ਨਸ਼ੇ ਦੇ ਦੋਸ਼ ’ਚ ਫੜ੍ਹੇ ਗਏ ਸਰਪੰਚ ਰਾਣੋ ਦੇ ਮਾਮਲੇ ’ਚ ਪੁਲਸ ਅਧਿਕਾਰੀਆਂ ’ਤੇ ਡਿੱਗੀ ਗਾਜ
Friday, Mar 26, 2021 - 03:29 PM (IST)
ਚੰਡੀਗੜ੍ਹ (ਰਮਨਜੀਤ) : ਨਸ਼ਿਆਂ ਖ਼ਿਲਾਫ਼ ਗਠਿਤ ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਵਲੋਂ ਨਵੰਬਰ, 2020 ਦੌਰਾਨ ਫੜ੍ਹੇ ਗਏ ਹਾਈਪ੍ਰੋਫਾਈਲ ਡਰੱਗ ਰੈਕੇਟ ਦੇ ਮੁਲਜ਼ਮ ਦੇ ਨਾਲ ਸਬੰਧਾਂ ਅਤੇ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਹਿਯੋਗ ਦੇਣ ਦੇ ਦੋਸ਼ ਵਿਚ ਇਕ ਆਈ.ਪੀ. ਐੈੱਸ. ਅਧਿਕਾਰੀ ਅਤੇ ਚਾਰ ਪੀ. ਪੀ. ਐੱਸ. ਅਧਿਕਾਰੀਆਂ ਨੂੰ ਸਸਪੈਂਡ ਕਰਨ ਦਾ ਹੁਕਮ ਰਾਜ ਦੇ ਗ੍ਰਹਿ ਮਹਿਕਮੇ ਵਲੋਂ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਜਾਂਚ ਲਈ ਚਾਰਜਸ਼ੀਟ ਤਿਆਰ ਕਰਨ ਲਈ ਵੀ ਕਿਹਾ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੇ ਡੀ. ਜੀ. ਪੀ. ਦਫ਼ਤਰ ਵਲੋਂ ਆਪਣੇ ਪੱਧਰ ’ਤੇ ਕੀਤੀ ਗਈ ਜਾਂਚ ਰਿਪੋਰਟ ਦੇ ਆਧਾਰ ’ਤੇ ਰਾਜ ਦੇ ਗ੍ਰਹਿ ਮਹਿਕਮੇ ਨੇ ਆਈ. ਪੀ. ਐੱਸ. ਪਰਮਰਾਜ ਸਿੰਘ ਉਮਰਾਨੰਗਲ (ਪਹਿਲਾਂ ਤੋਂ ਹੀ ਬੇਅਦਬੀ ਦੇ ਮਾਮਲੇ ਵਿਚ ਸਸਪੈਂਡ ਚੱਲ ਰਹੇ), ਸੇਵਾ ਸਿੰਘ ਮੱਲ੍ਹੀ ਐੱਸ. ਪੀ. ਡਿਟੈਕਟਿਵ ਫਰੀਦਕੋਟ, ਡੀ. ਐੱਸ. ਪੀ. ਡਿਟੈਕਟਿਵ ਫ਼ਤਹਿਗੜ੍ਹ ਸਾਹਿਬ ਦੇ ਤੌਰ ’ਤੇ ਤਾਇਨਾਤ ਕਰਨਸ਼ੇਰ ਸਿੰਘ, ਡੀ. ਐੱਸ. ਪੀ. ਪਰਮਿੰਦਰ ਸਿੰਘ ਬਾਠ ਅਤੇ ਸਹਾਇਕ ਕਮਾਂਡੈਂਟ ਵਰਿੰਦਰਜੀਤ ਸਿੰਘ ਥਿੰਦ ਨੂੰ ਸਸਪੈਂਡ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਓਲੰਪਿਕ ਖੇਡਾਂ ਲਈ ਚੁਣੀ ਗਈ ਸਿੱਖ ਖਿਡਾਰਨ ਕਮਲਪ੍ਰੀਤ ਕੌਰ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ
ਇਸ ਦੇ ਨਾਲ ਹੀ ਗ੍ਰਹਿ ਮਹਿਕਮੇ ਵਲੋਂ ਡੀ. ਜੀ. ਪੀ. ਪੰਜਾਬ ਨੂੰ ਭੇਜੇ ਗਏ ਆਪਣੇ ਪੱਤਰ ਵਿਚ ਕਿਹਾ ਗਿਆ ਹੈ ਕਿ ਉਕਤ ਸਸਪੈਂਡ ਕੀਤੇ ਗਏ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਜਾਂਚ ਅਤੇ ਕਾਰਵਾਈ ਸ਼ੁਰੂ ਕਰਨ ਲਈ ਚਾਰਜਸ਼ੀਟ ਤਿਆਰ ਕੀਤੀ ਜਾਵੇ। ਗ੍ਰਹਿ ਵਿਭਾਗ ਵਲੋਂ ਇਹ ਕਾਰਵਾਈ ਐੱਸ.ਟੀ.ਐੱਫ਼. ਪੰਜਾਬ ਵਲੋਂ ਮੋਹਾਲੀ ਥਾਣੇ ਵਿਚ ਦਰਜ ਐੱਫ਼. ਆਈ. ਆਰ. 147 ਜੋ ਕਿ 6 ਨਵੰਬਰ, 2020 ਨੂੰ ਐੱਨ. ਡੀ. ਪੀ. ਐੱਸ. ਐਕਟ ਅਤੇ ਆਰਮਜ਼ ਐਕਟ ਦੇ ਅਧੀਨ ਦਰਜ ਕੀਤੀ ਗਈ ਸੀ, ਦੇ ਸਬੰਧ ਵਿਚ ਡੀ. ਜੀ. ਪੀ. ਵਲੋਂ 18 ਦਸੰਬਰ, 2020 ਨੂੰ ਭੇਜੇ ਗਏ ਪੱਤਰ ਦੇ ਆਧਾਰ ’ਤੇ ਕੀਤੀ ਗਈ ਹੈ। ਧਿਆਨ ਰਹੇ ਕਿ ਇਹ ਮਾਮਲਾ ਲੁਧਿਆਣਾ ਦੇ ਨਜ਼ਦੀਕੀ ਪਿੰਡ ਰਾਣੋ ਦੇ ਸਰਪੰਚ ਗੁਰਦੀਪ ਸਿੰਘ ਰਾਣੋ ਤੋਂ ਭਾਰੀ ਮਾਤਰਾ ਵਿਚ ਨਸ਼ੇ ਦੀ ਬਰਾਮਦਗੀ ਅਤੇ ਉਸਦੀ ਗ੍ਰਿਫ਼ਤਾਰੀ ਦੇ ਨਾਲ ਸਬੰਧਤ ਹੈ। ਰਾਣੋ ’ਤੇ ਦੋਸ਼ ਹੈ ਕਿ ਉਹ ਆਪਣੇ ਰਾਜਨੀਤਕ ਅਤੇ ਪੁਲਸੀਆ ਸੰਪਰਕਾਂ ਰਾਹੀਂ ਆਸਟ੍ਰੇਲੀਆ ਵਿਚ ਰਹਿੰਦੇ ਕੁੱਝ ਲੋਕਾਂ ਦੀ ਮਦਦ ਨਾਲ ਨਸ਼ੇ ਦਾ ਬਹੁਤ ਧੰਦਾ ਚਲਾਉਂਦਾ ਸੀ।
ਇਹ ਵੀ ਪੜ੍ਹੋ : ਖਿਲਚੀਆਂ ਨੇੜੇ ਭਿਆਨਕ ਟੱਕਰ ’ਚ ਮੱਝਾਂ ਨਾਲ ਭਰਿਆ ਟਰੱਕ ਪਲਟਿਆ, ਤੜਫ਼-ਤੜਫ਼ ਮਰੀਆਂ 20 ਮੱਝਾਂ
ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਡਰੱਗ ਕੇਸ 'ਚ ਫੜ੍ਹੇ ਗਏ ਖੰਨਾ ਦੇ ਗੁਰਦੀਪ ਰਾਣੋ ਕੇਸ 'ਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਗਈ।ਪੰਜਾਬ ਸਰਕਾਰ ਵੱਲੋਂ ਇਸ ਮਾਮਲੇ 'ਚ ਆਈ. ਪੀ. ਐਸ. ਪਰਮਰਾਜ ਸਿੰਘ ਉਮਰਾਨੰਗਲ (ਉਸ ਵੇਲੇ ਦੇ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਤੇ ਹੁਣ ਮੁਅੱਤਲ) ਸਮੇਤ 4 ਹੋਰ ਪੁਲਸ ਅਫ਼ਸਰਾਂ ਨੂੰ ਮੁਅੱਤਲ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ