ਡਰਾਈਵਿੰਗ ਲਾਇਸੈਂਸ ਬਣਵਾਉਣ ''ਚ ਲੋਕਾਂ ਨੂੰ ਆ ਰਹੀਆਂ ਦਿੱਕਤਾਂ
Sunday, Oct 22, 2017 - 11:32 AM (IST)
ਮੋਹਾਲੀ (ਰਾਣਾ) - ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਲੋਕ ਆਪਣਾ ਕੰਮ ਕਰਵਾਉਣ ਲਾਇਸੈਂਸ ਅਥਾਰਟੀ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਜਵਾਬ ਮਿਲਦਾ ਹੈ ਕਿ ਤੁਹਾਡੇ ਲਰਨਿੰਗ ਲਾਇਸੈਂਸ ਦਾ ਨੰਬਰ ਹੀ ਨਹੀਂ ਮਿਲ ਰਿਹਾ ਹੈ । ਇਸ ਸਬੰਧੀ ਲੋਕਾਂ ਵਲੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ । ਲੋਕਾਂ ਨੂੰ ਆਰ. ਟੀ. ਏ. ਤੇ ਹੈਦਰਾਬਾਦ ਦੀ ਟੈਕਨੀਕਲ ਟੀਮ ਵਿਚ ਪਿਸਣਾ ਪੈ ਰਿਹਾ ਹੈ । ਮੋਹਾਲੀ ਦੇ ਰਣਧੀਰ ਸਿੰਘ ਨੇ ਕਿਹਾ ਕਿ ਲਾਇਸੈਂਸ ਸਬੰਧੀ ਦੋ ਵਾਰ ਆਰ. ਟੀ. ਏ. ਤੋਂ ਲੈ ਕੇ ਹੈਦਰਾਬਾਦ ਤਕ ਟੈਕਨੀਕਲ ਟੀਮ ਨੂੰ ਮੇਲ ਵੀ ਉਹ ਕਰ ਚੁੱਕੇ ਹਨ । ਆਰ. ਟੀ. ਏ. ਕਰਮਚਾਰੀਆਂ ਵਲੋਂ ਜਵਾਬ ਮਿਲਦਾ ਹੈ ਕਿ ਉਨ੍ਹਾਂ ਦੇ ਦਫਤਰ ਦੇ ਸਿਸਟਮ ਵਿਚ ਕੋਈ ਵੀ ਦਿੱਕਤ ਨਹੀਂ ਹੈ ਤੇ ਉਹ ਟੈਕਨੀਕਲ ਟੀਮ ਨਾਲ ਹੈਦਰਾਬਾਦ ਵਿਚ ਸੰਪਰਕ ਕਰਨ । ਹੈਦਰਾਬਾਦ ਵਿਚ ਜਦੋਂ ਟੈਕਨੀਕਲ ਟੀਮ ਨੂੰ ਮੇਲ ਭੇਜੀ ਗਈ ਤਾਂ ਉਥੋਂ ਵੀ ਇਹ ਹੀ ਜਵਾਬ ਆਇਆ ਕਿ ਉਨ੍ਹਾਂ ਦਾ ਸਿਸਟਮ ਠੀਕ ਹੈ ਤੇ ਉਹ ਆਰ. ਟੀ. ਏ. ਨਾਲ ਸੰਪਰਕ ਕਰਨ । ਇਸ ਸਬੰਧੀ ਪ੍ਰੇਸ਼ਾਨ ਇਕ ਹੋਰ ਵਿਅਕਤੀ ਅਵਤਾਰ ਨੇ ਹੁਣ ਡੀ. ਸੀ. ਨੂੰ ਸ਼ਿਕਾਇਤ ਦੇ ਦਿੱਤੀ ਤੇ ਸਮੱਸਿਆ ਦੇ ਹੱਲ ਲਈ ਅਪੀਲ ਵੀ ਕੀਤੀ ਹੈ । ਡਰਾਈਵਿੰਗ ਲਾਇਸੈਂਸ ਬਣਾਉਣ ਲਈ ਸਾਰਾ ਕੰਮ ਆਨਲਾਈਨ ਕਰਕੇ ਲੋਕਾਂ ਨੂੰ ਸਰਕਾਰ ਵਲੋਂ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਕਿ ਲੋਕ ਘਰ ਬੈਠੇ ਹੀ ਆਪਣਾ ਲਾਇਸੈਂਸ ਅਪਲਾਈ ਕਰ ਸਕਣ ਪਰ ਵੈੱਬਸਾਈਟ ਠੀਕ ਕੰਮ ਨਹੀਂ ਕਰ ਰਹੀ ਹੈ ।
ਸੈਕਟਰ-82 ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਵੀ ਬੈਠੇ ਕਰਮਚਾਰੀਆਂ ਨੂੰ ਆਨਲਾਈਨ ਪ੍ਰਕਿਰਿਆ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ । ਇਸ ਲਈ ਉਥੇ ਕਰਮਚਾਰੀ ਸਿਰਫ ਆਉਣ ਵਾਲੇ ਲੋਕਾਂ ਨੂੰ ਇਹ ਆਖ ਕੇ ਵਾਪਸ ਭੇਜ ਦਿੰਦੇ ਹਨ ਕਿ ਉਹ ਸਿਰਫ ਆਨਲਾਈਨ ਫਾਰਮ ਭਰਨ ਤੇ ਉਥੇ ਫੀਸ ਜਮ੍ਹਾ ਕਰਵਾਉਣ। ਆਰ. ਟੀ. ਏ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਅਜਿਹਾ ਨਹੀਂ ਹੈ, ਪਹਿਲਾਂ ਕੁਝ ਟੈਕਨੀਕਲ ਸਮੱਸਿਆ ਸੀ ਜਿਸ ਨੂੰ ਠੀਕ ਕਰ ਲਿਆ ਗਿਆ ਹੈ । ਫਿਲਹਾਲ ਜੋ ਸਮੱਸਿਆਵਾਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ।
