ਨਸ਼ਿਆਂ ਦੇ ਸੌਦਾਗਰਾਂ ਤੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਪ੍ਰਦੀਪ ਸਿੰਘ
Thursday, Nov 16, 2017 - 12:54 PM (IST)

ਟਾਂਡਾ ਉੜਮੁੜ (ਗੁਪਤਾ)— ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਥਾਣਾ ਟਾਂਡਾ ਦੇ ਨਵ-ਨਿਯੁਕਤ ਐੱਸ. ਐੱਚ. ਓ. ਪ੍ਰਦੀਪ ਸਿੰਘ ਨੇ ਸ਼ਰਾਰਤੀ ਅਨਸਰਾਂ ਅਤੇ ਗੈਰ-ਕਾਨੂੰਨੀ ਧੰਦੇ ਕਰਨ ਵਾਲਿਆਂ ਖਿਲਾਫ ਜ਼ੋਰਦਾਰ ਮੁਹਿੰਮ ਵਿੱਢ ਕੇ ਉਨ੍ਹਾਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਬੁੱਧਵਾਰ ਉਨ੍ਹਾਂ ਸਥਾਨਕ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਜਾਇਜ਼ ਧੰਦੇ ਕਰਨ ਵਾਲਿਆਂ, ਲੁੱਟਾਂ-ਖੋਹਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਉਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ। ਸ਼ਹਿਰ ਅਤੇ ਇਲਾਕੇ ਦੇ ਵੱਖ-ਵੱਖ ਹਿੱਸਿਆਂ 'ਚ ਪੁਲਸ ਗਸ਼ਤ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਆਪਣੇ ਮਨਸੂਬਿਆਂ 'ਚ ਕਾਮਯਾਬ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਮੁਖੀ ਦੇ ਹੁਕਮਾਂ ਅਨੁਸਾਰ ਆਮ ਜਨਤਾ ਨੂੰ ਸਵੱਛ ਪੁਲਸ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਪੁਲਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਨਸ਼ਿਆਂ ਦੇ ਸੌਦਾਗਰਾਂ ਤੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿਚਲੀ ਟ੍ਰੈਫਿਕ ਸਮੱਸਿਆ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਦਿਵਾਉਣ ਲਈ ਸ਼ਹਿਰ ਦੇ ਚੌਰਸਤਿਆਂ 'ਚ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਮੋਟਰਸਾਈਕਲਾਂ ਨਾਲ ਪਟਾਕੇ ਚਲਾਉਣ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਉਹ ਅਜਿਹਾ ਕਰਨ ਤੋਂ ਗੁਰੇਜ਼ ਕਰਨ, ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।