ਡਾ. ਮਨਮੋਹਨ ਸਿੰਘ ਦਾ ਪੰਜਾਬ ਨਾਲ ਰਿਹੈ ਡੂੰਘਾ ਸਬੰਧ, ਕਾਰਜਕਾਲ ਦੌਰਾਨ ਖੁੱਲ੍ਹੇ ਦਿਲ ਨਾਲ ਦਿੱਤੀਆਂ ਗ੍ਰਾਂਟਾਂ
Friday, Dec 27, 2024 - 02:40 AM (IST)
ਜਲੰਧਰ/ਅੰਮ੍ਰਿਤਸਰ (ਧਵਨ, ਜ.ਬ.)- 26 ਦਸੰਬਰ ਦੀ ਰਾਤ ਨੂੰ ਦਿੱਲੀ ਦੇ ਏਮਜ਼ ਵਿਖੇ ਆਖ਼ਰੀ ਸਾਹ ਲੈਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਪੰਜਾਬ ਅਤੇ ਚੰਡੀਗੜ੍ਹ ਨਾਲ ਡੂੰਘਾ ਸਬੰਧ ਰਿਹਾ ਹੈ। ਉਨ੍ਹਾਂ ਨੇ ਅੰਮ੍ਰਿਤਸਰ ਤੋਂ ਪੜ੍ਹਾਈ ਕੀਤੀ ਹੈ, ਉਥੇ ਹੀ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ’ਚ ਉਨ੍ਹਾਂ ਨੇ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਈਆਂ। ਉਹ ਖ਼ੁਦ ਚੰਡੀਗੜ੍ਹ ਵਿਚ ਰਹਿ ਚੁੱਕੇ ਹਨ। ਉਹ 1965 ਤਕ ਪੀ.ਯੂ. ਵਿਚ ਪ੍ਰੋਫੈਸਰ ਦੇ ਅਹੁਦੇ ’ਤੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਨਿਊ ਚੰਡੀਗੜ੍ਹ ਦੇ ਪਹਿਲੇ ਸਰਕਾਰੀ ਪ੍ਰਾਜੈਕਟ ਹੋਮੀ ਬਾਬਾ ਕੈਂਸਰ ਹਸਪਤਾਲ ਦਾ ਨੀਂਹ-ਪੱਥਰ ਵੀ ਰੱਖਿਆ ਸੀ।
ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵਾਂਗ ਹੀ ਮਨਮੋਹਨ ਸਿੰਘ ਨੇ ਵੀ ਦੇਸ਼ ਦੀ ਵੰਡ ਦਾ ਦਰਦ ਝੱਲਿਆ ਸੀ ਅਤੇ ਉਹ ਵੀ ਆਪਣੇ ਪਰਿਵਾਰ ਨਾਲ ਸਰਹੱਦ ਪਾਰ ਕਰ ਕੇ ਪੰਜਾਬ ਦੇ ਅੰਮ੍ਰਿਤਸਰ ’ਚ ਨਮਕ ਮੰਡੀ ’ਚ ਆ ਕੇ ਵਸ ਗਏ ਸਨ। 2007 ’ਚ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਤਤਕਾਲੀ ਸਰਕਾਰ ਨੇ ਗਾਹ ਪਿੰਡ ’ਚ ਇਕ ਸਰਕਾਰੀ ਬੁਆਏਜ਼ ਸਕੂਲ ਬਣਵਾਇਆ, ਜਿਸ ਦਾ ਨਾਂ ਉਥੋਂ ਦੀ ਸਰਕਾਰ ਨੇ ਮਨਮੋਹਨ ਸਿੰਘ ਦੇ ਨਾਂ ’ਤੇ ਰੱਖਿਆ। ਡਾ. ਮਨਮੋਹਨ ਸਿੰਘ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਖੁੱਲ੍ਹੇ ਦਿਲ ਨਾਲ ਗ੍ਰਾਂਟਾਂ ਦਿੱਤੀਆਂ ਸਨ।
ਇਹ ਵੀ ਪੜ੍ਹੋ- ਡਾ. ਮਨਮੋਹਨ ਸਿੰਘ ਦੇ ਦਿਹਾਂਤ ਮਗਰੋਂ ਸਰਕਾਰੀ ਬੈਠਕਾਂ ਹੋਈਆਂ ਰੱਦ, 7 ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ
ਸਾਬਕਾ ਪ੍ਰਧਾਨ ਮੰਤਰੀ ਦਾ ਅੰਮ੍ਰਿਤਸਰ ਨਾਲ ਖਾਸ ਸਬੰਧ ਰਿਹਾ ਹੈ, ਜਿਸ ਕਾਰਨ ਅੰਮ੍ਰਿਤਸਰ ਵਾਸੀ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਦੇ ਦਿਹਾਂਤ ਨਾਲ ਅੰਮ੍ਰਿਤਸਰ ’ਚ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਖਾਸ ਕਰ ਕੇ ਲੋਕਾਂ ’ਚ ਸੋਗ ਦੀ ਲਹਿਰ ਹੈ। ਮਨਮੋਹਨ ਸਿੰਘ ਦੇ ਪਿਤਾ ਡ੍ਰਾਈ ਫਰੂਟ ਦੇ ਵਪਾਰੀ ਸਨ। ਮਨਮੋਹਨ ਸਿੰਘ ਨੇ ਸਥਾਨਕ ਹਿੰਦੂ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਉਨ੍ਹਾਂ ਪੰਜਾਬ ਯੂਨੀਵਰਸਿਟੀ ਅਤੇ ਹੁਸ਼ਿਆਰਪੁਰ ਤੋਂ ਇਕਨਾਮਿਕਸ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ।
ਅੱਜ ਵੀ ਹਿੰਦੂ ਕਾਲਜ ਵਿਚ ਸਾਬਕਾ ਵਿਦਿਆਰਥੀਆਂ ’ਚ ਡਾ. ਮਨਮੋਹਨ ਸਿੰਘ ਦੀ ਤਸਵੀਰ ਪਹਿਲੇ ਸਥਾਨ ’ਤੇ ਲੱਗੀ ਹੋਈ ਹੈ ਅਤੇ ਮਨਮੋਹਨ ਸਿੰਘ ਉਥੋਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਵਜੋਂ ਜਾਣੇ ਜਾਂਦੇ ਹਨ। ਅੰਮ੍ਰਿਤਸਰ ’ਚ ਉਨ੍ਹਾਂ ਦੇ ਭਰਾ ਸੁਰਜੀਤ ਸਿੰਘ ਕੋਹਲੀ ਅਤੇ ਦਲਜੀਤ ਸਿੰਘ ਕੋਹਲੀ ਅਤੇ ਹੋਰ ਰਿਸ਼ਤੇਦਾਰ ਰਹਿੰਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e