ਚੰਦਰੇ ਸਹੁਰਿਆਂ ਨੇ ਦਾਜ ਮੰਗਣ ਦੀ ਛੱਡੀ ਨਾ ਕੋਈ ਕਸਰ, ਆਲਟੋ ਮਿਲਣ ਤੋਂ ਬਾਅਦ ਸਕਾਰਪੀਓ ਸਣੇ ਕੀਤੀ ਇਹ ਵੱਡੀ ਡਿਮਾਂਡ
Sunday, Jul 16, 2017 - 07:15 PM (IST)

ਕਪੂਰਥਲਾ(ਮਲਹੋਤਰਾ)— ਹਰ ਮਾਂ-ਬਾਪ ਚਾਹੁੰਦਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਧੀ ਸਹੁਰੇ ਪਰਿਵਾਰ 'ਚ ਖੁਸ਼ ਰਹੇ ਅਤੇ ਉਸ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ। ਆਪਣੀ ਹੈਸੀਅਤ ਦੇ ਮੁਤਾਬਕ ਮਾਪੇ ਧੀ ਦੇ ਵਿਆਹ 'ਚ ਕਾਫੀ ਪੈਸਾ ਖਰਚ ਕਰਦੇ ਹਨ ਅਤੇ ਧੀ ਨੂੰ ਉਸ ਦੀ ਜ਼ਰੂਰਤ ਲਈ ਹਰ ਚੀਜ਼ ਦਿੰਦੇ ਹਨ ਪਰ ਲੱਖਾਂ ਰੁਪਏ ਖਰਚ ਕਰਕੇ ਵੀ ਸਹੁਰੇ ਪਰਿਵਾਰ 'ਚ ਧੀ ਦੀ ਇਜ਼ੱਤ ਨਾ ਕੀਤੀ ਜਾਵੇ ਤਾਂ ਹਰ ਮਾ-ਬਾਪ ਦਾ ਦਿਲ ਟੁੱਟ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਕਪੂਰਥਲੇ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਸਹੁਰੇ ਪਰਿਵਾਰ ਨੇ ਦਾਜ 'ਚ ਆਲਟੋ ਕਾਰ ਦੀ ਜਗ੍ਹਾ ਸਕਾਰਪੀਓ ਕਾਰ ਅਤੇ ਲੱਖਾਂ ਰੁਪਏ ਨਾ ਲਿਆਉਣ 'ਤੇ ਆਪਣੀ ਨੂੰਹ ਨਾਲ ਕਈ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਆਲਟੋ ਕਾਰ ਦੀ ਜਗ੍ਹਾ ਸਕਾਰਪੀਓ ਅਤੇ ਲੱਖਾਂ ਰੁਪਏ ਦਾਜ ਮੰਗਣ ਵਾਲੇ ਪਤੀ ਸਮੇਤ ਸੱਸ, ਸਹੁਰਾ ਖਿਲਾਫ ਮਹਿਲਾ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਪੁਲਸ ਕਪਤਾਨ ਸੰਦੀਪ ਕੁਮਾਰ ਸ਼ਰਮਾ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਪਰਮਿੰਦਰ ਕੌਰ ਪੁੱਤਰੀ ਸ਼ਰਧਾ ਸਿੰਘ ਪਤਨੀ ਨਰਿੰਦਰ ਸਿੰਘ ਨਿਵਾਸੀ 1086 ਅਰਬਨ ਅਸਟੇਟ ਕਪੂਰਥਲਾ ਨੇ ਦੱਸਿਆ ਕਿ ਉਸ ਦਾ ਵਿਆਹ 23 ਨਵੰਬਰ 2008 ਨੂੰ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨਾਲ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਉਸ ਦੇ ਮਾਂ-ਬਾਪ ਨੇ 20 ਲੱਖ ਰੁਪਏ ਤੋਂ ਵੱਧ ਖਰਚ ਵਿਆਹ 'ਚ ਕੀਤਾ ਸੀ। ਦਾਜ 'ਚ ਹੋਰ ਸਾਮਾਨ ਤੋਂ ਇਲਾਵਾ ਆਲਟੋ ਕਾਰ ਦਿੱਤੀ ਸੀ ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਸਮੇਤ ਸੱਸ ਅਤੇ ਸਹੁਰਾ ਘੱਟ ਦਾਜ ਲੈ ਕੇ ਆਉਣ 'ਤੇ ਉਸ ਨੂੰ ਪਰੇਸ਼ਾਨ ਕਰਨ ਲੱਗ ਪਏ। ਉਨ੍ਹਾਂ ਨੂੰ ਆਲਟੋ ਕਾਰ ਪਸੰਦ ਨਹੀਂ ਸੀ, ਉਸ ਦੀ ਜਗ੍ਹਾ 'ਤੇ ਉਹ ਵੱਡੀ ਕਾਰ ਸਕਾਰਪੀਓ ਦੀ ਮੰਗ ਕਰਨ ਲੱਗ ਪਏ।
ਉਸ ਨੇ ਅੱਗੇ ਦੱਸਿਆ, ''ਮੈਨੂੰ ਮੇਰੀ ਸੱਸ ਦਵਿੰਦਰ ਕੌਰ ਪਤਨੀ ਸੁਰਜੀਤ ਸਿੰਘ, ਸਹੁਰਾ ਸੁਰਜੀਤ ਸਿੰਘ ਪੁੱਤਰ ਪਿਆਰਾ ਸਿੰਘ, ਜੇਠ ਗੁਰਸਤਿੰਦਰ ਸਿੰਘ ਅਤੇ ਜੇਠਾਣੀ ਭੁਪਿੰਦਰ ਕੌਰ, ਜੇਠ ਜਗਰੂਪ ਸਿੰਘ, ਜੇਠਾਣੀ ਪਰਵਿੰਦਰ ਕੌਰ, ਰਜਵੰਤ ਕੌਰ ਨਣਾਨ ਅਤੇ ਗੁਰਜੀਤ ਸਿੰਘ ਨੰਨਦੋਈਆ ਨੇ ਮੈਨੂੰ ਤਾਅਨੇ ਮਿਹਣੇ ਮਾਰ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਾਲ 2010 'ਚ ਮੇਰੀ ਡਲੀਵਰੀ ਹੋਣ 'ਤੇ ਸਾਰਾ ਖਰਚ ਮੇਰੇ ਮਾਤਾ-ਪਿਤਾ ਨੂੰ ਕਰਨਾ ਪਿਆ। ਮੇਰੇ ਸਹੁਰੇ ਪਰਿਵਾਰ ਨੇ ਖਰਚ ਕਰਨ ਤੋਂ ਨਾਂਹ ਕਰ ਦਿੱਤੀ। ਮੈਂ ਕਪੂਰਥਲਾ ਦੇ ਸਹਾਰਾ ਹਸਪਤਾਲ 'ਚ ਇਕ ਲੜਕੇ ਨੂੰ ਜਨਮ ਦਿੱਤਾ। ਮੇਰੇ ਮਾਤਾ-ਪਿਤਾ ਨੇ ਮੇਰਾ ਘਰ ਵਸਾਉਣ ਕਰਕੇ ਮੈਨੂੰ ਅਤੇ ਮੇਰੇ ਬੇਟੇ ਨੂੰ ਸਹੁਰੇ ਪਰਿਵਾਰ ਛੱਡ ਆਏ ਅਤੇ ਉਨ੍ਹਾਂ ਨੇ ਮੈਨੂੰ 5 ਤੋਲੇ ਸੋਨਾ ਅਤੇ ਹੋਰ ਸਾਰਾ ਕੀਮਤੀ ਸਾਮਾਨ ਦਿੱਤਾ। ਬਾਅਦ 'ਚ ਮੇਰਾ ਸਹੁਰਾ ਪਰਿਵਾਰ ਮੇਰੇ ਪਤੀ ਨੂੰ ਵਿਦੇਸ਼ ਭੇਜਣ ਲਈ ਮੈਨੂੰ ਆਪਣੇ ਪੇਕੇ ਤੋਂ 8 ਲੱਖ ਰੁਪਏ ਲਿਆਉਣ ਲਈ ਮਜਬੂਰ ਕਰਨ ਲੱਗ ਪਿਆ, ਜਿਸ ਦੀ ਮੇਰੇ ਮਾਤਾ-ਪਿਤਾ ਨੇ ਅਸਮਰਥਾ ਜਤਾਈ।''
ਉਸ ਨੇ ਅੱਗੇ ਦੱਸਿਆ ਕਿ ਸਾਲ 2012 'ਚ ਮੇਰਾ ਪਤੀ ਪੁਰਤਗਾਲ ਦਾ ਵੀਜ਼ਾ ਲਗਾ ਕੇ ਚਲਾ ਗਿਆ ਅਤੇ ਮੇਰੇ ਨਾਲ ਟੈਲੀਫੋਨ 'ਤੇ ਗੱਲਬਾਤ ਬੰਦ ਕਰ ਦਿੱਤੀ। ਇਸ ਦੇ ਨਾਲ ਹੀ ਉਸ ਨੇ ਖਰਚਾ ਦੇਣਾ ਵੀ ਬੰਦ ਕਰ ਦਿੱਤਾ। ਇਸ ਦੌਰਾਨ ਜਦ ਮੇਰਾ ਪਤੀ ਵਿਦੇਸ਼ ਤੋਂ ਵਾਪਸ ਕਪੂਰਥਲਾ ਆਇਆ ਤਾਂ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਪਤੀ ਨੂੰ ਮੇਰੇ ਨਾਲ ਮਿਲਣ ਤੋਂ ਰੋਕ ਦਿੱਤਾ ਸੀ। ਜਿਸ 'ਚ ਜੇਠ, ਜਠਾਣੀਆਂ ਅਤੇ ਨਨਾਣ ਦਾ ਪਰਿਵਾਰ ਸੀ, ਨੇ ਮੈਨੂੰ ਘਰੋਂ ਕੱਢ ਦਿੱਤਾ ਅਤੇ ਕਿਹਾ ਕੀ ਤੇਰਾ ਪਤੀ ਆਵੇ ਤਾਂ ਘਰ ਆਵੀਂ। ਜਿਸ 'ਤੇ ਮੈਂ ਬੀਮਾਰ ਹੋ ਗਈ ਅਤੇ ਡਿਪਰੈਸ਼ਨ 'ਚ ਰਹਿਣ ਲੱਗ ਪਈ। ਫਿਰ ਮੇਰੇ ਮਾਤਾ-ਪਿਤਾ ਨੇ ਮੇਰਾ ਇਲਾਜ ਕਰਵਾਇਆ। ਬਾਅਦ 'ਚ ਮੈਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਅਤੇ ਗੋਲਡ ਮੈਡਲਿਸਟ 'ਚ ਪ੍ਰੀਖਿਆ ਪਾਸ ਕੀਤੀ। ਇਸ ਦੇ ਨਾਲ ਹੀ ਪੇਂਟਿੰਗਜ਼ ਬਣਾ ਕੇ ਸੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ 2017 'ਚ ਇੰਟਰਨੈਸ਼ਨਲ ਆਰਟ ਐਗਜ਼ੀਬਿਸ਼ਨ ਦੀ ਤਰੱਕੀ ਲਈ ਸਿਲੈਕਸ਼ਨ ਹੋ ਗਈ, ਜਿਸ 'ਤੇ ਮੈਂ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਨੂੰ ਇਸ ਬਾਰੇ ਦੱਸਿਆ, ਜੋ ਬਾਅਦ 'ਚ ਤੰਗ ਪਰੇਸ਼ਾਨ ਕਰਦੇ ਰਹੇ।
ਪੀੜਤ ਨੇ ਦੱਸਿਆ , ''4 ਮਾਰਚ 2017 ਨੂੰ ਮੇਰੇ ਪਤੀ ਅਤੇ ਸਹੁਰਾ ਪਰਿਵਾਰ ਨੇ ਰਲ ਕੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ। ਮੇਰੇ ਗਆਂਢੀਆਂ ਨੇ ਆ ਕੇ ਮੈਨੂੰ ਬਾਹਰ ਕੱਢਿਆ ਅਤੇ ਮੇਰੇ ਪਿਤਾ ਨੂੰ ਫੋਨ ਕੀਤਾ। ਮੇਰਾ ਸਹੁਰਾ ਪਰਿਵਾਰ ਚਾਹੁੰਦਾ ਸੀ ਕਿ ਉਹ ਜ਼ਾਬ ਅਤੇ ਇੰਟਵਿਊ ਲਈ ਨਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜੇ ਸਾਡੇ ਘਰ ਵਸਣਾ ਹੈ ਤਾਂ ਆਪਣੇ ਪਤੀ ਨੂੰ ਵਿਦੇਸ਼ ਭੇਜਣ 'ਤੇ ਪੱਕੇ ਹੋਣ ਦਾ ਖਰਚ 18 ਲੱਖ ਆਪਣੇ ਪਿਤਾ ਕੋਲੋਂ ਲੈ ਕੇ ਆਵੇ ਅਤੇ ਹੋਰ ਪੈਸੇ ਦੀ ਮੰਗ ਕਰਨ ਲੱਗ ਪਏ।''
ਮਾਮਲੇ ਨੂੰ ਗੰਭੀਰ ਮੰਨਦੇ ਹੋਏ ਜ਼ਿਲਾ ਪੁਲਸ ਕਪਤਾਨ ਸੰਦੀਪ ਕੁਮਾਰ ਸ਼ਰਮਾ ਨੇ ਸੱਚਾਈ ਜਾਣਨ ਦੇ ਮਕਸਦ ਨਾਲ ਇਸ ਦੀ ਜਾਂਚ ਡੀ. ਐੱਸ. ਪੀ. ਸਬ ਡਿਵੀਜ਼ਨ ਗੁਰਮੀਤ ਸਿੰਘ ਨੂੰ ਕਰਨ ਲਈ ਕਿਹਾ, ਜਿਨ੍ਹਾਂ ਨੇ ਬਰੀਕੀ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਹੀ ਦੱਸਿਆ। ਥਾਣਾ ਸਿਟੀ ਪੁਲਸ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਦੋਸ਼ੀ ਪਤੀ ਨਰਿੰਦਰ ਸਿੰਘ ਬਾਜਵਾ ਪੁੱਤਰ ਸੁਰਜੀਤ ਸਿੰਘ, ਸੁਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਤੇ ਦਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਦੇ ਖਿਲਾਫ ਧਾਰਾ 452, 406, 34. ਦੇ ਤਹਿਤ ਮਾਮਲ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।