ਕੈਪਟਨ ਜਾਂ ਸਿੱਧੂ ਇਸ ਬਾਰੇ ਫ਼ੈਸਲਾ ਹਾਈਕਮਾਨ ਦੇ ਹੱਥ : ਡਾ. ਅਮਰ ਸਿੰਘ

Saturday, Sep 18, 2021 - 04:11 PM (IST)

ਕੈਪਟਨ ਜਾਂ ਸਿੱਧੂ ਇਸ ਬਾਰੇ ਫ਼ੈਸਲਾ ਹਾਈਕਮਾਨ ਦੇ ਹੱਥ : ਡਾ. ਅਮਰ ਸਿੰਘ

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਵਲੋਂ ਕੈਬਨਿਟ ਮੀਟਿੰਗ ਦੌਰਾਨ ਨੈਸ਼ਨਲ ਕਾਲਜ ਫਾਰ ਵੂਮੈਨ ਨੂੰ ਸਰਕਾਰੀ ਦਰਜਾ ਮਿਲਣ ’ਤੇ ਅੱਜ ਵਿਸ਼ੇਸ਼ ਤੌਰ ’ਤੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਅਤੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਰਸਮੀਂ ਤੌਰ 'ਤੇ ਐਲਾਨ ਕਰਨ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਮ. ਪੀ. ਡਾ. ਅਮਰ ਸਿੰਘ ਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨੈਸ਼ਨਲ ਕਾਲਜ ਨੂੰ ਸਰਕਾਰੀ ਦਰਜਾ ਦਿਵਾਉਣਗੇ, ਜਿਸ ਨੂੰ ਸਰਕਾਰ ਵਲੋਂ ਪੂਰਾ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਇਹ ਸਰਕਾਰੀ ਕਾਲਜ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਹੁਣ ਨਾਮਾਤਰ ਫ਼ੀਸਾਂ ਤੇ ਵਧੀਆ ਸਹੂਲਤਾਂ ਨਾਲ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰ ਆਪਣਾ ਭਵਿੱਖ ਉੱਜਵਲ ਬਣਾ ਸਕਣਗੇ। ਪੱਤਰਕਾਰਾਂ ਵਲੋਂ ਜਦੋਂ ਡਾ. ਅਮਰ ਸਿੰਘ ਕੋਲੋ ਪੁੱਛਿਆ ਗਿਆ ਕਿ ਕਾਂਗਰਸ ਵਿਚ ਚੱਲ ਰਿਹਾ ਕਾਟੋ-ਕਲੇਸ਼ ਸਿਖ਼ਰਾਂ ’ਤੇ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਵਿਚੋਂ ਕਿਸ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਤਾਂ ਇਸ ਉੱਪਰ ਪ੍ਰਤੀਕਿਰਿਆ ਕਰਦਿਆਂ ਉਹ ਟਾਲਾ ਵੱਟਦੇ ਨਜ਼ਰ ਆ ਰਹੇ ਅਤੇ ਕਿਹਾ ਕਿ ਕੈਪਟਨ ਜਾਂ ਸਿੱਧੂ ਇਸ ਬਾਰੇ ਫ਼ੈਸਲਾ ਕਾਂਗਰਸ ਹਾਈਕਮਾਨ ਨੇ ਕਰਨਾ ਹੈ। ਕਿਸਾਨੀ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਹਰੇਕ ਲੋਕ ਸਭਾ ਸੈਸ਼ਨ ਦੌਰਾਨ ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰ ਕਿਸਾਨਾਂ ਦੇ ਹੱਕ ਵਿਚ ਅਵਾਜ਼ ਉਠਾਈ।

ਕਾਲਜ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਕਾਲਜ ਨੂੰ ਸਰਕਾਰੀ ਦਰਜਾ ਮਿਲਣ ਦੀ ਖੁਸ਼ੀ ’ਚ ਕੇਕ ਵੀ ਕੱਟਿਆ ਗਿਆ। ਇਸ ਮੌਕੇ ਕਾਂਗਰਸੀ ਆਗੂ ਕਾਮਲ ਬੋਪਾਰਾਏ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਕੁੰਦਰਾ, ਆਡ਼੍ਹਤੀ ਐਸੋਸੀਏਸ਼ਨ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਪ੍ਰਦੇਸ਼ ਸਕੱਤਰ ਸੋਹਣ ਲਾਲ ਸ਼ੇਰਪੁਰੀ, ਜੇ.ਪੀ. ਸਿੰਘ ਮੱਕਡ਼, ਰੁਪਿੰਦਰ ਸਿੰਘ ਬੈਨੀਪਾਲ, ਟਹਿਲ ਸਿੰਘ ਔਜਲਾ, ਗੁਰਨਾਮ ਸਿੰਘ ਨਾਗਰਾ, ਜੈਦੀਪ ਸਿੰਘ ਕਾਹਲੋਂ, ਹੈਪੀ ਕਾਲੜਾ, ਜਗਦੀਪ ਸਿੰਘ ਗਿੱਲ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਸਰਪੰਚ ਛਿੰਦਰਪਾਲ ਹਿਯਾਤਪੁਰ, ਆੜ੍ਹਤੀ ਪਵਨ ਕੁਮਾਰ, ਚੇਤਨ ਕੁਮਾਰ, ਪੀ.ਏ. ਲਵੀ ਢਿੱਲੋਂ, ਪੀ. ਏ. ਰਾਜੇਸ਼ ਬਿੱਟੂ, ਸਰਪੰਚ ਜਸਦੇਵ ਸਿੰਘ ਬਿੱਟੂ, ਤੇਜਿੰਦਰ ਸਿੰਘ, ਜਸਦੇਵ ਸਿੰਘ ਟਾਂਡਾ ਵੀ ਮੌਜੂਦ ਸਨ।

ਮੋਦੀ ਨੇ ਤਾਂ ਫੰਡ ਹੀ ਬੰਦ ਕੀਤਾ ਹੋਇਆ ਹੈ

ਨੈਸ਼ਨਲ ਕਾਲਜ ਫਾਰ ਵੂਮੈਨ ਪੁੱਜੇ ਡਾ. ਅਮਰ ਸਿੰਘ ਤੋਂ ਜਦੋਂ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਨੇ ਮੰਗ ਰੱਖੀ ਕਿ ਕਾਲਜ ਦੀ ਦਿੱਖ ਨੂੰ ਸੁਧਾਰਨ ਅਤੇ ਨਾਲ ਹੀ ਚੱਲਦੇ ਮਾਤਾ ਹਰਦੇਈ ਸੀਨੀਅਰ ਸੈਕੰਡਰੀ ਸਕੂਲ ਲਈ ਆਪਣੇ ਅਖਤਿਆਰੀ ਕੋਟੇ ’ਚੋਂ ਫੰਡ ਦੇ ਕੇ ਜਾਣ, ਜਿਸ ’ਤੇ ਐੱਮ. ਪੀ. ਨੇ ਆਪਣੀ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਗ੍ਰਾਂਟਾ ਜਾਰੀ ਕਰਨ ਲਈ ਜੋ ਫੰਡ ਹੈ, ਉਹ ਬੰਦ ਕੀਤਾ ਹੋਇਆ ਹੈ ਅਤੇ ਅਗਲੇ ਸਾਲ ਜਦੋਂ ਵੀ ਇਸ ਤੋਂ ਰੋਕ ਹਟੇਗੀ ਤਾਂ ਉਹ ਪਹਿਲ ਦੇ ਅਧਾਰ ’ਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਗ੍ਰਾਂਟਾ ਲਈ ਰਾਸ਼ੀ ਦੇਣਗੇ।  


 


author

Babita

Content Editor

Related News