ਡਰੱਗ ਕਾਰਟੇਲ ਦਾ ਪਰਦਾਫਾਸ਼, ਮਹਿਲਾ ਸਰਗਣਾ ਸਣੇ 4 ਮੁਲਜ਼ਮ 5 ਕਿਲੋ ਹੈਰੋਇਨ ਨਾਲ ਕਾਬੂ
Monday, Mar 24, 2025 - 04:11 AM (IST)

ਅੰਮ੍ਰਿਤਸਰ (ਜਸ਼ਨ) - ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਅੰਮ੍ਰਿਤਸਰ ਦੇ ਪਿੰਡ ਇੱਬਨ ਕਲਾਂ ਦੀ ਰਹਿਣ ਵਾਲੀ ਮਨਦੀਪ ਕੌਰ (27) ਅਤੇ ਉਸ ਦੇ ਤਿੰਨ ਕਾਰਕੁੰਨਾਂ ਨੂੰ 5.2 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟੇਲ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇਥੇ ਦਿੱਤੀ। ਮਨਦੀਪ ਕੌਰ ਦੇ ਹੋਰ ਸਾਥੀਆਂ ਦੀ ਪਛਾਣ ਆਲਮ ਅਰੋੜਾ (23) ਅਤੇ ਮਨਮੀਤ ਉਰਫ ਗੋਲੂ (21), ਦੋਵੇਂ ਵਾਸੀ ਜਨਤਾ ਕਾਲੋਨੀ, ਛੇਹਰਟਾ, ਅੰਮਿ੍ਤਸਰ ਅਤੇ ਤਰਨਤਾਰਨ ਦਾ 18 ਸਾਲਾ ਲੜਕਾ (ਨਾਂ ਗੁਪਤ ਰੱਖਿਆ ਗਿਆ ਹੈ) ਵਜੋਂ ਹੋਈ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਨਦੀਪ ਕੌਰ ਦੇ ਇਕ ਵਿਅਕਤੀ ਨਾਲ ਸਬੰਧ ਸਨ, ਜਿਸ ਨੇ ਉਸ ਨੂੰ ਪਾਕਿਸਤਾਨ ਸਥਿਤ ਸਮੱਗਲਰਾਂ ਨਾਲ ਮਿਲਾਇਆ ਸੀ। ਮਨਦੀਪ ਕੌਰ ਦਾ ਜੱਦੀ ਘਰ ਤਰਨਤਾਰਨ ਦੇ ਸਰਹੱਦੀ ਪਿੰਡ ਖਾਲੜਾ ’ਚ ਹੈ, ਜੋ ਕਿ ਸਰਹੱਦ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ’ਤੇ ਹੈ। ਜਾਂਚ ਵਿਚ ਇਹ ਵੀ ਸਬੂਤ ਸਾਹਮਣੇ ਆਏ ਹਨ ਕਿ ਮੁਲਜ਼ਮ ਮਨਦੀਪ ਕੌਰ ਅਕਸਰ ਪੁਲਸ ਦੀ ਵਰਦੀ ਪਹਿਨ ਕੇ ਨਸ਼ਾ ਸਮੱਗਲਿੰਗ ਦੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦਿੰਦੀ ਸੀ।
ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਪੁਲਸ ਕਮਿਸ਼ਨਰ (ਸੀ. ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਖ਼ਤਾ ਇਤਲਾਹ ਮਿਲਣ ਤੋਂ ਬਾਅਦ ਪੁਲਸ ਪਾਰਟੀ ਨੇ ਅੰਮ੍ਰਿਤਸਰ ਦੇ ਛੇਹਰਟਾ ਖੇਤਰ ਤੋਂ ਮਨਦੀਪ ਕੌਰ ਅਤੇ ਉਸ ਦੇ ਦੋ ਕਾਰਕੁੰਨਾਂ ਆਲਮ ਅਤੇ ਮਨਮੀਤ ਨੂੰ ਗ੍ਰਿਫਤਾਰ ਕੀਤਾ। ਮਨਦੀਪ ਕੌਰ ਵਲੋਂ ਇਕ ਹੋਰ ਵਿਅਕਤੀ ਦੀ ਸ਼ਮੂਲੀਅਤ ਬਾਰੇ ਕੀਤੇ ਖੁਲਾਸੇ ’ਤੇ ਪੁਲਸ ਵਲੋਂ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।