STF ਦੀ ਵੱਡੀ ਕਾਰਵਾਈ : ਕਰੋੜਾਂ ਦੀ ਹੈਰੋਇਨ ਸਮੇਤ ਨਸ਼ਾ ਸਮੱਗਲਰ ਗ੍ਰਿਫ਼ਤਾਰ, ਮੁੱਖ ਸਮੱਗਲਰ ਫ਼ਰਾਰ

Thursday, Jan 12, 2023 - 01:19 AM (IST)

ਲੁਧਿਆਣਾ (ਅਨਿਲ) : ਐੱਸ. ਟੀ. ਐੱਫ. ਦੀ ਲੁਧਿਆਣਾ ਯੂਨਿਟ ਨੇ ਨਸ਼ਾ ਸਮੱਗਲਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਕ ਨਸ਼ਾ ਸਮੱਗਲਰ ਨੂੰ 5 ਕਰੋੜ 60 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਅੱਜ ਡੀ. ਐੱਸ. ਡੀ. ਦਵਿੰਦਰ ਕੁਮਾਰ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਟੀਮ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਇਕ ਨਸ਼ਾ ਸਮੱਗਲਰ ਆਪਣੇ ਸਾਥੀ ਸਮੇਤ ਹੈਰੋਇਨ ਦੀ ਵੱਡੀ ਖੇਪ ਲੈ ਕੇ ਵਰਧਮਾਨ ਚੌਕ ਵੱਲ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਲਈ ਭੇਜ ਰਿਹਾ ਹੈ, ਜਿਸ ’ਤੇ ਐੱਸ. ਟੀ. ਐੱਫ. ਨੇ ਤੁਰੰਤ ਕਾਰਵਾਈ ਕਰਦਿਆਂ ਸਪੈਸ਼ਲ ਨਾਕਾਬੰਦੀ ਕਰ ਦਿੱਤੀ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਸਕੂਲੀ ਬੱਸ ਨੇ ਐਕਟਿਵਾ ਸਵਾਰ ਔਰਤ ਨੂੰ ਕੁਚਲਿਆ, ਮੌਤ

ਉਸੇ ਸਮੇਂ ਸਾਹਮਣਿਓਂ ਇਕ ਐਕਟਿਵਾ ’ਤੇ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਦੋਂ ਪੁਲਸ ਟੀਮ ਨੇ ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਚੈਕਿੰਗ ਲਈ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਐਕਟਿਵਾ ਦੀ ਡਿੱਕੀ ’ਚੋਂ 1 ਕਿਲੋ 120 ਗ੍ਰਾਮ ਹੈਰੋਇਨ, 2 ਇਲੈਕਟ੍ਰਾਨਿਕ ਕੰਡੇ ਅਤੇ 70 ਖਾਲੀ ਲਿਫਾਫ਼ੇ ਬਰਾਮਦ ਕੀਤੇ। ਪੁਲਸ ਨੇ ਤੁਰੰਤ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਕੋਠੀ ’ਚ ਸਫ਼ਾਈ ਦੇ ਬਹਾਨੇ ਆਈਆਂ 2 ਔਰਤਾਂ, ਕੈਸ਼ ਤੇ ਗਹਿਣਿਆਂ ’ਤੇ ਕਰ ਗਈਆਂ ਹੱਥ ਸਾਫ਼

ਮੁਲਜ਼ਮ ਦੀ ਪਛਾਣ ਆਕਾਸ਼ ਕੁਮਾਰ (21) ਪੁੱਤਰ ਪੱਪੂ ਕੁਮਾਰ ਵਾਸੀ ਘੋੜਾ ਕਾਲੋਨੀ, ਮੋਤੀ ਨਗਰ ਵਜੋਂ ਹੋਈ, ਜਦੋਂਕਿ ਉਸ ਨੂੰ ਹੈਰੋਇਨ ਸਪਲਾਈ ਦੇਣ ਵਾਲੇ ਦੀ ਪਛਾਣ ਮਨਜੀਤ ਸਿੰਘ ਮਨੂੰ ਪੁੱਤਰ ਕਾਲਾ ਕੁਮਾਰ ਵਾਸੀ ਪ੍ਰੀਤ ਨਗਰ, ਤਾਜਪੁਰ ਰੋਡ ਵਜੋਂ ਕੀਤੀ ਗਈ, ਜੋ ਅਜੇ ਤੱਕ ਫਰਾਰ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ 5 ਕਰੋੜ 60 ਲੱਖ ਦੀ ਕੀਮਤ ਦੱਸੀ ਜਾ ਰਹੀ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਮੋਹਾਲੀ ਐੱਸ. ਟੀ. ਐੱਫ. ਪੁਲਸ ਥਾਣੇ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਰਾਰ ਨਸ਼ਾ ਸਮੱਗਲਰ ’ਤੇ ਪਹਿਲਾਂ ਵੀ ਕਈ ਕੇਸ ਦਰਜ

ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਹੈਰੋਇਨ ਦੀ ਖੇਪ ਨੂੰ ਆਪਣੇ ਗਾਹਕਾਂ ਤੱਕ ਭੇਜਣ ਵਾਲਾ ਮੁੱਖ ਨਸ਼ਾ ਸਮੱਗਲਰ ਮਨਜੀਤ ਸਿੰਘ ਮਨੂ ਕਈ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ, ਜਿਸ ’ਤੇ ਪਹਿਲਾਂ ਵੀ ਨਸ਼ਾ ਸਮੱਗÇਲਿੰਗ ਅਤੇ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦੇ ਕੇਸ ਦਰਜ ਹਨ। ਮੁਲਜ਼ਮ ਜਬਰ-ਜ਼ਨਾਹ ਦੇ ਮਾਮਲੇ ਵਿਚ 6 ਮਹੀਨੇ ਪਹਿਲਾਂ ਹੀ ਲੁਧਿਆਣਾ ਸੈਂਟਰਲ ਜੇਲ ਤੋਂ ਜ਼ਮਾਨਤ ’ਤੇ ਬਾਹਰ ਆਇਆ ਹੈ, ਜਦੋਂਕਿ ਗ੍ਰਿਫਤਾਰ ਕੀਤੇ ਗਏ ਆਕਾਸ਼ ਕੁਮਾਰ ਨੂੰ ਮਨਜੀਤ ਨੇ ਹੈਰੋਇਨ ਦੀ ਸਪਲਾਈ ਕਰਨ ਲਈ ਰੱਖਿਆ ਹੋਇਆ ਹੈ, ਜੋ ਨਸ਼ਾ ਕਰਨ ਦਾ ਆਦੀ ਹੈ। ਅੱਜ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਉਸ ਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।


Mandeep Singh

Content Editor

Related News