ਕੋਹਰੇ ਤੇ ਧੁੰਦ ਕਾਰਨ ਵਧਿਆ ਡਰੋਨਜ਼ ਦਾ ਖਤਰਾ, ਸੁਰੱਖਿਆ ਤੰਤਰ ਚੌਕਸ

01/15/2020 8:53:18 AM

ਚੰਡੀਗੜ੍ਹ,(ਰਮਨਜੀਤ)- ਵਿਗੜੇ ਮੌਸਮ ਅਤੇ ਧੁੰਦ ਅਤੇ ਕੋਹਰੇ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਭਾਰਤ-ਪਾਕਿ ਸਰਹੱਦ 'ਤੇ ਹਥਿਆਰ ਅਤੇ ਨਸ਼ਾ ਸਮੱਗਲਰਾਂ ਵੱਲੋਂ ਡਰੋਨਜ਼ ਦਾ ਇਸਤੇਮਾਲ ਕਰਨ ਦਾ ਖ਼ਤਰਾ ਵੀ ਵਧ ਗਿਆ ਹੈ। ਸੋਮਵਾਰ ਨੂੰ ਹਾਲਾਂਕਿ ਤਰਨਤਾਰਨ ਦੇ ਇਲਾਕੇ 'ਚ ਡਰੋਨ ਵੇਖੇ ਜਾਣ ਦੀ ਚਰਚਾ ਰਹੀ ਪਰ ਪੁਲਸ ਅਧਿਕਾਰੀਆਂ ਵੱਲੋਂ ਉਸ ਦੀ ਪੁਸ਼ਟੀ ਨਹੀਂ ਕੀਤੀ ਗਈ।

ਪਿਛਲੇ ਸਾਲ ਅਗਸਤ ਮਹੀਨੇ ਦੌਰਾਨ ਫੜੇ ਗਏ ਹਥਿਆਰ ਅਤੇ ਨਸ਼ਾ ਸਮੱਗਲਰਾਂ ਵੱਲੋਂ ਸਰਹੱਦ ਪਾਰੋਂ ਸਪਲਾਈ ਲਈ ਡਰੋਨਜ਼ ਦਾ ਇਸਤੇਮਾਲ ਕਰਨ ਦੇ ਮਾਮਲੇ ਤੋਂ ਬਾਅਦ ਤੋਂ ਹਾਲਾਂਕਿ ਪੰਜਾਬ ਪੁਲਸ ਲਗਾਤਾਰ ਚੌਕਸੀ ਰੱਖ ਰਹੀ ਹੈ ਅਤੇ ਕੇਂਦਰੀ ਏਜੰਸੀਆਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਤੋਂ ਬੀ. ਐੱਸ. ਐੱਫ. ਵੀ ਡਰੋਨਜ਼ ਨੂੰ ਲੈ ਕੇ ਜ਼ਿਆਦਾ ਅਲਰਟ ਹੋਈ ਹੈ ਪਰ ਪਿਛਲੇ ਇਕ-ਦੋ ਦਿਨਾਂ ਤੋਂ ਸ਼ੁਰੂ ਹੋਈ ਧੁੰਦ ਅਤੇ ਕੋਹਰੇ ਕਾਰਣ ਸਰਹੱਦ 'ਤੇ ਦੂਰ ਤੱਕ ਨਜ਼ਰ ਬਣਾਈ ਰੱਖਣਾ ਮੁਸ਼ਕਿਲ ਹੋ ਰਿਹਾ ਹੈ। ਅਜਿਹੀ ਸਥਿਤੀ ਦਾ ਫਾਇਦਾ ਚੁੱਕ ਕੇ ਸਮੱਗਲਰ ਆਪਣੇ ਕੰਮ ਨੂੰ ਅੰਜਾਮ ਦੇ ਸਕਦੇ ਹਨ, ਜਿਸ ਕਾਰਣ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਸਾਰੇ ਸਰਹੱਦੀ ਜ਼ਿਲਿਆਂ 'ਚ ਬਾਰਡਰ ਦੇ ਨਾਲ-ਨਾਲ ਦਿਨ ਅਤੇ ਰਾਤ ਦੇ ਸਮੇਂ ਪੈਟਰੋਲਿੰਗ ਵਧਾਉਣ ਲਈ ਕਿਹਾ ਗਿਆ ਹੈ। ਨਾਲ ਹੀ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਪੁਲਸ ਥਾਣੇ ਪੱਧਰ 'ਤੇ ਮੁਖਬਰਾਂ ਦੇ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਮੁਲਜ਼ਮਾਂ ਵੱਲੋਂ ਡਰੋਨਜ਼ ਦਾ ਇਸਤੇਮਾਲ ਹੋਣ ਦੀ ਕੋਈ ਵੀ ਸੰਭਾਵਨਾ ਨੂੰ ਕੁਚਲਿਆ ਜਾ ਸਕੇ।

ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਧੁੰਦ ਅਤੇ ਕੋਹਰੇ ਦੀ ਆੜ 'ਚ ਅਪਰਾਧੀ ਡਰੋਨਜ਼ ਦੀ ਉਡਾਣ ਭਰਨ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਪੁਲਸ ਅਤੇ ਬੀ.ਐੱਸ.ਐੱਫ. ਵੱਲੋਂ ਅਜਿਹੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਪਹਿਲਾਂ ਤੋਂ ਹੀ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ। ਪੈਟਰੋਲਿੰਗ ਵਧਾਉਣ ਦੇ ਨਾਲ-ਨਾਲ ਐਰੀਅਲ ਸਰਵਿਲਾਂਸ ਨੂੰ ਵੀ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਵਧਾਇਆ ਗਿਆ ਹੈ। ਪੰਜਾਬ ਪੁਲਸ ਸਰਹੱਦ 'ਤੇ ਦੂਜੀ ਕੰਧ ਬਣ ਕੇ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਹੋਣ ਨਹੀਂ ਦਿੱਤਾ ਜਾਵੇਗਾ।
 


Related News