5ਜੀ ਟੈਲੀਕਾਮ ਸਬੰਧੀ ਚੋਰੀਆਂ ’ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, 61 ਲੋਕਾਂ ਦੀ ਗ੍ਰਿਫ਼ਤਾਰੀ ਸਣੇ...
Wednesday, Sep 17, 2025 - 01:59 PM (IST)

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਭਾਰਤੀ ਏਅਰਟੈੱਲ ਲਿਮਟਿਡ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ 5ਜੀ ਟੈਲੀਕਾਮ ਬੁਨਿਆਦੀ ਢਾਂਚਿਆਂ ਦੀਆਂ ਹੋ ਰਹੀਆਂ ਚੋਰੀਆਂ ’ਤੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਸੂਬੇ ਭਰ ’ਚ 61 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 95 ਐੱਫ. ਆਈ.ਆਰਜ਼ ਦਰਜ ਕੀਤੀਆਂ ਹਨ। ਇਸ ਨਾਲ ਦੂਰਸੰਚਾਰ ਸੇਵਾਵਾਂ ’ਚ ਵਿਆਪਕ ਰੁਕਾਵਟ ਨੂੰ ਦੂਰ ਕੀਤਾ ਗਿਆ ਹੈ। ਉੱਚ-ਮੁੱਲ ਵਾਲੇ 5ਜੀ ਬੁਨਿਆਦੀ ਢਾਂਚੇ ਨਾਲ ਸਬੰਧਿਤ ਚੋਰੀਆਂ ਦੀਆਂ ਰਿਪੋਰਟਾਂ ਉਪਰੰਤ ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ’ਤੇ ਇਕ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਗਿਆ। ਚੇਅਰਮੈਨ ਡੀ. ਆਈ. ਜੀ. ਰਾਜਪਾਲ ਸੰਧੂ ਦੀ ਅਗਵਾਈ ਵਾਲੀ ਐੱਸ. ਆਈ. ਟੀ. ਨੇ ਮੁਲਜ਼ਮਾਂ ਨੂੰ ਫੜ੍ਹਨ ਅਤੇ ਚੋਰੀ ਹੋਏ ਉਪਕਰਣਾਂ ਦੀ ਬਰਾਮਦਗੀ ਲਈ ਜ਼ਿਲ੍ਹਾ ਪੁਲਸ ਇਕਾਈਆਂ ਨਾਲ ਨੇੜਿਓਂ ਤਾਲਮੇਲ ਕੀਤਾ।
ਐੱਸ. ਆਈ. ਟੀ. ਦੇ ਚੇਅਰਮੈਨ ਡੀ. ਆਈ. ਜੀ. ਰਾਜਪਾਲ ਸੰਧੂ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਖ਼ਾਸ ਤੌਰ ’ਤੇ ਉੱਚ-ਮੁੱਲ ਵਾਲੇ ਜੀ. ਯੂ. ਸੀ.-1 ਕਾਰਡਾਂ (ਬੇਸ ਬੈਂਡ ਯੂਨਿਟਾਂ) ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਜੋ 4ਜੀ ਅਤੇ 5ਜੀ ਸਿਗਨਲਾਂ ਦੇ ਸੰਚਾਰ ਲਈ ਮਹੱਤਵਪੂਰਨ ਹਨ। ਚੋਰੀ ਦੀ ਪੂਰੀ ਕਾਰਵਾਈ ਦੋ ਮਿੰਟਾਂ ਤੋਂ ਵੀ ਘੱਟ ਸਮੇਂ ’ਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਜਾਂਦੇ ਸਨ। ਤਕਨੀਕੀ ਨਿਗਰਾਨੀ ਤੇ ਖ਼ੁਫ਼ੀਆ ਜਾਣਕਾਰੀ ’ਤੇ ਆਧਾਰਤ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਇਨ੍ਹਾਂ ਚੋਰੀਆਂ ’ਚ ਸ਼ਾਮਲ ਨੈੱਟਵਰਕਾਂ ਦਾ ਸਫ਼ਲਤਾ ਪੂਰਵਕ ਪਰਦਾਫ਼ਾਸ਼ ਕੀਤਾ ਹੈ।