ਲੁਧਿਆਣਾ : NCB ਦੀ ਕਾਰਵਾਈ ਮਗਰੋਂ ਨਸ਼ਾ ਤਸਕਰ ਅੰਡਰ ਗਰਾਊਂਡ, ਕਾਬੂ ਕੀਤਾ ਮੁਲਜ਼ਮ 6 ਦਿਨਾਂ ਦੇ ਰਿਮਾਂਡ 'ਤੇ
Thursday, Nov 17, 2022 - 12:42 PM (IST)
ਲੁਧਿਆਣਾ (ਗੌਤਮ) : ਨਸ਼ਾ ਤਸਕਰਾਂ ਖ਼ਿਲਾਫ਼ ਬੀਤੇ ਦਿਨ ਕੀਤੀ ਵੱਡੀ ਕਾਰਵਾਈ ਦੌਰਾਨ ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੇ ਦੁੱਗਰੀ ਇਲਾਕੇ 'ਚ 20 ਕਿੱਲੋ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ 6 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਜਨਤਾ ਨਗਰ ਦੇ ਰਹਿਣ ਵਾਲੇ ਸੰਦੀਪ ਸਿੰਘ ਵਜੋਂ ਹੋਈ ਹੈ।
ਹਾਲ ਦੀ ਘੜੀ ਐੱਨ. ਸੀ. ਬੀ. ਦੀ ਕਾਰਵਾਈ ਤੋਂ ਬਾਅਦ ਇਲਾਕੇ 'ਚ ਨਸ਼ਾ ਤਸਕਰ ਅੰਡਰਗਰਾਊਂਡ ਹੋ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਐੱਨ. ਸੀ. ਬੀ. ਨੂੰ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਦੁੱਗਰੀ ਇਲਾਕੇ 'ਚ ਹੈਰੋਇਨ ਦੀ ਖ਼ੇਪ ਸਪਲਾਈ ਕਰਨ ਜਾ ਰਿਹਾ ਹੈ, ਜਿਸ ’ਤੇ ਐੱਨ. ਸੀ. ਬੀ. ਦੀ ਟੀਮ ਨੇ ਥਾਣਾ ਦੁੱਗਰੀ ਦੀ ਮਦਦ ਨਾਲ ਇਲਾਕੇ 'ਚ ਨਾਕਾਬੰਦੀ ਕਰਕੇ ਕਾਰ ਡਰਾਈਵਰ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ 'ਚ ਦੱਸਿਆ ਕਿ ਉਕਤ ਖ਼ੇਪ ਉਸ ਨੇ ਅਕਸ਼ੇ ਛਾਬੜਾ ਨੂੰ ਸਪਲਾਈ ਕਰਨੀ ਸੀ, ਜੋ ਸ਼ਰਾਬ ਕਾਰੋਬਾਰੀ ਹੈ। ਉਹ ਉਸ ਦੇ ਲਈ ਡਰਾਈਵਰੀ ਕਰਦਾ ਹੈ।
ਇਹ ਵੀ ਪੜ੍ਹੋ : ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਬਣਵਾਉਣ ਨੂੰ ਲੈ ਕੇ ਜੱਥੇਦਾਰ ਹਰਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਅਪੀਲ
ਵਿਭਾਗੀ ਸੂਤਰਾਂ ਮੁਤਾਬਕ ਉਕਤ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ 'ਚ ਲੱਗਾ ਹੋਇਆ ਹੈ। ਟੀਮ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਇੰਨੀ ਵੱਡੀ ਖ਼ੇਪ ਕਿੱਥੋਂ ਲੈ ਕੇ ਆਇਆ ਸੀ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਕਤ ਮੁਲਜ਼ਮ ਸਰਹੱਦੀ ਇਲਾਕੇ ਤੋਂ ਖ਼ੇਪ ਲੈ ਕੇ ਆਇਆ ਸੀ ਕਿਉਂਕਿ ਹੈਰੋਇਨ ਦੇ ਪੈਕੇਟਾਂ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਨਸ਼ਾ ਤਸਕਰਾਂ ਦੇ ਅੰਤਰਰਾਸ਼ਟਰੀ ਤਸਕਰਾਂ ਨਾਲ ਸਬੰਧਾਂ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ