ਬੀ. ਐੱਸ. ਐੱਫ. ਦੇ ਜਵਾਨਾਂ ਨੇ ਬਾਰਡਰ ਤੋਂ 1 ਕਿਲੋ ਹੈਰੋਇਨ ਤੇ ਪਿਸਟਲ ਫੜਿਆ
Wednesday, Oct 25, 2017 - 06:58 AM (IST)
ਬਟਾਲਾ/ਕਲਾਨੌਰ/ਗੁਰਦਾਸਪੁਰ (ਬੇਰੀ, ਮਨਮੋਹਨ, ਵਤਨ, ਵਿਨੋਦ, ਦੀਪਕ) - ਬੀ. ਐੱਸ. ਐੱਫ. ਦੀ 12 ਬਟਾਲੀਅਨ ਵੱਲੋਂ ਮੋਮਨਪੁਰ ਪੋਸਟ ਦੇ ਜਵਾਨਾਂ ਨੇ ਬਾਰਡਰ ਤੋਂ 1 ਕਿਲੋ ਹੈਰੋਇਨ ਅਤੇ ਇਕ ਪਿਸਟਲ ਬਰਾਮਦ ਕੀਤੀ ਹੈ। ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਬੀਤੀ ਰਾਤ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਪੈਂਦੇ ਪਾਕਿਸਤਾਨ ਵਾਲੇ ਪਾਸਿਓਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਹਿਲਜੁਲ ਹੁੰਦੀ ਵੇਖੀ, ਜਿਥੇ 2 ਵਿਅਕਤੀ ਸ਼ੱਕੀ ਹਾਲਤ ਵਿਚ ਘੁੰਮਦੇ ਵੇਖੇ ਗਏ ਅਤੇ ਜਵਾਨਾਂ ਵੱਲੋਂ ਪੂਰੀ ਚੌਕਸੀ ਵਰਤਦਿਆਂ ਅੱਜ ਸਵੇਰੇ ਕੰਡਿਆਲੀ ਤਾਰ ਤੋਂ ਪਾਰ ਭਾਰਤ ਦੇ ਇਲਾਕੇ 'ਚ ਪੈਂਦੀ ਜ਼ਮੀਨ ਵਿਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਜਵਾਨਾਂ ਨੇ ਇਕ ਮਿੱਟੀ ਦੇ ਢੇਰੀ ਵਾਲੀ ਜਗ੍ਹਾ ਦੀ ਪੁਟਾਈ ਕੀਤੀ ਤਾਂ ਉਸ ਵਿਚੋਂ ਇਕ ਕਿਲੋ ਹੈਰੋਇਨ, ਇਕ ਚਾਈਨਾ ਮੇਡ ਪਿਸਟਲ ਅਤੇ ਮੈਗਜ਼ੀਨ ਬਰਾਮਦ ਕੀਤੀ।
ਡੀ. ਆਈ. ਜੀ ਨੇ ਅੱਗੇ ਦੱਸਿਆ ਕਿ ਇਸ ਹੈਰੋਇਨ ਦੀ ਕੀਮਤ 5 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਦੇ ਜਵਾਨ ਕਮਾਂਡੈਂਟ ਦਿਨੇਸ਼ ਕੁਮਾਰ ਰਾਜੌਰਾ ਦੀ ਅਗਵਾਈ ਹੇਠ ਇਸ ਸੈਕਟਰ ਅਧੀਨ ਆਉਂਦੀ ਹਿੰਦ-ਪਾਕਿ ਸਰਹੱਦ 'ਤੇ ਸਖਤ ਪਹਿਰਾ ਦੇ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਰੋਕਣ ਲਈ ਤੱਤਪਰ ਹਨ। ਇਸ ਮੌਕੇ ਬੀ. ਐੱਸ. ਐੱਫ. ਦੀ 12 ਬਟਾਲੀਅਨ ਦੇ ਕਮਾਂਡੈਂਟ ਦਿਨੇਸ਼ ਕੁਮਾਰ ਰਾਜੌਰਾ, ਟੂ. ਆਈ. ਸੀ. ਮਨੋਜ ਕੁਮਾਰ, ਪਰਮਜੀਤ ਸਿੰਘ ਡੀ. ਸੀ. ਜੀ, ਪ੍ਰਸ਼ਾਂਤ ਪਾਠਕ ਕੰਪਨੀ ਕਮਾਂਡਰ ਆਦਿ ਹਾਜ਼ਰ ਸਨ।
