ਮਹਿਲਾ ਥਾਣੇ ਦਾ ਕਮਾਲ, ਐੱਫ. ਆਈ. ਆਰ. ''ਚ ਧਾਰਾ ਬਦਲ ਕੇ ਮੁਲਜ਼ਮਾਂ ਨੂੰ ਦਿਵਾਈ ਜ਼ਮਾਨਤ

11/18/2018 12:35:08 PM

ਜਲੰਧਰ (ਸ਼ੋਰੀ)— ਪੁਲਸ ਕਮਿਸ਼ਨਰੇਟ ਅਧੀਨ ਪੈਂਦੇ ਮਹਿਲਾ ਥਾਣੇ ਦੀ ਪੁਲਸ ਨੇ ਕਮਾਲ ਕਰਦਿਆਂ ਸਹੁਰਾ ਧਿਰ ਦੇ ਲੋਕਾਂ ਖਿਲਾਫ ਬਣਦੀ ਧਾਰਾ ਹਟਾ ਕੇ ਦੂਜੀ ਧਾਰਾ ਕੇਸ 'ਚ ਜੋੜ ਦਿੱਤੀ ਅਤੇ ਬਾਅਦ 'ਚ ਇਸ ਦਾ ਲਾਭ ਲੈਂਦਿਆਂ ਮੁਲਜ਼ਮ ਧਿਰ ਦੀ ਅਦਾਲਤ ਤੋਂ ਜ਼ਮਾਨਤ ਹੋ ਗਈ। ਪੀੜਤ ਪਰਿਵਾਰ ਹੁਣ ਇਨਸਾਫ ਲਈ ਸੀਨੀਅਰ ਉੱਚ ਅਧਿਕਾਰੀਆਂ ਤੋਂ ਲੈ ਕੇ ਅਦਾਲਤ 'ਚ ਪੇਸ਼ ਹੋ ਰਿਹਾ ਹੈ।

ਪੀੜਤ ਅਨਿਲ ਥੰਮਨ ਪੁੱਤਰ ਹੇਮਰਾਜ ਥੰਮਨ ਵਾਸੀ ਨਿਊ ਰਾਜਾ ਗਾਰਡਨ ਨੇ ਦੱਸਿਆ ਕਿ ਉਸ ਦੀ ਬੇਟੀ ਆਂਚਲ ਦਾ ਵਿਆਹ 2009 'ਚ ਅੰਬਾਲਾ ਵਾਸੀ ਰਜਤ ਜੌਹਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਰਜਤ, ਉਸ ਦੇ ਪਿਤਾ ਹਰਜੀਤ ਕੁਮਾਰ ਅਤੇ ਮਾਂ ਸ਼ਸ਼ੀ ਜੌਹਰ ਬੇਟੀ ਨੂੰ ਤੰਗ ਕਰਨ ਦੇ ਨਾਲ ਪੇਕਿਆਂ ਤੋਂ ਕੈਸ਼ ਅਤੇ ਮਹਿੰਗੀ ਕਾਰ ਲਿਆ ਕੇ ਦੇਣ ਦਾ ਦਬਾਅ ਪਾਉਂਦੇ ਰਹੇ, ਭਾਵੇਂ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਖੁਸ਼ੀ ਨਾਲ ਬੇਟੀ ਨੂੰ ਪੈਸੇ ਅਤੇ ਕੀਮਤੀ ਸਾਮਾਨ ਦਿੱਤਾ ਪਰ ਫਿਰ ਵੀ ਲਾਲਚੀ ਸਹੁਰੇ ਬੇਟੀ ਨੂੰ ਤੰਗ ਕਰਦੇ ਰਹੇ। ਅਨਿਲ ਮੁਤਾਬਕ ਬੇਟੀ ਦੇ ਇਕ ਪੁੱਤਰ ਪੈਦਾ ਹੋਇਆ, ਜੋ ਸਰੀਰਕ ਤੌਰ 'ਤੇ ਠੀਕ ਨਹੀਂ ਹੈ। ਇਸ ਗੱਲ ਨੂੰ ਲੈ ਕੇ ਵੀ ਸਹੁਰਾ ਪਰਿਵਾਰ ਦੇ ਲੋਕ ਬੇਟੀ ਨੂੰ ਤੰਗ ਕਰਨ ਲੱਗੇ। ਕੁਝ ਮਹੀਨਿਆਂ ਬਾਅਦ ਬੇਟੀ ਦੁਬਾਰਾ ਗਰਭਵਤੀ ਹੋਈ ਤਾਂ ਸਹੁਰਿਆਂ ਨੇ ਜ਼ਬਰਦਸਤੀ ਉਸ ਦਾ ਗਰਭਪਾਤ ਅੰਬਾਲਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਕਰਵਾ ਦਿੱਤਾ।

ਪੀੜਤ ਅਨਿਲ ਥੰਮਨ ਨੇ ਦੱਸਿਆ ਕਿ ਉਹ ਬੇਟੀ ਨੂੰ ਵਾਪਸ ਜਲੰਧਰ ਲੈ ਆਏ ਅਤੇ ਪੁਲਸ ਕਮਿਸ਼ਨਰ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਦਰਜ ਕਰਵਾਈ ਅਤੇ ਮਾਮਲਾ ਮਹਿਲਾ ਥਾਣੇ ਦੀ ਪੁਲਸ ਨੂੰ ਰੈਫਰ ਹੋਇਆ। ਉਨ੍ਹਾਂ ਪੁਲਸ ਨੂੰ ਗਰਭਪਾਤ ਦੇ ਸਬੂਤ ਵੀ ਦਿੱਤੇ ਪਰ ਮੁਲਜ਼ਮ ਧਿਰ ਖਿਲਾਫ ਦਰਜ ਐੱਫ. ਆਈ. ਆਰ. ਵਿਚ ਪੁਲਸ ਨੇ ਪਤੀ, ਸੱਸ ਤੇ ਸਹੁਰੇ ਖਿਲਾਫ ਦਾਜ ਮੰਗਣ ਤੇ ਤੰਗ ਕਰਨ ਦੀ ਧਾਰਾ ਲਾਈ, ਜਦੋਂ ਕਿ ਜ਼ਬਰਦਸਤੀ ਗਰਭਪਾਤ ਕਰਵਾਉਣ 'ਤੇ ਲੱਗਦੀ ਧਾਰਾ 313 ਆਈ. ਪੀ. ਸੀ. ਦਾ ਜ਼ਿਕਰ ਐੱਫ. ਆਈ. ਆਰ. 'ਚ ਕੀਤਾ ਹੀ ਨਹੀਂ ਗਿਆ। ਪੁਲਸ ਨੇ ਮੁਲਜ਼ਮ ਧਿਰ ਨਾਲ ਸੈਟਿੰਗ ਕਰ ਕੇ ਉਨ੍ਹਾਂ ਦਾ ਸਾਥ ਦਿੱਤਾ। ਇਸ ਮਾਮਲੇ 'ਚ ਉਨ੍ਹਾਂ ਦੁਬਾਰਾ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਨਾਲ ਹੀ ਅਦਾਲਤ 'ਚ ਸ਼ਿਕਾਇਤ ਕੀਤੀ ਹੈ।


shivani attri

Content Editor

Related News