ਰੋਟੀ ਮੇਕਰ ਵਿਚੋਂ ਨਿਕਲੀ 1 ਕਿੱਲੋ ਤੋਂ ਵੱਧ ਅਫ਼ੀਮ

Wednesday, Aug 12, 2026 - 05:03 PM (IST)

ਰੋਟੀ ਮੇਕਰ ਵਿਚੋਂ ਨਿਕਲੀ 1 ਕਿੱਲੋ ਤੋਂ ਵੱਧ ਅਫ਼ੀਮ

ਲੁਧਿਆਣਾ (ਰਾਜ): ਕੋਰੀਅਰ ਸੇਵਾਵਾਂ ਜ਼ਰੀਏ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਖ਼ਿਲਾਫ਼ ਨਾਰਕੋਟਿਕਸ ਕੰਟਰੋਲ ਬਿਊਰੋ ਤੇ ਲੁਧਿਆਣਾ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਢੰਡਾਰੀ ਖੁਰਦ ਸਥਿਤ ਮਸ਼ਹੂਰ ਡੀ.ਐੱਚ. ਐੱਲ. ਕੋਰੀਅਰ ਦਫ਼ਤਰ ਤੋਂ ਜਾਂਚ ਦੌਰਾਨ ਇਕ ਪਾਰਸਲ ਵਿਚ ਲੁਕੋ ਕੇ ਭੇਜੀ ਜਾ ਰਹੀ 1 ਕਿੱਲੋ 138 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ। ਮੁਲਜ਼ਮ ਨੇ ਅਫ਼ੀਮ ਨੂੰ ਲੁਕਾਉਣ ਲਈ ਇਲੈਕਟ੍ਰਾਨਿਕ ਰੋਟੀ ਮੇਕਰ ਦੀ ਵਰਤੋਂ ਕੀਤੀ ਸੀ। 

ਜਾਣਕਾਰੀ ਮੁਤਾਬਕ, ਸਬ ਇੰਸਪੈਕਟਰ ਪਰਮਜੀਤ ਸਿੰਘ 11 ਅਗਸਤ ਨੂੰ ਪੁਲਸ ਪਾਰਟੀ ਦੇ ਨਾਲ ਗਸ਼ਤ 'ਤੇ ਸਨ। ਇਸੇ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ ਸੈਕਟਰ 66 ਮੋਹਾਲੀ ਦੇ ਇੰਸਪੈਕਟਰ ਅਜੇ ਕੁਮਾਰ ਨੇ ਢੰਡਾਰੀ ਖ਼ੁਰਦ ਸਥਿਤ ਜੀ. ਟੀ. ਰੋਡ 'ਤੇ ਸਥਿਤ DHL ਕੋਰੀਅਰ ਦਫ਼ਤਰ ਵਿਚ ਸ਼ੱਕੀ  ਪਾਰਸਲ ਸਬੰਧੀ ਇਕ ਟਾਈਪਸ਼ੁਦਾ ਬਿਨੈ ਪੱਤਰ ਪੁਲਸ ਅੱਗੇ ਪੇਸ਼ ਕੀਤਾ। ਸੂਚਨਾ ਦੇ ਅਧਾਰ 'ਤੇ ਜਦੋਂ ਪੁਲਸ ਤੇ ਐੱਨ. ਸੀ. ਬੀ. ਦੀ ਸੰਯੁਕਤ ਟੀਮ ਡੀ. ਐੱਚ. ਐੱਲ. ਦਫ਼ਤਰ ਪਹੁੰਚੀ ਤਾਂ ਮੁਲਜ਼ਮ ਦੀਪਕ ਭਾਟੀਆ ਨਾਲ ਸਬੰਧਤ ਸ਼ੱਕੀ ਪਾਰਸਲ ਨੂੰ ਈ ਸਕੈਨਿੰਗ ਮਸ਼ੀਨ ਨਾਲ ਚੈੱਕ ਕੀਤਾ ਗਿਆ। ਮੌਕੇ 'ਤੇ ਵੀਡੀਓਗ੍ਰਾਫ਼ੀ ਕਰਦਿਆਂ ਪਾਰਸਲ ਨੂੰ ਖੋਲ੍ਹਿਆ ਗਿਆ ਤਾਂ ਵਿਚੋਂ ਕੱਪੜੇ ਅਤੇ ਇਲੈਕਟ੍ਰਾਨਿਕ ਰੋਟੀ ਮੇਕਰ ਨਿਕਲਿਆ। ਇਲੈਕਟ੍ਰਾਨਿਕ ਰੋਟੀ ਮੇਕਰ ਦੇ ਅੰਦਰੋਂ 1 ਕਿੱਲੋ 138 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ। 

ਪੁਲਸ ਨੇ ਪਾਰਸਲ, ਕੱਪੜੇ, ਰੋਟੀ ਮੇਕਰ ਤੇ ਅਫ਼ੀਮ ਨੂੰ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀਪਕ ਭਾਟੀਆ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਤੇ ਐੱਨ. ਸੀ. ਬੀ. ਦੀਆਂ ਟੀਮਾਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਪਾਰਸਲ ਕਿੱਥੇ ਭੇਜਿਆ ਜਾ ਰਿਹਾ ਸੀ ਤੇ ਇਸ ਗਿਰੋਹ ਦੇ ਪਿੱਛੇ ਮੁੱਖ ਸਰਗਨਾ ਕੌਣ ਹੈ। 


author

Anmol Tagra

Content Editor

Related News