ਸਰਹੱਦੀ ਪਿੰਡਾਂ ’ਚ ਡਰੋਨ ਮੂਵਮੈਂਟ ਦੇ ਟੁੱਟੇ ਰਿਕਾਰਡ, 300 ਤੱਕ ਪਹੁੰਚਿਆ ਡਰੋਨ ਫੜਨ ਦਾ ਅੰਕੜਾ
Monday, Dec 23, 2024 - 04:21 PM (IST)
ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਸ਼ਹਿਰ ਪੁਲਸ, ਦਿਹਾਤੀ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਵਲੋਂ ਹਰ ਰੋਜ਼ ਵੱਖ-ਵੱਖ ਇਲਾਕਿਆਂ ’ਚੋਂ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਸਮੇਤ ਕਾਬੂ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਦੀ ਮੂਵਮੈਂਟ ਨੇ ਹੁਣ ਤੱਕ ਦੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਵਲੋਂ ਇਸ ਸਾਲ ਸਾਲ 2024 ਵਿਚ ਡਰੋਨ ਫੜਨ ਦਾ ਅੰਕੜਾ 300 ਤੱਕ ਪਹੁੰਚ ਗਿਆ ਹੈ, ਜਦਕਿ ਸਾਲ 2023 ਦੌਰਾਨ ਬੀ. ਐੱਸ. ਐੱਫ. ਵਲੋਂ 107 ਡਰੋਨ ਫੜੇ ਗਏ ਸਨ। ਹਾਲਾਂਕਿ ਸਾਲ 2024 ਖ਼ਤਮ ਹੋਣ ’ਚ ਅਜੇ 8 ਦਿਨ ਬਾਕੀ ਹਨ ਅਤੇ ਧੁੰਦ ਛਾਈ ਹੋਈ ਹੈ, ਜਿਸ ਕਾਰਨ ਸਰਹੱਦ ’ਤੇ ਡਰੋਨਾਂ ਦੀ ਮੂਵਮੈਂਟ ਹੋਰ ਵਧਣ ਦੀ ਸੰਭਾਵਨਾ ਹੈ।
ਬੀ. ਐੱਸ. ਐੱਫ. ਵਲੋਂ ਡਰੋਨ ਦੇ ਅੰਕੜੇ ਇਹ ਸਾਬਤ ਕਰ ਰਹੇ ਹਨ ਕਿ ਸਰਹੱਦੀ ਕੰਡਿਆਲੀ ਤਾਰ ਦੇ ਇਸ ਪਾਸੇ ਭਾਰਤੀ ਖੇਤਰ ਵਿਚ ਸਮੱਗਲਰ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਹਨ ਅਤੇ ਡਰੋਨਾਂ ਦੀ ਲਗਾਤਾਰ ਮੂਵਮੈਂਟ ਕਰਵਾਈ ਜਾ ਰਹੀ ਹੈ। ਪਿਛਲੇ ਦਿਨੀਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਵੀ ਮੁਹਾਵਾ ਇਲਾਕੇ ਵਿਚ ਇਕ ਡਰੋਨ ਅਤੇ ਇਕ ਪੈਕਟ ਹੈਰੋਇਨ ਫੜੀ ਗਈ ਸੀ। ਇਹ ਸਥਿਤੀ ਦਰਸਾਉਂਦੀ ਹੈ ਕਿ ਸਰਹੱਦੀ ਪਿੰਡਾਂ ਵਿਚ ਸੁਰੱਖਿਆ ਏਜੰਸੀਆਂ ਨੂੰ ਆਪਣਾ ਨੈੱਟਵਰਕ ਮਜ਼ਬੂਤ ਕਰਨ ਦੀ ਸਖ਼ਤ ਲੋੜ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਸਟੇਸ਼ਨਾਂ 'ਤੇ ਹੋ ਰਹੇ ਹਮਲਿਆਂ ਦੇ ਬਾਵਜੂਦ ਪੁਲਸ ਲਾਪ੍ਰਵਾਹ! ਚੁਕਾਉਣੀ ਪੈ ਸਕਦੀ ਭਾਰੀ ਕੀਮਤ
20 ਤੋਂ 30 ਸਾਲ ਦੇ ਨੌਜਵਾਨਾਂ ਨੂੰ ਸਮੱਗਲਿੰਗ ਵਿਚ ਲਿਆ ਰਹੇ ਕਿੰਗਪਿਨ
ਸਰਹੱਦੀ ਪਿੰਡਾਂ ਵਿਚ ਬੇਰੋਜ਼ਗਾਰੀ ਆਪਣੇ ਸਿਖਰ ’ਤੇ ਹੈ, ਜਿਸ ਦਾ ਫਾਇਦਾ ਉਠਾ ਕੇ ਵਿਦੇਸ਼ਾਂ ਵਿਚ ਬੈਠੇ ਸਮੱਗਲਰ ਸਰਹੱਦੀ ਪਿੰਡਾਂ ਵਿਚ ਰਹਿੰਦੇ 20 ਤੋਂ 30 ਸਾਲ ਜਾਂ ਇਸ ਤੋਂ ਵੀ ਘੱਟ ਉਮਰ ਦੇ ਨੌਜਵਾਨਾਂ ਨੂੰ ਸਮੱਗਲਿੰਗ ਲਈ ਵਰਤ ਰਹੇ ਹਨ। ਹਾਲ ਹੀ ’ਚ 15 ਦਸੰਬਰ ਨੂੰ ਦਿਹਾਤੀ ਪੁਲਸ ਵੱਲੋਂ 7 ਨਸ਼ਾ ਸਮੱਗਲਰਾਂ ਨੂੰ ਕਰੀਬ ਪੰਜ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ ਅਤੇ ਇਨ੍ਹਾਂ ਸਮੱਗਲਰਾਂ ਦੀ ਉਮਰ ਵੀ 20 ਤੋਂ 30 ਦੇ ਵਿਚਕਾਰ ਸੀ ਅਤੇ ਇਹ ਆਪਣੇ ਵਿਦੇਸ਼ੀ ਆਕਾਵਾਂ ਲਈ ਸਮੱਗਲਿੰਗ ਕਰ ਰਹੇ ਸਨ।
ਬੀ. ਐੱਸ. ਐੱਫ. ਨੇ 126 ਨਸ਼ਾ ਸਮੱਗਲਰਾਂ ਦੀ ਸੂਚੀ ਪੁਲਸ ਨੂੰ ਸੌਂਪੀ
ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਨੇ ਹਾਲ ਹੀ ਵਿਚ ਪੁਲਸ ਨੂੰ 126 ਨਸ਼ਾ ਸਮੱਗਲਰਾਂ ਦੀ ਸੂਚੀ ਸੌਂਪੀ ਹੈ, ਜੋ ਸਰਹੱਦੀ ਖੇਤਰਾਂ ਵਿਚ ਸਮੱਗਲਿੰਗ ਕਰ ਰਹੇ ਹਨ ਅਤੇ ਡਰੋਨਾਂ ਰਾਹੀਂ ਹੈਰੋਇਨ, ਹਥਿਆਰ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਮੰਗਵਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਵਿਚ ਲਗਾਤਾਰ 2 ਛੁੱਟੀਆਂ!
ਫੈਂਸਿੰਗ ਦੇ ਆਸ-ਪਾਸ ਪਾਕਿਸਤਾਨੀ ਮੋਬਾਈਲ ਕੰਪਨੀਆਂ ਦਾ ਨੈਟਵਰਕ
ਪਾਕਿਸਤਾਨੀ ਮੋਬਾਈਲ ਕੰਪਨੀਆਂ ਦਾ ਨੈੱਟਵਰਕ ਵੀ ਸਰਹੱਦੀ ਕੰਡਿਆਲੀ ਤਾਰ ਦੇ ਆਲੇ-ਦੁਆਲੇ ਚੱਲਦਾ ਹੈ ਅਤੇ ਇਸ ਦਾ ਨੈੱਟਵਰਕ ਭਾਰਤੀ ਸਰਹੱਦੀ ਪਿੰਡਾਂ ਤੱਕ ਪਹੁੰਚਦਾ ਹੈ। ਸਮੱਗਲਰ ਪਾਕਿਸਤਾਨੀ ਸਿਮ ਅਤੇ ਮੋਬਾਈਲ ਦੀ ਵਰਤੋਂ ਕਰ ਕੇ ਪਾਕਿਸਤਾਨੀ ਸਮੱਗਲਰਾਂ ਨਾਲ ਵੀ ਗੱਲਬਾਤ ਕਰਦੇ ਹਨ।
ਹਾਲਾਂਕਿ ਇਸ ਮਾਮਲੇ ’ਤੇ ਸੁਰੱਖਿਆ ਏਜੰਸੀਆਂ ਦੇ ਵੱਖ-ਵੱਖ ਵਿਚਾਰ ਹਨ।
ਕੁਝ ਕਿਸਾਨਾਂ ਦੇ ਭੇਸ ਵਿਚ ਸਮੱਗਲਰਾਂ ਨੇ ਲੀਜ਼ ’ਤੇ ਲੈ ਰੱਖੀ ਹੈ ਫੈਂਸਿੰਗ ਦੇ ਨੇੜੇ ਜ਼ਮੀਨ
ਖੇਤੀ ਦੀ ਆੜ ਵਿਚ ਕੁਝ ਕਿਸਾਨਾਂ ਦੇ ਭੇਸ ਵਿਚ ਸਮੱਗਲਰ ਹੈਰੋਇਨ ਦੀ ਸਮੱਗਲਿੰਗ ਕਰ ਰਹੇ ਹਨ। ਹਾਲ ਹੀ ਵਿਚ ਪੁਲਸ ਨੇ ਇਕ ਕਿਸਾਨ ਸਮੱਗਲਰ ਨੂੰ ਹੈਰੋਇਨ ਦੀ ਖੇਪ ਸਮੇਤ ਕਾਬੂ ਕੀਤਾ ਹੈ, ਜਿਸ ਨੇ ਸਮੱਗਲਿੰਗ ਲਈ ਸਰਹੱਦ ਨੇੜੇ ਜ਼ਮੀਨ ਲੀਜ਼ ’ਤੇ ਲਈ ਸੀ। ਪੁਲਸ ਨੂੰ ਇਕ ਕਿਸਾਨ ਦੇ ਟਿਊਬਵੈੱਲ ਤੋਂ ਹੈਰੋਇਨ ਦੀ ਖੇਪ ਮਿਲੀ ਹੈ।ਇੰਨਾ ਹੀ ਨਹੀਂ, ਕਈ ਵਾਰ ਕਿਸਾਨ ਦੇ ਭੇਸ ਵਿਚ ਸਮੱਗਲਰ ਆਪਣੇ ਟਰੈਕਟਰਾਂ, ਟਰਾਲੀਆਂ ਅਤੇ ਹੋਰ ਸਾਮਾਨ ਵਿਚ ਹੈਰੋਇਨ ਦੀਆਂ ਖੇਪਾਂ ਕਰਾਸ ਕਰਵਾਉਂਦੇ ਰੰਗੇ ਹੱਥੀਂ ਫੜੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਐਨਕਾਊਂਟਰ 'ਚ ਮਾਰੇ ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਹੈਰੋਇਨ ਸਮੱਗਲਿੰਗ ਲਈ ਕੁਝ ਬਦਨਾਮ ਪਿੰਡ
ਭਾਰਤ-ਪਾਕਿਸਤਾਨ ਸਰਹੱਦ ’ਤੇ ਹੈਰੋਇਨ ਦੀ ਸਮੱਗਲਿੰਗ ਲਈ ਕੁਝ ਬਦਨਾਮ ਪਿੰਡ ਹਨ, ਜਿੱਥੇ ਡਰੋਨਾਂ ਦੀ ਮੂਵਮੈਂਟ ਸਭ ਤੋਂ ਵੱਧ ਹੈ ਅਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ, ਪਰ ਅਜੇ ਤੱਕ ਇਨ੍ਹਾਂ ਪਿੰਡਾਂ ’ਚ ਸਰਗਰਮੀਅਾਂ ਕਰਨ ਵਾਲੇ ਸਮੱਗਲਰਾਂ ਨੂੰ ਅਜੇ ਤੱਕ ਸੁਰੱਖਿਆ ਏਜੰਸੀਆਂ ਦੇ ਹੱਥ ਨਹੀਂ ਲੱਗ ਸਕੇ ਹਨ। ਇਨ੍ਹਾਂ ਪਿੰਡਾਂ ਵਿਚ ਹਵੇਲੀਆਂ, ਧਨੋਆ ਕਲਾਂ, ਧਨੋਆ ਖੁਰਦ, ਰਾਜਾਤਾਲ, ਦਾਉਕੇ, ਨੇਸ਼ਟਾ, ਮੁਹਾਵਾ, ਕੱਕੜ, ਰਤਨਖੁਰਦ, ਬੱਲੜਵਾਲ ਆਦਿ ਦੇ ਨਾਮ ਸ਼ਾਮਲ ਹਨ। ਜਦੋਂ ਕਿ ਹਰ ਰੋਜ਼ ਡਰੋਨਾਂ ਦੀ ਗਤੀਵਿਧੀ ਰਿਕਾਰਡ ਕੀਤੀ ਜਾ ਰਹੀ ਹੈ ਅਤੇ ਡਰੋਨ ਫੜੇ ਜਾ ਰਹੇ ਹਨ, ਪਰ ਅਜੇ ਤੱਕ ਸਮੱਗਲਰ ਫੜੇ ਨਹੀਂ ਗਏ ਹਨ।
ਏ. ਡੀ. ਐੱਸ. ਸਿਸਟਮ ਮਜ਼ਬੂਤ ਕਰਨ ਦੀ ਜ਼ਰੂਰਤ
ਭਾਵੇਂ ਕੇਂਦਰ ਸਰਕਾਰ ਵੱਲੋਂ ਸਰਹੱਦੀ ਕੰਡਿਆਲੀ ਤਾਰ ਦੇ ਆਲੇ-ਦੁਆਲੇ ਐਂਟੀ ਡਰੋਨ ਸਿਸਟਮ ਲਗਾਏ ਗਏ ਹਨ ਪਰ ਹੁਣ ਤੱਕ ਐਂਟੀ ਡਰੋਨ ਸਿਸਟਮ ਓਨੇ ਆਧੁਨਿਕ ਨਹੀਂ ਹਨ, ਜਿੰਨਾ ਕਿ ਹੋਣੇ ਚਾਹੀਦੇ ਹਨ। ਪੰਜਾਬ ਦੇ ਰਾਜਪਾਲ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਹੈ ਕਿ ਡਰੋਨਾਂ ਦੀ ਆਵਾਜਾਈ ਨੂੰ ਰੋਕਣ ਲਈ ਅਤਿ-ਆਧੁਨਿਕ ਤਕਨੀਕ ਵਾਲੇ ਐਂਟੀ ਡਰੋਨ ਸਿਸਟਮ ਲਗਾਏ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8