ਦਾਜ ਖਾਤਰ ਵਿਆਹੁਤਾ ਨੂੰ ਘਰੋਂ ਕੱਢਿਆ

06/26/2018 6:54:19 AM

ਕਪੂਰਥਲਾ, (ਭੂਸ਼ਣ)- ਦਾਜ ਦੀ ਖਾਤਰ ਵਿਆਹੁਤਾ ਨੂੰ ਲੜਕੀ ਸਮੇਤ ਘਰੋਂ ਕੱਢਣ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸੱਸ ਤੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਜਾਣਕਾਰੀ ਅਨੁਸਾਰ ਮੁਹੱਲਾ ਸੰਤਪੁਰਾ, ਕਪੂਰਥਲਾ ਵਾਸੀ ਇਕ ਔਰਤ ਨੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ 1 ਦਸੰਬਰ 2003 ਨੂੰ ਗੁਰਚਰਨ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਤਲਵੰਡੀ ਭਾਈ, ਜ਼ਿਲਾ ਫਿਰੋਜ਼ਪੁਰ ਨਾਲ ਹੋਇਆ ਸੀ। ਵਿਆਹ 'ਤੇ ਉਸ ਦੇ ਪਿਤਾ ਨੇ ਕਾਫ਼ੀ ਦਾਜ ਦਿੱਤਾ ਸੀ। ਉਸ ਨੇ ਕਿਹਾ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਸ ਦਾ ਪਤੀ ਗੁਰਚਰਨ ਸਿੰਘ ਅਤੇ ਸੱਸ ਰਣਜੀਤ ਕੌਰ ਨੇ ਉਸ ਨੂੰ ਘੱਟ ਦਾਜ ਲਿਆਉਣ ਦੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨੇ ਕਿਹਾ ਕਿ ਉਸ ਦਾ ਪਤੀ ਨਕਦੀ ਹੋਰ ਲਿਆਉਣ ਅਤੇ ਬੁਲਟ ਮੋਟਰਸਾਈਕਲ ਦੀ ਮੰਗ ਕਰਦਾ ਸੀ ਜਿਸ 'ਤੇ ਉਸ ਵੱਲੋਂ ਮਨ੍ਹਾ ਕੀਤਾ ਗਿਆ ਤਾਂ ਗੁਰਚਰਨ ਸਿੰਘ ਕੁੱਟ-ਮਾਰ ਕਰਨ ਲੱਗ ਪੈਂਦਾ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਘਰ 2 ਲੜਕੀਆਂ ਅਤੇ ਇਕ ਲੜਕਾ ਪੈਦਾ ਹੋਇਆ, ਇਸ ਦੇ ਬਾਵਜੂਦ ਵੀ ਗੁਰਚਰਨ ਸਿੰਘ ਤੇ ਸੱਸ ਰਣਜੀਤ ਕੌਰ ਦਾਜ ਦੀ ਹੋਰ ਮੰਗ ਕਰਦੇ ਰਹਿੰਦੇ ਸਨ। 
ਉਸ ਨੇ ਕਿਹਾ ਕਿ ਕਈ ਵਾਰ ਤਾਂ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਵੀ ਉਸ ਦੇ ਮਾਪੇ ਦਿੰਦੇ ਰਹੇ ਪਰ ਇਸ ਦੇ ਬਾਵਜੂਦ ਵੀ ਉਹ ਉਸ ਨਾਲ ਕੁੱਟ-ਮਾਰ ਕਰਦਾ ਰਹਿੰਦਾ ਸੀ। ਇਕ ਦਿਨ ਮੇਰੇ ਪਤੀ ਨੇ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿੱਤਾ ਜਿਸ ਦੇ ਬਾਅਦ ਜਦੋਂ ਉਸ ਦੇ ਮਾਤਾ-ਪਿਤਾ ਉਸ ਨੂੰ ਲੈਣ ਤਲਵੰਡੀ ਆਏ ਤਾਂ ਉਸ ਦੇ ਪਤੀ ਨੇ ਇਕ ਲੜਕਾ ਅਤੇ ਇਕ ਲੜਕੀ ਉਸ ਤੋਂ ਖੋਹ ਲਏ, ਜਿਸ ਕਾਰਨ ਉਸ ਨੂੰ ਇਕ ਲੜਕੀ  ਨਾਲ ਕਪੂਰਥਲਾ ਆਉਣਾ ਪਿਆ। ਬਾਅਦ 'ਚ ਉਸ ਦੇ ਪਤੀ ਅਤੇ ਸੱਸ ਨੇ ਕਈ ਵਾਰ ਕਪੂਰਥਲਾ ਆ ਕੇ ਉਨ੍ਹਾਂ ਨਾਲ ਲੜਾਈ-ਝਗੜਾ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
13 ਜੁਲਾਈ 2017 ਨੂੰ ਉਸ ਦੇ ਪਤੀ ਨੇ ਉਸ ਦੀ ਗੈਰ-ਹਾਜ਼ਰੀ 'ਚ ਘਰ ਦੇ ਤਾਲੇ ਵੀ ਤੋੜ ਦਿੱਤੇ ਜਿਸ ਦੀ ਉਸ ਨੇ 181 ਨੰਬਰ 'ਤੇ ਸ਼ਿਕਾਇਤ ਵੀ ਕੀਤੀ। ਬਾਅਦ 'ਚ ਉਸ ਨੂੰ ਇਨਸਾਫ ਲਈ ਐੱਸ. ਐੱਸ. ਪੀ. ਦੇ ਸਾਹਮਣੇ ਫਰਿਆਦ ਕਰਨੀ ਪਈ ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵੂਮੈਨ ਸੈੱਲ ਕਪੂਰਥਲਾ ਨੂੰ ਜਾਂਚ ਦੇ ਹੁਕਮ ਦਿੱਤੇ। ਵੂਮੈਨ ਸੈੱਲ ਨੇ ਆਪਣੀ ਜਾਂਚ ਦੇ ਬਾਅਦ ਪੀੜਤ ਔਰਤ ਦੇ ਪਤੀ ਗੁਰਚਰਨ ਸਿੰਘ ਅਤੇ ਸੱਸ ਰਣਜੀਤ ਕੌਰ 'ਤੇ ਲਾਏ ਇਲਜ਼ਾਮ ਠੀਕ ਪਾਏ ਜਿਸ ਦੇ ਆਧਾਰ 'ਤੇ ਗੁਰਚਰਨ ਸਿੰਘ ਅਤੇ ਰਣਜੀਤ ਕੌਰ ਖਿਲਾਫ ਥਾਣਾ ਸਿਟੀ ਕਪੂਰਥਲਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ।


Related News