ਡਰਾਈਵਰ ਜਗਪਾਲ ਸਿੰਘ ''ਤੇ ਮਿਹਰਬਾਨ ਸੀ ਜ਼ਿਲਾ ਸਿਹਤ ਵਿਭਾਗ

12/07/2019 1:54:17 AM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ): ਬਰਨਾਲਾ ਸਿਹਤ ਵਿਭਾਗ ਵਿਜੀਲੈਂਸ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਡੀ. ਐੱਚ. ਓ. ਦੇ ਡਰਾਈਵਰ ਜਗਪਾਲ ਸਿੰਘ 'ਤੇ ਕੁਝ ਜ਼ਿਆਦਾ ਹੀ ਮਿਹਰਬਾਨ ਸੀ। ਸਿਹਤ ਵਿਭਾਗ ਨੇ ਜਗਪਾਲ ਸਿੰਘ ਨੂੰ ਰਹਿਣ ਲਈ ਡਾਕਟਰਾਂ ਦੀਆਂ ਰਹਿਣ ਵਾਲੀਆਂ ਜਿਹੜੀਆਂ ਕੋਠੀਆਂ ਸਨ, ਉਨ੍ਹਾਂ ਕੋਠੀਆਂ 'ਚੋਂ ਇਕ ਕੋਠੀ ਉਸ ਨੂੰ ਰਹਿਣ ਲਈ ਦਿੱਤੀ ਹੋਈ ਸੀ। ਨਿਯਮਾਂ ਮੁਤਾਬਕ ਡਰਾਈਵਰ ਨੂੰ ਕੋਠੀ ਅਲਾਟ ਨਹੀਂ ਹੋ ਸਕਦੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸ ਅਧਿਕਾਰੀ ਨੇ ਉਸ ਨੂੰ ਕੋਠੀ ਅਲਾਟ ਕੀਤੀ ਜਾਂ ਉਹ ਦੋ ਨੰਬਰ 'ਚ ਹੀ ਇਸ ਕੋਠੀ ਵਿਚ ਰਹਿ ਰਿਹਾ ਸੀ। ਜੇਕਰ ਜਗਪਾਲ ਸਿੰਘ ਦੋ ਨੰਬਰ 'ਚ ਇਸ ਕੋਠੀ ਵਿਚ ਰਹਿ ਰਿਹਾ ਸੀ ਤਾਂ ਉਸ 'ਤੇ ਕਿਸ ਅਧਿਕਾਰੀ ਦੀ ਮਿਹਰਬਾਨੀ ਸੀ। ਇਸ ਗੱਲ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ, ਕਿਉਂਕਿ ਇਸ ਕੋਠੀ ਦਾ ਸਰਕਾਰੀ ਨਿਯਮਾਂ ਮੁਤਾਬਕ ਹਜ਼ਾਰਾਂ ਰੁਪਏ ਪ੍ਰਤੀ ਮਹੀਨਾ ਕਿਰਾਇਆ ਬਣਦਾ ਹੈ। ਬਿਜਲੀ-ਪਾਣੀ ਦਾ ਖਰਚਾ ਇਸ ਤੋਂ ਵੱਖ ਹੈ। ਜੇਕਰ ਉਹ ਦੋ ਨੰਬਰ ਵਿਚ ਇਸ ਕੋਠੀ ਵਿਚ ਰਹਿ ਰਿਹਾ ਸੀ ਵਿਭਾਗ ਨੂੰ ਪ੍ਰਤੀ ਮਹੀਨਾ ਹਜ਼ਾਰਾਂ ਰੁਪਏ ਦਾ ਚੂਨਾ ਲੱਗ ਰਿਹਾ ਸੀ। ਬਿਜਲੀ ਅਤੇ ਪਾਣੀ ਦੇ ਬਿੱਲ ਦਾ ਵੀ ਸਰਕਾਰ ਨੂੰ ਚੂਨਾ ਲੱਗ ਰਿਹਾ ਸੀ। ਡਰਾਈਵਰ ਜਗਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪਟਿਆਲਾ ਦੀ ਵਿਜੀਲੈਂਸ ਟੀਮ ਉਸ ਕੋਠੀ 'ਚ ਵੀ ਗਈ ਸੀ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕਿਸ ਅਧਿਕਾਰੀ ਨੇ ਉਸ ਨੂੰ ਰਹਿਣ ਲਈ ਕੋਠੀ ਅਲਾਟ ਕੀਤੀ। ਪਹਿਲਾਂ ਉਹ ਉਸ ਦੇ ਸਾਹਮਣੇ ਵਾਲੇ ਕੁਆਰਟਰ 'ਚ ਰਹਿ ਰਿਹਾ ਸੀ ਪਰ ਉਹ ਬਿਲਡਿੰਗ ਅਣਸੇਫ ਐਲਾਨੀ ਗਈ। ਇਸ ਤੋਂ ਬਾਅਦ ਉਸ ਨੂੰ ਸਾਹਮਣੇ ਡਾਕਟਰਾਂ ਵਾਲੇ ਕੁਆਰਟਰ ਦੇ ਦਿੱਤੇ ਗਏ। ਜ਼ਿਕਰਯੋਗ ਹੈ ਕਿ ਕੱਲ ਦੁਕਾਨਦਾਰ ਰਿਸ਼ਵ ਜੈਨ ਨੇ ਡੀ. ਐੱਚ. ਓ. ਰਾਜ ਕੁਮਾਰ ਇੰਸਪੈਕਟਰ ਅਭਿਨਵ ਖੋਸਲਾ ਅਤੇ ਡਰਾਈਵਰ ਜਗਪਾਲ ਸਿੰਘ ਖਿਲਾਫ਼ ਕਥਿਤ ਤੌਰ 'ਤੇ ਦੋਸ਼ ਲਾਏ ਸਨ ਕਿ ਉਨ੍ਹਾਂ ਵੱਲੋਂ ਸੈਂਪਲ ਭਰਨ ਦੇ ਨਾਂ 'ਤੇ ਦੁਕਾਨਦਾਰਾਂ ਕੋਲੋਂ ਮਹੀਨਾ ਵਸੂਲਿਆ ਜਾਂਦਾ ਹੈ। ਉਸ ਵੱਲੋਂ ਦੋਸ਼ ਲਾਉਣ ਤੋਂ ਬਾਅਦ ਸ਼ਹਿਰ 'ਚ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ ਹੈ। ਕੁਝ ਲੋਕ ਦੱਬੀ ਆਵਾਜ਼ ਵਿਚ ਕਹਿਣ ਵੀ ਲੱਗ ਗਏ ਹਨ ਕਿ ਸਿਹਤ ਵਿਭਾਗ ਦੇ ਅਧਿਕਾਰੀ ਦੁਕਾਨਦਾਰਾਂ ਨੂੰ ਤੰਗ ਕਰਦੇ ਸਨ ਅਤੇ ਸੈਂਪਲ ਭਰਨ ਦੇ ਨਾਂ 'ਤੇ ਪੈਸੇ ਬਟੋਰਦੇ ਸਨ। ਡੀ. ਐੱਚ. ਓ. ਰਾਜ ਕੁਮਾਰ ਵਿਰੁੱਧ ਵੀ ਵਿਜੀਲੈਂਸ ਨੇ ਕੇਸ ਦਰਜ ਕੀਤਾ ਹੈ। ਉਹ ਅਜੇ ਤੱਕ ਫਰਾਰ ਚੱਲ ਰਹੇ ਹਨ। ਅੱਜ ਸਾਰਾ ਦਿਨ ਜ਼ਿਲਾ ਸਿਹਤ ਵਿਭਾਗ ਦਾ ਫੂਡ ਸਪਲਾਈ ਵਿਭਾਗ ਦਾ ਦਫ਼ਤਰ ਖਾਲੀ-ਖਾਲੀ ਜਿਹਾ ਰਿਹਾ। ਇੰਸਪੈਕਟਰ ਅਭਿਨਵ ਦੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂਕਿ ਡੀ. ਐੱਚ. ਓ. ਰਾਜ ਕੁਮਾਰ ਦਾ ਦਫ਼ਤਰ ਤਾਂ ਖੁੱਲ੍ਹਾ ਸੀ ਪਰ ਦਫ਼ਤਰ 'ਚ ਉਹ ਮੌਜੂਦ ਨਹੀਂ ਸਨ। ਸ਼ਹਿਰ ਵਿਚ ਸਾਰਾ ਦਿਨ ਇਸ ਗੱਲ ਨੂੰ ਲੈ ਕੇ ਚਰਚਾ ਹੁੰਦੀ ਰਹੀ ਕਿ ਡੀ. ਐੱਚ. ਓ. ਰਾਜ ਕੁਮਾਰ ਵਿਜੀਲੈਂਸ ਦੇ ਹੱਥੇ ਕਦੋਂ ਚੜ੍ਹਨਗੇ।

ਡਰਾਈਵਰ ਨੂੰ ਕੋਠੀ ਅਲਾਟ ਕਰਨ ਸਬੰਧੀ ਜਦੋਂ ਐੱਸ.ਐੱਮ.ਓ. ਡਾਕਟਰ ਜਯੋਤੀ ਕੌਸ਼ਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਡਰਾਈਵਰ ਸਿਵਲ ਸਰਜਨ ਸਾਹਿਬ ਨਾਲ ਤਾਇਨਾਤ ਸੀ ਅਤੇ ਉਸ ਵੇਲੇ ਉਹ ਕੋਠੀ ਵਿਚ ਰਹਿਣ ਲੱਗ ਪਿਆ ਸੀ। ਬਾਅਦ ਵਿਚ ਸਿਵਲ ਸਰਜਨ ਸਾਹਿਬ ਨੂੰ ਠੇਕੇ ਵਾਲੀ ਗੱਡੀ 'ਤੇ ਡਰਾਈਵਰ ਮਿਲ ਗਿਆ ਸੀ। ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਡਰਾਈਵਰ ਪਹਿਲਾਂ ਸਾਹਮਣੇ ਕੁਆਰਟਰਾਂ 'ਚ ਰਹਿ ਰਿਹਾ ਸੀ ਜੋ ਬਾਅਦ ਵਿਚ ਢਾਹ ਦਿੱਤੇ ਗਏ ਸਨ। ਹੁਣ ਜਿਹੜੀ ਕੋਠੀ 'ਚ ਇਹ ਰਹਿ ਰਿਹਾ ਸੀ ਇਹ ਸਟੋਰ ਸੀ ਜਿਥੇ 2 ਸਟਾਫ ਨਰਸਾਂ ਰਹਿ ਰਹੀਆਂ ਸਨ ਅਤੇ ਉਪਰ ਇਹ ਡਰਾਈਵਰ ਰਹਿ ਰਿਹਾ ਸੀ। ਇਹ ਪੁੱਛੇ ਜਾਣ 'ਤੇ ਕੀ ਇਹ ਕੋਠੀ ਡਰਾਈਵਰ ਦੇ ਨਾਂ ਅਲਾਟ ਸੀ ਜਾਂ ਇੰਝ ਹੀ ਰਹਿ ਰਿਹਾ ਸੀ, ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਮੈਨੂੰ ਨਹੀਂ ਪਤਾ।
 


Related News