ਦਿੱਲੀ ਤੋਂ ਕਰੋੜਾਂ ਦੀ ਹੈਰੋਇਨ ਲੈ ਕੇ ਆਇਆ ਨਸ਼ਾ ਸਮੱਗਲਰ ਚੜ੍ਹਿਆ STF ਦੇ ਅੜਿੱਕੇ
Tuesday, Feb 21, 2023 - 10:10 PM (IST)
ਲੁਧਿਆਣਾ (ਅਨਿਲ) : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨਿਟ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਬੀਤੀ ਰਾਤ ਵੱਡੀ ਕਾਰਵਾਈ ਕਰਦਿਆਂ ਇਕ ਨਸ਼ਾ ਸਮੱਗਲਰ ਨੂੰ ਸਾਢੇ 7 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਅਜੇ ਕੁਮਾਰ ਨੇ ਦੱਸਿਆ ਕਿ ਐੈੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਦੀ ਟੀਮ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਇਕ ਨਸ਼ਾ ਸਮੱਗਲਰ ਰੇਲਵੇ ਕਾਲੋਨੀ ਕੋਲ ਹੈਰੋਇਨ ਦੀ ਵੱਡੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ, ਜਿਸ ’ਤੇ ਐੱਸ. ਟੀ. ਐੱਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਇਲਾਕੇ ’ਚ ਸਪੈਸ਼ਲ ਨਾਕਾਬੰਦੀ ਕਰਦੇ ਹੋਏ ਸ਼ੱਕ ਦੇ ਆਧਾਰ ’ਤੇ ਇਕ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ।
ਇਹ ਵੀ ਪੜ੍ਹੋ : ਵਿਆਹ ਸਮਾਗਮ ਤੋਂ ਪਰਤ ਰਹੇ ਪਤੀ-ਪਤਨੀ ਨਾਲ ਵਾਪਰਿਆ ਭਾਣਾ, ਖੜ੍ਹੇ ਟਰਾਲੇ 'ਚ ਵੱਜੀ ਕਾਰ
ਜਦੋਂ ਪੁਲਸ ਟੀਮ ਨੇ ਉਕਤ ਵਿਅਕਤੀ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਾਬੂ ਕੀਤੇ ਮੁਲਜ਼ਮ ਪਛਾਣ ਬਲਜਿੰਦਰ ਪਾਲ ਸਿੰਘ ਪੁੱਤਰ ਦਤਾਰ ਸਿੰਘ ਵਾਸੀ ਮੁਹੱਲਾ ਬਾਬਾ ਦੀਪ ਸਿੰਘ ਨਗਰ, ਅਰਬਨ ਅਸਟੇਟ, ਪਟਿਆਲਾ ਹਾਲ ਵਾਸੀ ਕਿਰਾਏਦਾਰ ਮੁਹੱਲਾ ਗੁਰੂ ਨਾਨਕ ਨਗਰ, ਜਗਤਾਰ ਨਗਰ, ਪਟਿਆਲਾ ਵਜੋਂ ਕੀਤੀ ਗਈ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਐੱਸ. ਟੀ. ਐੱਫ. ਮੋਹਾਲੀ ’ਚ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਸਾਢੇ 7 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ।
ਰਿਮਾਂਡ ਦੌਰਾਨ ਸਮੱਗਲਰ ਦੇ ਲੁਧਿਆਣਾ ’ਚ ਲਿੰਕ ਹੋਣਗੇ ਉਜਾਗਰ
ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰ ਬਲਜਿੰਦਰ ਪਾਲ ਨੇ ਦੱਸਿਆ ਕਿ ਉਹ ਪਿਛਲੇ 1 ਸਾਲ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ, ਜੋ ਹੈਰੋਇਨ ਦੀ ਖੇਪ ਦਿੱਲੀ ਤੋਂ ਇਕ ਨਾਈਜ਼ੀਰੀਅਨ ਤੋਂ ਥੋਕ ਦੇ ਭਾਅ ਖ਼ਰੀਦ ਕੇ ਲਿਆਇਆ ਹੈ, ਜਿਸ ਨੂੰ ਉਹ ਲੁਧਿਆਣਾ ’ਚ ਆਪਣੇ ਗਾਹਕਾਂ ਨੂੰ ਪਰਚੂਨ ’ਚ ਵੇਚਣ ਆਇਆ ਸੀ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ, 6 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਮੁਲਜ਼ਮ ਕੇਵਲ ਨਸ਼ਾ ਵੇਚਣ ਦਾ ਹੀ ਕੰਮ ਕਰਦਾ ਹੈ। ਅੱਜ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਸ ਦੇ ਲੁਧਿਆਣਾ ’ਚ ਕਿਹੜੇ ਲੋਕਾਂ ਨਾਲ ਲਿੰਕ ਹਨ, ਉਸ ਦਾ ਪਤਾ ਲਗਾਇਆ ਜਾ ਸਕੇ, ਜਿਸ ਦਾ ਖੁਲਾਸਾ ਪੁਲਸ ਆਉਣ ਵਾਲੇ ਦਿਨਾਂ ’ਚ ਕਰ ਸਕਦੀ ਹੈ।