ਕਾਨੂੰਨ ਦੀਆਂ ਸਲਾਖਾਂ ਵੀ ਨਹੀਂ ਰੋਕ ਪਾ ਰਹੀਆਂ ਡਰੱਗ ਨੈੱਟਵਰਕ

Tuesday, Dec 31, 2019 - 05:30 PM (IST)

ਜਲੰਧਰ (ਕਮਲੇਸ਼)— ਕਾਨੂੰਨ ਦੀਆਂ ਸਲਾਖਾਂ ਵੀ ਡਰੱਗ ਨੈੱਟਵਰਕ ਨਹੀਂ ਰੋਕ ਪਾ ਰਹੀਆਂ ਹਨ। ਗੈਂਗਸਟਰ ਅਤੇ ਸਮੱਗਲਰ ਜੇਲ 'ਚ ਬੈਠ ਕੇ ਵੀ ਡਰੱਗ ਨੈੱਟਵਰਕ ਨੂੰ ਚਲਾ ਰਹੇ ਹਨ। ਬੀਤੇ ਦਿਨੀਂ ਦਿਹਾਤੀ ਪੁਲਸ ਅਜਿਹੇ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਕਰ ਚੁੱਕੀ ਹੈ, ਜਿਸ 'ਚ ਡੇਢ ਕਿਲੋ ਹੈਰੋਇਨ ਸਮੇਤ ਕਾਬੂ ਸਮੱਗਲਰ ਨੇ ਖੁਲਾਸਾ ਕੀਤਾ ਸੀ ਕਿ ਉਹ ਜੇਲ 'ਚ ਬੈਠੇ ਗੈਂਗਸਟਰ ਨੋਨੀ ਦੇ ਕਹਿਣ 'ਤੇ ਹੈਰੋਇਨ ਦੀ ਸਮੱਗਲਿੰਗ ਕਰ ਰਿਹਾ ਸੀ ਅਤੇ ਉਸ ਨੂੰ ਹਰ ਡਿਲਿਵਰੀ ਦੇ ਬਦਲੇ 2 ਲੱਖ ਰੁਪਏ ਮਿਲਦੇ ਸਨ। ਇਹ ਮਾਮਲਾ ਸਾਫ ਸਾਬਤ ਕਰਦਾ ਹੈ ਕਿ ਜੇਲ 'ਚ ਬੈਠੇ ਗੈਂਗਸਟਰ ਧੜੱਲੇ ਨਾਲ ਮੋਬਾਇਲਾਂ ਦੀ ਵਰਤੋਂ ਕਰ ਰਹੇ ਹਨ, ਬਿਨਾਂ ਕਿਸੇ ਅੰਦਰੂਨੀ ਸਹਾਇਤਾ ਦੇ ਇਹ ਸੰਭਵ ਨਹੀਂ ਹੈ ਕਿ ਜੇਲ 'ਚ ਕੈਦੀ ਮੋਬਾਇਲ ਦੀ ਵਰਤੋਂ ਕਰ ਸਕੇ। ਇਹ ਪਹਿਲਾ ਮਾਮਲਾ ਨਹੀਂ ਹੈ, ਜਿਸ 'ਚ ਜੇਲ 'ਚ ਮੋਬਾਇਲ ਰਾਹੀਂ ਬਾਹਰੀ ਦੁਨੀਆ 'ਚ ਵੱਡੇ ਕ੍ਰਾਈਮ ਦਾ ਖੁਲਾਸਾ ਹੋਇਆ ਹੋਵੇ। ਜੇਲ 'ਚ ਬੈਠੇ ਇਕ ਦੋਸ਼ੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਪਰ ਜੇਲ ਪ੍ਰਸ਼ਾਸਨ ਅਜਿਹੇ ਵੱਡੇ ਮਾਮਲਿਆਂ ਤੋਂ ਵੀ ਸਬਕ ਨਹੀਂ ਲੈਂਦਾ। ਅਜੇ ਕੁਝ ਸਮਾਂ ਵੀ ਨਹੀਂ ਬੀਤਿਆ ਜਦ ਗੈਂਗਸਟਰ ਭਗਵਾਨਪੁਰੀਆ ਦੇ ਜੇਲ 'ਚ ਮਨਾਏ ਗਏ ਜਨਮ ਦਿਨ ਨਾਲ ਪੰਜਾਬ ਦੀ ਪੂਰੀ ਸਿਆਸਤ ਗਰਮਾ ਗਈ ਸੀ।

ਜੇਲ 'ਚ ਚੱਲ ਰਹੇ ਹੈਰੋਇਨ ਨੈੱਟਵਰਕ 'ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ
ਜੇਲ 'ਚ ਨੈੱਟਵਰਕ ਜੈਮਰ ਲੱਗਣ ਦੀ ਗੱਲ ਸਿਰਫ ਕਾਗਜ਼ਾਂ 'ਚ ਹੀ ਰਹਿ ਗਈ ਹੈ। ਸਲਾਖਾਂ ਦੇ ਪਿੱਛੇ ਗਏ ਦੋਸ਼ੀ ਅਤੇ ਮੁਜਰਮ ਜੇਕਰ ਜੇਲ 'ਚ ਬੈਠ ਕੇ ਵੀ ਬਾਹਰੀ ਦੁਨੀਆ ਨਾਲ ਸੰਪਰਕ 'ਚ ਰਹਿਣਗੇ ਤਾਂ ਉਨ੍ਹਾਂ ਨੂੰ ਦਿੱਤੀ ਗਈ ਸਜ਼ਾ ਦਾ ਕੋਈ ਮੁੱਲ ਨਹੀਂ ਰਹੇਗਾ। ਸੱਤਾ ਵਿਚ ਆਉਣ ਲਈ ਕਾਂਗਰਸ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਪਰ ਜੇਕਰ ਜੇਲਾਂ ਤੋਂ ਹੀ ਡਰੱਗ ਨੈੱਟਵਰਕ ਆਪ੍ਰੇਟ ਹੋਵੇਗਾ ਤਾਂ ਸਮੱਗਲਰਾਂ ਨੂੰ ਫੜਨ ਦਾ ਕੋਈ ਲਾਭ ਨਹੀਂ ਹੋਵੇਗਾ। ਇਸ ਲਈ ਸਰਕਾਰ ਨੂੰ ਬਾਹਰੀ ਸਮੱਗਲਰਾਂ 'ਤੇ ਨਕੇਲ ਕੱਸਣ ਤੋਂ ਪਹਿਲਾਂ ਜੇਲਾਂ 'ਚ ਬੈਠੇ ਸਮੱਗਲਰਾਂ ਦਾ ਡਾਟਾ ਇਕੱਠਾ ਕਰਨ ਦੀ ਲੋੜ ਹੈ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਦੋਸ਼ੀ ਜੇਲ ਵਿਚ ਬੈਠ ਕੇ ਕਿਤੇ ਡਰੱਗ ਨੈੱਟਵਰਕ ਨੂੰ ਆਪ੍ਰੇਟ ਤਾਂ ਨਹੀਂ ਕਰ ਰਹੇ ਹਨ।


shivani attri

Content Editor

Related News