ਪੰਜਾਬ 'ਚ ਕੁਦਰਤੀ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਵਾਲੇ ਡਾ. ਅਮਰ ਸਿੰਘ ਆਜ਼ਾਦ ਦਾ ਹੋਇਆ ਦੇਹਾਂਤ
Tuesday, Jul 04, 2023 - 07:57 PM (IST)

ਪਟਿਆਲਾ: ਖੇਤੀ ਵਿਰਾਸਤ ਮਿਸ਼ਨ ਲਹਿਰ ਦੇ ਸਰਪ੍ਰਸਤ ਡਾ. ਅਮਰ ਸਿੰਘ ਆਜ਼ਾਦ ਦਾ ਕੈਂਸਰ ਨਾਲ ਜੁਝਦਿਆਂ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸੂਬੇ ਵਿਚ ਵਾਤਾਵਰਣ ਦੇ ਜ਼ਹਿਰੀਲੇਪਣ, ਖੇਤੀ ਰਸਾਇਣਾਂ ਦੇ ਜ਼ਹਿਰਾਂ ਅਤੇ ਭੋਜਨ ਲੜੀ ਵਿਚ ਘੁਲ ਰਹੇ ਜ਼ਹਿਰੀਲੇ ਤੱਤਾਂ ਬਾਰੇ ਵਿਗਿਆਨਕ ਚੇਤਨਾ, ਸੰਵਾਦ ਅਤੇ ਸਾਰਥਕ ਬਹਿਸ ਪੈਦਾ ਕਰਨ ਵਿਚ ਇਤਿਹਾਸਕ ਭੂਮਿਕਾ ਨਿਭਾਈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ 'ਖੁਸ਼ਖਬਰੀ', ਲੋਕਾਂ ਦੀ ਰੋਜ਼ਾਨਾ ਹੋਵੇਗੀ ਲੱਖਾਂ ਰੁਪਏ ਦੀ ਬਚਤ
ਡਾ. ਅਜ਼ਾਦ ਨੂੰ ਪੰਜਾਬ ਵਿਚ ਕੁਦਰਤੀ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਜਾਣਿਆ ਜਾਂਦਾ ਹੈ। ਐਲੋਪੈਥੀ ਇਲਾਜ ਪ੍ਰਣਾਲੀ ਵਿਚ ਐੱਮ.ਬੀ.ਬੀ.ਐੱਸ. ਅਤੇ ਦੋ ਐੱਮ.ਡੀਆਂ ਕਰਨ ਉਪਰੰਤ ਉਹ ਕੁਦਰਤੀ ਇਲਾਜ ਪ੍ਰਣਾਲੀ ਨੂੰ ਪ੍ਰਚਾਰਨ, ਉਸ ਬਾਰੇ ਪ੍ਰੈਕਟਿਸ ਕਰਨ ਅਤੇ ਮੋਟੇ ਅਨਾਜਾਂ (ਮਿਲਟ) ਦਾ ਸੇਵਨ ਕਰਨ ‘ਤੇ ਜ਼ੋਰ ਦਿੰਦੇ ਆ ਰਹੇ ਸਨ।
ਅਕਤੂਬਰ 2022 ਦੇ ਸ਼ੁਰੂ ਵਿਚ ਉਨ੍ਹਾਂ ਨੂੰ ਕੈਂਸਰ ਹੋਣ ਦਾ ਪਤਾ ਲੱਗਾ ਸੀ। ਕੈਂਸਰ ਮਾਹਰਾਂ ਅਨੁਸਾਰ ਡਾਕਟਰ ਆਜ਼ਾਦ ਕੋਲ ਉਸ ਸਮੇਂ ਸਿਰਫ਼ 2 ਮਹੀਨੇ ਸਨ ਅਤੇ ਉਨ੍ਹਾਂ ਨੂੰ ਕੀਮੋਥੈਰੇਪੀ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਸੀ, ਪਰ ਡਾਕਟਰ ਆਜ਼ਾਦ ਨੇ ਆਪਣੇ ਦ੍ਰਿੜ੍ਹ ਇਰਾਦੇ, ਕੁਦਰਤ ਵਿਚ ਵਿਸ਼ਵਾਸ ਅਤੇ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਜਿਊਣ ਦੇ ਦਮ ‘ਤੇ ਆਪਣੀ ਉਮਰ ਨੂੰ 9 ਮਹੀਨੇ ਤਕ ਖਿੱਚ ਲਿਆ। ਇਨ੍ਹਾਂ 9 ਮਹੀਨਿਆਂ ਵਿਚ ਵੀ ਉਨ੍ਹਾਂ ਨੇ ਆਪਣੀ ਸਿਰਜਣਾਤਮਕਤਾ ਅਤੇ ਸਮਾਜ ਸੇਵਾ ਦਾ ਪੱਲਾ ਨਹੀਂ ਛੱਡਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੀ ਕਮਾਨ ਮਿਲਣ ਮਗਰੋਂ ਸੁਨੀਲ ਜਾਖੜ ਦਾ ਪਹਿਲਾ ਬਿਆਨ, ਕਹੀਆਂ ਇਹ ਗੱਲਾਂ
ਜੀਵਨ ਦੇ ਆਖ਼ਰੀ ਦਿਨਾਂ ਤਕ, ਉਹ ਆਪਣੇ ਜੀਵਨ ਦੇ ਤਜ਼ਰਬਿਆਂ ਦੇ ਆਧਾਰ ‘ਤੇ ਸੰਪੂਰਨ ਸਿਹਤ ‘ਤੇ ਇਕ ਕਿਤਾਬ ਦੀ ਰਚਨਾ ਕਰਨ ਵਿਚ ਰੁੱਝੇ ਰਹੇ। ਉਹ ਆਪਣੇ ਵੱਲੋਂ ਲਿਖੀ ਕਿਤਾਬ ਦਾ 98 ਫੀਸਦੀ ਕੰਮ ਪੂਰਾ ਕਰ ਚੁੱਕੇ ਸਨ। ਉਹ ਕੁਦਰਤੀ ਖੇਤੀ, ਕੁਦਰਤੀ ਸਿਹਤ ਅਤੇ ਇਲਾਜ ਪ੍ਰਣਾਲੀ, ਸਮਾਜ-ਮਨੁੱਖੀ-ਪ੍ਰਕਿਰਤੀ ਪੱਖੀ ਜੀਵਨ ਸ਼ੈਲੀ ਦੇ ਸਮਰਥਕ ਅਤੇ ਖੋਜੀ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।