ਨਸ਼ਾ ਤਸਕਰੀ ਦੇ ਮਾਮਲੇ 'ਚ ਇਕ ਹੋਰ ਪੁਲਸ ਮੁਲਾਜ਼ਮ ਦਾ ਨਾਂ ਆਇਆ ਸਾਹਮਣੇ, ਹੈਰੋਇਨ ਅਤੇ ਹਥਿਆਰ ਸਮੇਤ ਕੀਤਾ ਕਾਬੂ (ਵੀਡੀਓ)

Saturday, Jun 17, 2017 - 10:09 AM (IST)

ਮੋਗਾ— ਪੰਜਾਬ 'ਚ ਪੁਲਸ ਕਰਮਚਾਰੀਆਂ ਦਾ ਨਸ਼ੇ ਦੀ ਤਸਕਰੀ 'ਚ ਸ਼ਾਮਲ ਹੋਣ ਦਾ ਲਗਾਤਾਰ ਖੁਲਾਸਾ ਹੋ ਰਿਹਾ ਹੈ। ਨਸ਼ੇ ਦੇ ਕਾਰੋਬਾਰ ਦਾ ਖਾਤਮਾ ਕਰਨ ਲਈ ਗਠਿਤ ਕੀਤੀ ਗਈ ਐਸ. ਟੀ. ਐਫ ਨੇ ਇਕ ਹੈੱਡ ਕਾਂਸਟੇਬਲ ਨੂੰ ਹੈਰੋਇਨ ਅਤੇ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਹੈ। ਉਸ ਨੂੰ ਮੋਗਾ ਜ਼ਿਲੇ ਦੇ ਧਰਮਕੋਟ ਖੇਤਰ 'ਚ ਫੜਿਆ ਗਿਆ ਹੈ। 
ਜਾਣਕਾਰੀ ਮੁਤਾਬਕ ਜ਼ਿਲੇ ਦੇ ਧਰਮਕੋਟ ਪਿੰਡ ਕਾਨੀਆ ਕਲਾਂ ਦਾ ਰਹਿਣ ਵਾਲਾ ਹੈੱਡ ਕਾਂਸਟੇਬਲ ਸੁਰਜੀਤ ਸਿੰਘ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਰਦਾ ਸੀ। ਐਸ. ਟੀ. ਐਫ ਨੂੰ ਇਸ ਬਾਰੇ 'ਚ ਸੂਚਨਾ ਮਿਲੀ ਜਿਸ ਤੋਂ ਬਾਅਦ ਛਾਪਾ ਮਾਰ ਕੇ ਹੈੱਡ ਕਾਂਸਟੇਬਲ ਨੂੰ ਦਬੋਚਿਆ ਲਿਆ ਗਿਆ। ਐਸ. ਟੀ. ਐਫ ਦੀ ਟੀਮ ਨੇ ਉਸ ਕੋਲੋਂ 250 ਗ੍ਰਾਮ ਹੈਰੋਇਨ, ਏ. ਕੇ-47 ਰਾਈਫਲ ਦੀ ਇਕ ਮੈਗਜੀਨ, ਐਸ. ਐਲ. ਆਰ ਦੀਆਂ ਤਿੰਗ ਮੈਗਜੀਨ, ਸਟੇਨਗਨ ਦੀ ਇਕ ਮੈਗਜੀਨ, ਕੋਬਰਨ ਦੀ 2 ਮੈਗਜੀਨ, ਇਕ ਮੈਗਜੀਨ 7.62 ਐਮ. ਐਮ., 62 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। 
ਹੈੱਡ ਕਾਂਸਟੇਬਲ ਨੇ ਹੈਰੋਇਨ ਅਤੇ ਹਥਿਆਰ ਪਿੰਡ ਦਨੂਵਾਲ ਦੇ ਨੇੜਲੇ ਪਿੰਡ ਦੇ ਇਕ ਬਰਸਾਤੀ ਨਾਲੇ ਨੇੜੇ ਲੁਕਾ ਕੇ ਰੱਖੇ ਹੋਏ ਸੀ। ਪੁਲਸ ਦੋਸ਼ੀ ਹੈੱਡ ਕਾਂਸਟੇਬਲ ਵਿਰੁੱਧ ਮਾਮਲਾ ਦਰ ਕਰ ਕੇ ਪੁੱਛਗਿੱਛ 'ਚ ਜੁਟ ਗਈ ਹੈ। 


Related News