ਫ਼ਿਰੋਜ਼ਪੁਰ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ, ਇਕ ਹੋਰ ਨੌਜਵਾਨ ਦੀ ‘ਚਿੱਟੇ’ ਨਾਲ ਮੌਤ

05/21/2022 6:14:31 PM

ਫ਼ਿਰੋਜ਼ਪੁਰ (ਸਨੀ ਚੋਪੜਾ) : ਫ਼ਿਰੋਜ਼ਪੁਰ ’ਚ ਨਸ਼ੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਥੋਂ ਦੀ ਬਸਤੀ ਸ਼ੇਖਾਂ ਵਾਲੀ ’ਚ ਲਗਾਤਾਰ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ। ਇਸੇ ਤਰ੍ਹਾਂ ਅੱਜ ਇਕ ਹੋਰ 23 ਸਾਲਾ ਨੌਜਵਾਨ ਸੂਰਜ ਨਸ਼ੇ ਦੀ ਭੇਟ ਚੜ੍ਹ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਸੂਰਜ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਪੂਰਤੀ ਲਈ ਘਰ ਤੋਂ ਬਾਹਰ ਹੀ ਰਹਿੰਦਾ ਸੀ। ਉਸ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਵੀ ਕਰਵਾਇਆ ਗਿਆ ਸੀ ਪਰ ਉਸ ਨੇ ਨਸ਼ਾ ਨਹੀਂ ਛੱਡਿਆ। ਉਹ ਬਸਤੀ ’ਚ ਆ ਕੇ ਫਿਰ ਨਸ਼ੇ ਕਰਨ ਲੱਗ ਜਾਂਦਾ ਸੀ ਕਿਉਂਕਿ ਉਨ੍ਹਾਂ ਦੀ ਬਸਤੀ ’ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ।

ਇਹ ਵੀ ਪੜ੍ਹੋ : SGPC ਦੀਆਂ ਆਮ ਚੋਣਾਂ ਫਿਲਹਾਲ ਠੰਡੇ ਬਸਤੇ ’ਚ, ਗੁਰਦੁਆਰਾ ਕਮਿਸ਼ਨ ਦੇ ਦਫ਼ਤਰ ’ਚ ਛਾਈ ਹੈ ਚੁੱਪ

ਛੋਟੀ ਉਮਰ ਦੇ ਨੌਜਵਾਨ ਨਸ਼ੇ ਦੀ ਦਲਦਲ ’ਚ ਧਸਦੇ ਜਾ ਰਹੇ ਹਨ। ਇਸ ਸਬੰਧੀ ਉਹ ਕਈ ਵਾਰ ਪੁਲਸ ਨੂੰ ਸੂਚਿਤ ਕਰ ਚੁੱਕੇ ਹਨ ਪਰ ਪੁਲਸ ਆਉਂਦੀ ਹੈ ਤੇ ਗੇੜਾ ਮਾਰ ਕੇ ਚਲੀ ਜਾਂਦੀ ਹੈ। ਪੁਲਸ ਵੱਲੋਂ ਨਸ਼ਿਆਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਸ ਬਸਤੀ ’ਚ ਜ਼ਿਆਦਾਤਰ ਬਾਹਰੋਂ ਲੋਕ ਇਥੇ ਆ ਕੇ ਨਸ਼ਾ ਵੇਚ ਰਹੇ ਹਨ। ਪਿਛਲੇ ਕੁਝ ਦਿਨਾਂ ’ਚ ਹੀ ਨਸ਼ੇ ਕਾਰਨ ਪੰਜ ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਦਰਿਆਈ ਪਾਣੀਆਂ ’ਚ ਇੰਡਸਟਰੀ ਦੀ ਰਹਿੰਦ-ਖੂੰਹਦ ਸੁੱਟਣ ’ਤੇ ‘ਆਪ’ ਸਰਕਾਰ ਲਾਵੇ ਰੋਕ : ਸੁਖਬੀਰ ਬਾਦਲ

ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ੇ ’ਤੇ ਰੋਕ ਲਗਾਈ ਜਾਵੇ ਤੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਹੋਣ ਤੋਂ ਬਚਾਇਆ ਜਾਵੇ। ਉਨ੍ਹਾਂ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਕਾਬੂ ਕਰ ਜੇਲ੍ਹ ’ਚ ਸੁੱਟਣ ਦੀ ਮੰਗ ਕੀਤੀ ਕਿਉਂਕਿ ਇਸ ਨਾਲ ਹੀ ਨਸ਼ਾ ਖ਼ਤਮ ਹੋ ਸਕਦਾ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਨਸ਼ੇ ਕਾਰਨ ਪੰਜਾਬ ’ਚੋਂ ਨੌਜਵਾਨੀ ਖ਼ਤਮ ਹੋ ਜਾਵੇਗੀ।
 


Manoj

Content Editor

Related News