ਪੰਜਾਬ ਸਮੇਤ 8 ਸੂਬਿਆਂ ਦੇ ਡਰਾਈਵਰ ਹੜਤਾਲ ’ਤੇ, ‘ਹਿੱਟ ਐਂਡ ਰਨ’ ਕਾਨੂੰਨ ਦਾ ਵਿਰੋਧ ਤੇਜ਼

Tuesday, Jan 02, 2024 - 11:18 AM (IST)

ਨਵੀਂ ਦਿੱਲੀ (ਇੰਟ.)- ਦੇਸ਼ ਦੇ 8 ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ, ਛੱਤੀਸਗੜ੍ਹ, ਯੂ. ਪੀ., ਉੱਤਰਾਖੰਡ, ਪੰਜਾਬ, ਹਿਮਾਚਲ ਅਤੇ ਗੁਜਰਾਤ ਵਿੱਚ ਬੱਸ ਅਤੇ ਟਰੱਕ ਡਰਾਈਵਰ ਹੜਤਾਲ ‘ਤੇ ਹਨ। ਇਹ ਸਾਰੇ ਨਵੇਂ ‘ਹਿੱਟ ਐਂਡ ਰਨ’ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਇੰਡੀਅਨ ਪੀਨਲ ਕੋਡ 2023 ਵਿੱਚ ਸੋਧ ਤੋਂ ਬਾਅਦ ਹੁਣ ਹਿੱਟ ਐਂਡ ਰਨ ਕੇਸਾਂ ’ਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਭੋਪਾਲ, ਇੰਦੌਰ, ਗਵਾਲੀਅਰ, ਜਬਲਪੁਰ ਅਤੇ ਮੱਧ ਪ੍ਰਦੇਸ਼ ਦੇ ਹੋਰ ਸ਼ਹਿਰਾਂ ਵਿੱਚ ਬੱਸਾਂ ਨਹੀਂ ਚੱਲ ਰਹੀਆਂ। ਰਾਜਸਥਾਨ ਵਿੱਚ ਅੱਧਾ ਦਿਨ ਪ੍ਰਾਈਵੇਟ ਵਾਹਨ ਵੀ ਨਹੀਂ ਚੱਲਣ ਦਿੱਤੇ ਗਏ। ਛੱਤੀਸਗੜ੍ਹ ਦੇ ਬਿਲਾਸਪੁਰ ’ਚ ਟਰੱਕ ਡਰਾਈਵਰਾਂ ਨੇ ਆਪਣੇ ਟਰੱਕ ਸੜਕ ’ਤੇ ਖੜ੍ਹੇ ਕਰ ਦਿੱਤੇ ਅਤੇ ਨਕਾਰਾ ਟਾਇਰਾਂ ਨੂੰ ਅੱਗ ਲਾ ਦਿੱਤੀ। ਬਿਹਾਰ ਦੀ ਰਾਜਧਾਨੀ ਪਟਨਾ ਸਮੇਤ ਸੂਬੇ ਦੇ ਕਈ ਜ਼ਿਲਿਆਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਹਿਮਾਚਲ, ਉਤਰਾਖੰਡ, ਪੰਜਾਬ ਅਤੇ ਯੂ.ਪੀ. ਦੇ ਟਰੱਕ ਡਰਾਈਵਰਾਂ ਨੇ ਵੀ ਸੜਕਾਂ ਜਾਮ ਕਰ ਦਿੱਤੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੱਕਣ ਲੱਗਾ ਪੈਟਰੋਲ-ਡੀਜ਼ਲ! ਟੈਂਕੀਆਂ ਫੁੱਲ ਕਰਾ ਰਹੇ ਲੋਕ, ਵਿਗੜ ਸਕਦੇ ਨੇ ਹਾਲਾਤ (ਵੀਡੀਓ)

‘ਹਿੱਟ ਐਂਡ ਰਨ’ ਕਾਨੂੰਨ ’ਤੇ ਵਿਚਾਰ ਕਰੇ ਸਰਕਾਰ

‘ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ’ ਨੇ ਹਿੱਟ ਐਂਡ ਰਨ ਕਾਨੂੰਨ ਨੂੰ ਸਖ਼ਤ ਬਣਾਉਣ ਦਾ ਵਿਰੋਧ ਕੀਤਾ ਹੈ। ਜਥੇਬੰਦੀ ਨੇ ਚੱਕਾ ਜਾਮ ਦਾ ਸੱਦਾ ਦਿੱਤਾ ਹੈ। ਉਦੋਂ ਤੋਂ ਪੂਰੇ ਦੇਸ਼ ਭਰ ਵਿੱਚ ਹੜਤਾਲ ਸ਼ੁਰੂ ਹੋ ਗਈ ਹੈ। ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਅਗਲੀ ਮੀਟਿੰਗ 10 ਜਨਵਰੀ ਨੂੰ ਹੋਵੇਗੀ। ਇਸ ਵਿੱਚ ਫੈਸਲਾ ਲਿਆ ਜਾਵੇਗਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਅੱਗੇ ਆਪਣਾ ਪੱਖ ਕਿਵੇਂ ਪੇਸ਼ ਕੀਤਾ ਜਾਵੇ?

PunjabKesari

ਵਧ ਸਕਦੀਆਂ ਹਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ

ਇਸ ਹੜਤਾਲ ਦਾ ਸਿੱਧਾ ਅਸਰ ਆਮ ਆਦਮੀ ’ਤੇ ਵੇਖਣ ਨੂੰ ਮਿਲੇਗਾ। ਟਰੱਕਾਂ ਦੀ ਹੜਤਾਲ ਕਾਰਨ ਦੁੱਧ, ਸਬਜ਼ੀਆਂ ਅਤੇ ਫਲਾਂ ਦੀ ਆਮਦ ਨਹੀਂ ਹੋਵੇਗੀ । ਇਸ ਦਾ ਸਿੱਧਾ ਅਸਰ ਕੀਮਤਾਂ ’ਤੇ ਵੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵੀ ਬੰਦ ਹੋ ਜਾਵੇਗੀ, ਜਿਸ ਕਾਰਨ ਸਥਾਨਕ ਟਰਾਂਸਪੋਰਟ ਅਤੇ ਆਮ ਲੋਕਾਂ ਨੂੰ ਆਉਣ-ਜਾਣ ’ਚ ਦਿੱਕਤ ਆਵੇਗੀ। ਭਾਰਤ ਵਿੱਚ 28 ਲੱਖ ਤੋਂ ਵੱਧ ਟਰੱਕ ਹਰ ਸਾਲ 100 ਬਿਲੀਅਨ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਦੇ ਹਨ।

PunjabKesari

80 ਲੱਖ ਤੋਂ ਵੱਧ ਹਨ ਦੇਸ਼ ’ਚ ਟਰੱਕ ਡਰਾਈਵਰ

ਦੇਸ਼ ਵਿਚ 80 ਲੱਖ ਤੋਂ ਵੱਧ ਟਰੱਕ ਡਰਾਈਵਰ ਹਨ, ਜੋ ਹਰ ਰੋਜ਼ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜ਼ਰੂਰੀ ਸਮਾਨ ਦੀ ਢੋਆ-ਢੁਆਈ ਕਰਦੇ ਹਨ। ਹੜਤਾਲ ਕਾਰਨ ਇੰਨੀ ਵੱਡੀ ਗਿਣਤੀ ਵਿੱਚ ਟਰੱਕਾਂ ਦੇ ਰੁਕਣ ਨਾਲ ਜ਼ਰੂਰੀ ਵਸਤਾਂ ਦੀ ਕਮੀ ਹੋ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News