ਡਰੱਗ ਵਿਭਾਗ ਤੇ ਪੁਲਸ ਵਲੋਂ ਮੈਡੀਕਲ ਦੁਕਾਨਾਂ ''ਤੇ ਛਾਪੇਮਾਰੀ, ਇਕ ਦੁਕਾਨ ਸੀਲ
Monday, Jul 15, 2019 - 05:05 PM (IST)
ਅੰਮ੍ਰਿਤਸਰ (ਅਵਦੇਸ਼) : ਡਰੱਗ ਵਿਭਾਗ ਅਤੇ ਪੁਲਸ ਵਲੋਂ ਸਾਂਝੇ ਤੌਰ 'ਤੇ ਕੱਟਰਾਸ਼ੇਰ ਸਿੰਘ ਵਾਲਾ ਵਿਖੇ ਮੈਡੀਕਲ ਦੀਆਂ ਦੋ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ, ਇਸ ਦੌਰਾਨ ਇਕ ਦੁਕਾਨ 'ਚੋਂ ਤਾਂ ਪੁਲਸ ਨੂੰ ਕੋਈ ਵੀ ਸ਼ੱਕੀ ਵਸਤੂ ਜਾਂ ਨਸ਼ੀਲੇ ਚੀਜ਼ ਬਰਾਮਦ ਨਹੀਂ ਹੋਈ ਜਦਕਿ ਦੂਜੀ ਦੁਕਾਨ ਬੰਦ ਸੀ। ਦਰਅਸਲ ਥਾਣਾ ਖਲਚੀਆਂ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਸ਼ਨੀਵਾਰ ਨੂੰ ਮਨਦੀਪ ਸਿੰਘ ਪੁੱਤਰ ਦੀਦਾਰ ਸਿੰਘ ਪਿੰਡ ਨਿੱਝਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਕੋਲੋਂ ਪੁਲਸ ਨੂੰ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਪੁੱਛਗਿੱਛ ਦੌਰਾਨ ਉਕਤ ਨੇ ਦੱਸਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਕੱਟਰਾਸ਼ੇਰ ਸਿੰਘ ਵਾਲਾ ਸਥਿਤ ਦੀਪ ਮੈਡੀਕਲ ਏਜੰਸੀ ਦੇ ਗੁਰਪ੍ਰੀਤ ਤੋਂ ਲੈ ਕੇ ਆਉਂਦਾ ਹੈ, ਜਿਸ 'ਤੇ ਪੁਲਸ ਨੇ ਜਦੋਂ ਉਕਤ ਦੁਕਾਨ 'ਤੇ ਛਾਪੇਮਾਰੀ ਕੀਤੀ ਤਾਂ ਉਥੋਂ ਪੁਲਸ ਨੂੰ 19 ਹਜ਼ਾਰ ਨਸ਼ੀਲੀਆਂ ਗੋਲੀਆਂ ਟਰੈਮਾਡੋਲ ਬਰਾਮਦ ਹੋਈਆਂ।
ਇਨ੍ਹਾਂ ਦੋਵਾਂ ਨੇ ਦੱਸਿਆ ਕਿ ਉਹ ਨਸ਼ੀਲੀਆਂ ਗੋਲੀਆਂ ਕੱਟਰਾਸ਼ੇਰ ਸਿੰਘ ਵਾਲਾ ਸਥਿਤ ਮੈਡੀਕਲ ਫਰਮ ਐੱਮ. ਜੀ. ਫਾਰਮਾ ਤੇ ਮਹਾਵੀਰ ਮੈਡਕੋਜ਼ ਤੋਂ ਖਰੀਦਦਦੇ ਹਨ। ਇਸ ਦੌਰਾਨ ਡਰੱਗ ਵਿਭਾਗ ਅਤੇ ਪੰਜਾਬ ਪੁਲਸ ਦੀਆਂ ਟੀਮਾਂ ਨੇ ਜਿਸ ਵਿਚ ਡਰੱਗ ਲਾਇਸੈਂਸ ਅਥਾਰਿਟੀ ਕੁਲਵਿੰਦਰ ਸਿੰਘ, ਡਰੱਗ ਇੰਸਪੈਕਟਰ ਸੁਖਦੀਪ ਸਿੰਘ, ਡਰੱਗ ਇੰਸਪੈਕਟਰ ਰਮਨੀਕ ਸਿੰਘ, ਡਰੱਗ ਇੰਸਪੈਕਟਰ ਅਮਰਪਾਲ ਸਿੰਘ ਅਤੇ ਥਾਣਾ ਖਲਚੀਆਂ ਦੇ ਮੁਖੀ ਪਰਮਜੀਤ ਸਿੰਘ ਨੇ ਮਿਲ ਕੇ ਅੱਜ ਐੱਮ. ਜੀ. ਫਾਰਮਾ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਇਨ੍ਹਾਂ ਨੂੰ ਉਥੋਂ ਕੋਈ ਵੀ ਨਸ਼ੀਲੀ ਵਸਤੂ ਜਾਂ ਇਤਰਾਜ਼ ਯੋਗ ਚੀਜ਼ ਨਹੀਂ ਮਿਲੀ। ਜਦਕਿ ਦੂਜੀ ਦੁਕਾਨ ਮਹਾਵੀਰ ਮੈਡੀਕੋਜ਼ ਮੌਕੇ 'ਤੇ ਬੰਦ ਪਾਈ ਗਈ, ਜਿਸ ਨੂੰ ਡਰੱਗ ਵਿਭਾਗ ਅਤੇ ਪੁਲਸ ਵਲੋਂ ਸੀਲ ਕਰ ਦਿੱਤਾ ਗਿਆ। ਉਕਤ ਟੀਮ ਨੇ ਕਿਹਾ ਕਿ ਦੁਕਾਨਦਾਰ ਦੀ ਹਾਜ਼ਰੀ ਵਿਚ ਦੁਕਾਨ ਦੀ ਚੈਕਿੰਗ ਕੀਤੀ ਜਾਵੇਗੀ।