ਨਸ਼ਿਆਂ ਦੇ ਕਾਰੋਬਾਰ ਨਾਲ ਜਾਇਦਾਦ ਬਣਾਉਣ ਵਾਲਾ ਚੜ੍ਹਿਆ ਪੁਲਸ ਅੜਿੱਕੇ, ਜੇਲ੍ਹ ’ਚੋਂ ਪੈਰੋਲ ’ਤੇ ਆਇਆ ਸੀ ਬਾਹਰ

Saturday, May 06, 2023 - 08:05 PM (IST)

ਨਸ਼ਿਆਂ ਦੇ ਕਾਰੋਬਾਰ ਨਾਲ ਜਾਇਦਾਦ ਬਣਾਉਣ ਵਾਲਾ ਚੜ੍ਹਿਆ ਪੁਲਸ ਅੜਿੱਕੇ, ਜੇਲ੍ਹ ’ਚੋਂ ਪੈਰੋਲ ’ਤੇ ਆਇਆ ਸੀ ਬਾਹਰ

ਸਮਰਾਲਾ (ਗਰਗ, ਬਿਪਨ) : ਸਮਰਾਲਾ ਪੁਲਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਦੀ ਜੇਲ੍ਹ ’ਚੋਂ ਸਾਲ 2021 'ਚ ਇਕ ਮਹੀਨੇ ਦੀ ਛੁੱਟੀ ਲੈਣ ਉਪਰੰਤ ਭਗੌੜੇ ਹੋਏ ਇਕ ਅਜਿਹੇ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਹੜਾ ਕਿ ਪੰਜਾਬ ਅੰਦਰ ਬੇਖੌਫ਼ ਹੋ ਕੇ ਨਸ਼ਿਆਂ ਦਾ ਵੱਡੇ ਪੱਧਰ ’ਤੇ ਕਾਰੋਬਾਰ ਕਰਨ 'ਚ ਲੱਗਾ ਹੋਇਆ ਸੀ। ਗ੍ਰਿਫ਼ਤਾਰੀ ਵੇਲੇ ਪੁਲਸ ਨੇ ਇਸ ਨਸ਼ਾ ਤਸਕਰ ਕੋਲੋਂ 2 ਕਿਲੋ 600 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਹੈ। ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਇਸ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਾਫੀ ਜਾਇਦਾਦ ਵੀ ਬਣਾ ਲਈ ਸੀ।

ਇਹ ਵੀ ਪੜ੍ਹੋ : ਗੱਡੀਆਂ ਖੋਹਣ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦਾ ਪਰਦਾਫਾਸ਼, 8 ਚੜ੍ਹੇ ਪੁਲਸ ਅੜਿੱਕੇ

ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਤੇ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਸ਼ਹਿਰ ਦੇ ਬਹਿਲੋਲਪੁਰ ਰੋਡ 'ਤੇ ਰਹਿ ਰਹੇ ਅੰਮ੍ਰਿਤਪਾਲ ਸਿੰਘ ਪੁੱਤਰ ਸੱਜਣ ਸਿੰਘ ਬਾਰੇ ਇਤਲਾਹ ਮਿਲੀ ਸੀ ਕਿ ਇਹ ਪੰਜਾਬ ਵਿੱਚ ਬਹੁਤ ਵੱਡੇ ਪੱਧਰ ’ਤੇ ਅਫ਼ੀਮ ਅਤੇ ਹੋਰ ਨਸ਼ੇ ਸਪਲਾਈ ਕਰਨ ਦਾ ਕੰਮ ਕਰ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਜਦੋਂ ਪੁਲਸ ਨੇ ਨਾਕਾਬੰਦੀ ਕਰਕੇ ਸਵਿਫ਼ਟ ਕਾਰ 'ਚ ਆ ਰਹੇ ਇਸ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ।

ਇਹ ਵੀ ਪੜ੍ਹੋ : ਰਾਹ ਜਾਂਦੀ Thar ਗੱਡੀ 'ਚ ਵੜ ਗਿਆ ਸੱਪ, ਪੈ ਗਈਆਂ ਭਾਜੜਾਂ, ਜਾਣੋ ਫਿਰ ਕੀ ਹੋਇਆ?

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਰਿਮਾਂਡ 'ਚ ਪਤਾ ਲੱਗਾ ਕਿ ਇਸ ਦੇ ਬਾਹਰਲੇ ਰਾਜਾਂ ਵਿੱਚ ਰਹਿੰਦੇ ਨਸ਼ਾ ਤਸਕਰਾਂ ਨਾਲ ਗੂੜ੍ਹੇ ਸਬੰਧ ਹਨ। ਇਹ ਉਨ੍ਹਾਂ ਦੇ ਖਾਤਿਆਂ 'ਚ ਆਨਲਾਈਨ ਰਕਮ ਪਾ ਦਿੰਦਾ ਤੇ ਇਸ ਨੂੰ ਸਮਰਾਲਾ ਵਿਖੇ ਹੀ ਅਫੀਮ ਦੀ ਖੇਪ ਪਹੁੰਚ ਜਾਂਦੀ ਸੀ। ਹਾਲ ਹੀ 'ਚ ਇਸ ਤਸਕਰ ਨੇ 5 ਕਿਲੋ ਅਫੀਮ ਮੰਗਵਾਈ ਸੀ, ਜਿਸ ਵਿੱਚੋਂ ਅੱਧੀ ਦੇ ਕਰੀਬ ਅਫੀਮ ਉਹ ਅੱਗੇ ਸਪਲਾਈ ਕਰ ਚੁੱਕਾ ਸੀ ਅਤੇ ਬਾਕੀ ਦੀ ਪੁਲਸ ਨੇ ਫੜ ਲਈ ਹੈ।

ਇਹ ਵੀ ਪੜ੍ਹੋ : WHO ਦਾ ਵੱਡਾ ਐਲਾਨ- ਹੁਣ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ COVID-19

ਡੀ.ਐੱਸ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ 2018 ਵਿੱਚ ਜੰਮੂ-ਕਸ਼ਮੀਰ ਵਿਖੇ ਇਸ ਨੂੰ ਪੁਲਸ ਨੇ 1 ਕੁਇੰਟਲ 30 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ ਪਰ 2021 'ਚ ਜੇਲ੍ਹ 'ਚੋਂ ਮਹੀਨੇ ਦੀ ਛੁੱਟੀ ਲੈ ਕੇ ਬਾਹਰ ਆ ਗਿਆ ਤੇ ਹੋਰ ਵੀ ਵੱਡੇ ਪੱਧਰ ’ਤੇ ਨਸ਼ੇ ਦਾ ਵਪਾਰ ਕਰਨ ਵਿੱਚ ਲੱਗ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਇਸ ਵਿਅਕਤੀ ਨੇ 3 ਗੱਡੀਆਂ ਰੱਖੀਆਂ ਹੋਈਆਂ ਹਨ ਅਤੇ ਸ਼ਹਿਰ 'ਚ ਮਹਿੰਗੀ ਕੋਠੀ ਅਤੇ ਹੋਰ ਜਾਇਦਾਦ ਵੀ ਬਣਾ ਲਈ ਸੀ। ਇਹ ਸਾਰੀ ਜਾਇਦਾਦ ਨਸ਼ੇ ਦੇ ਵਪਾਰ ਦੀ ਕਮਾਈ 'ਚੋਂ ਬਣਾਈ ਗਈ ਹੈ, ਜਿਸ ਬਾਰੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News