਂ ਨਿਕਲ ਗਿਆ। ਰਾਤ 10.30  ਵਜੇ ਤਕ ਵਾਪਸ ਨਾ ਆਉਣ ’ਤੇ ਪਤਨੀ ਨੇ ਫੋਨ ਕੀਤਾ ਤਾਂ ਕਾਰ  ਕੋਲ ਇਕੱਠੇ ਹੋਏ ਲੋਕਾਂ ਨੇ ਫੋਨ ਚੁੱਕਿਆ ਅਤੇ ਬੇਹੋਸ਼ ਹੋਣ ਦੀ ਜਾਣਕਾਰੀ ਦਿੱਤੀ, ਜਿਸ ਦੇ ਬਾਅਦ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਇਲਾਜ  ਲਈ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਅਨੁਸਾਰ ਉਸ ਦੇ ਦੋਸਤ ਨੇ ਹੀ ਨਸ਼ੇ ਦਾ ਇੰਜੈਕਸ਼ਨ ਲਿਆ ਕੇ ਦਿੱਤਾ ਸੀ, ਜਿਸ ਕਾਰਨ ਨਸ਼ੇ ਦੀ ਓਵਰਡੋਜ਼ ਲੈਣ ਨਾਲ ਉਸ ਦੀ ਮੌਤ ਹੋ ਗਈ।
ਪੋਸਟਮਾਰਟਮ ਦੀ ਹੋਈ ਵੀਡੀਓਗ੍ਰਾਫੀ
 ਪੁਲਸ ਅਨੁਸਾਰ ਸਿਵਲ ਦੇ ਤਿੰਨ ਡਾਕਟਰਾਂ ਦੇ ਬੋਰਡ ਡਾਕਟਰ ਰੋਹਿਤ ਰਾਮਪਾਲ, ਡਾ. ਗੁਰਪ੍ਰੀਤ ਬੈਂਸ ਅਤੇ ਡਾ. ਵਰੁਣ ਸੱਗਡ਼ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ ਅਤੇ ਵਿਸਰਾ ਜਾਂਚ ਲਈ ਭੇਜਿਆ ਗਿਆ ਹੈ। ਜਿਥੋਂ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਪੁਲਸ ਵਲੋਂ ਪੋਸਟਮਾਰਟਮ ਹੋਣ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ।
  5 ਸਾਲ ਪਹਿਲਾਂ ਕਰਵਾਇਆ ਸੀ ਨਸ਼ਾ ਛੁਡਾਊ ਕੇਂਦਰ ’ਚ ਦਾਖਲ 
 ਰਿਸ਼ਤੇਦਾਰਾਂ ਨੇ ਪੁਲਸ ਨੂੰ ਦੱਸਿਆ ਕਿ ਬਲਜਿੰਦਰ ਸਿੰਘ ਨੂੰ 5 ਸਾਲ ਪਹਿਲਾਂ ਨਸ਼ਾ ਛੁਡਾਊ ਕੇਂਦਰ ਵਿਚ ਵੀ ਦਾਖਲ ਕਰਵਾਇਆ ਗਿਆ ਸੀ, ਜਿਸ ਦੇ ਬਾਅਦ ਉਸ ਨੇ ਨਸ਼ਾ ਛੱਡ ਦਿੱਤਾ ਸੀ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਕਤ ਦੋਸਤ ਵਲੋਂ ਜਬਰਦਸਤੀ ਨਸ਼ਾ ਕਰਵਾਏ ਜਾਣ ਨਾਲ ਬੇਟੇ ਦੀ ਮੌਤ ਹੋ ਗਈ ਹੈ। ਪੁਲਸ ਨੇ ਇੰਜੈਕਸ਼ਨ ਵੀ ਬਰਾਮਦ ਕਰ ਲਿਆ ਹੈ।


Related News