ਦਾਜ ਦੀ ਖਾਤਰ ਨੂੰਹ ਨੂੰ ਕੁੱਟ-ਮਾਰ ਕੇ ਘਰੋਂ ਕੱਢਿਆ

Thursday, Jul 26, 2018 - 01:10 AM (IST)

ਦਾਜ ਦੀ ਖਾਤਰ ਨੂੰਹ ਨੂੰ ਕੁੱਟ-ਮਾਰ ਕੇ ਘਰੋਂ ਕੱਢਿਆ

ਮੋਗਾ,  (ਅਾਜ਼ਾਦ)-  ਜ਼ਿਲੇ ਦੇ ਪਿੰਡ ਦੀ ਇਕ ਅੌਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ’ਤੇ ਦਾਜ ਦੀ ਮੰਗ ਪੁੂਰੀ ਨਾ ਹੋਣ ਕਾਰਨ ਉਸ ਨੂੰ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢਣ ਦੇ ਇਲਾਵਾ  ਦਿਓਰ ਵੱਲੋਂ ਉਸ  ਨਾਲ ਕਥਿਤ ਛੇਡ਼-ਛਾਡ਼ ਕਰਨ ਅਤੇ ਗਲਾ ਘੁੱਟ ਕੇ ਜਾਨ ਤੋਂ ਮਾਰਨ ਦਾ ਯਤਨ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
 ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀਡ਼ਤਾ ਨੇ ਕਿਹਾ ਕਿ ਉਸ ਨੇ ਆਈਲੈਟਸ ਪਾਸ ਕੀਤੀ ਹੋਈ ਹੈ। ਉਸ ਦਾ ਵਿਆਹ 9 ਜੁਲਾਈ, 2016 ਨੂੰ ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਕਪੂਰੇ ਨਾਲ ਹੋਇਆ ਸੀ। ਵਿਆਹ ਸਮੇਂ ਇਹ ਗੱਲ ਤੈਅ ਹੋਈ ਸੀ ਕਿ ਮੈਨੂੰ ਵਿਦੇਸ਼ ਭੇਜਣ ਲਈ ਫਾਈਲ ਲਾਈ ਜਾਵੇਗੀ ਅਤੇ ਸਾਰਾ ਖਰਚਾ ਵੀ ਕਰਨਗੇ ਪਰ ਉਨ੍ਹਾਂ ਵਿਆਹ ਤੋਂ ਬਾਅਦ ਮੈਰਿਜ ਰਜਿਸਟਰਡ ਕਰਵਾ ਦਿੱਤੀ ਪਰ ਫਾਈਲ ਨਹੀਂ ਲਵਾਈ, ਜਿਸ ’ਤੇ ਅਸੀਂ ਕਈ ਵਾਰ ਉਨ੍ਹਾਂ ਨੂੰ ਕਿਹਾ ਤਾਂ ਉਨ੍ਹਾਂ ਕੋਈ ਗੱਲ ਨਾ ਸੁਣੀ  ਤੇ  ਪੇਕਿਆਂ  ਤੋਂ  ਹੋਰ   ਦਾਜ  ਲਿਆਉਣ  ਲਈ ਮੈਨੂੰ  ਤੰਗ-ਪ੍ਰੇਸ਼ਾਨ ਕਰਨ ਲੱਗ ਗਏ। ਪੀਡ਼ਤਾ ਨੇ ਕਿਹਾ ਕਿ ਮੇਰੇ ਪੇਕਿਆਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਪਰ ਹੁਣ ਉਹ ਇਕ ਕਾਰ ਅਤੇ 15 ਲੱਖ ਰੁਪਏ ਦੀ ਨਕਦੀ ਦੀ ਮੰਗ ਕਰਨ ਲੱਗੇ। ਉਸਨੇ ਇਹ ਵੀ ਕਿਹਾ ਕਿ ਮੇਰੇ ਦਿਓਰ ਨੇ ਮੇਰੇ ਨਾਲ ਕਥਿਤ ਤੌਰ ’ਤੇ ਛੇਡ਼-ਛਾਡ਼ ਵੀ ਕੀਤੀ ਅਤੇ ਗਲਾ ਘੁੱਟ ਕੇ ਮਾਰ ਦੇਣ ਦਾ ਯਤਨ ਵੀ ਕੀਤਾ, ਜਿਸ ’ਤੇ ਮੇਰੇ ਪਰਿਵਾਰ ਵਾਲਿਆਂ ਵੱਲੋਂ ਮੈਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ  ਗਿਆ, ਜਿੱਥੇ ਮੈਂ ਪੰਜ ਦਿਨ  ਰਹੀ ਪਰ ਮੇਰਾ ਪਤੀ ਅਤੇ ਸਹੁਰੇ ਪਰਿਵਾਰ ਦਾ ਕੋਈ ਵੀ ਮੈਂਬਰ ਮੇਰਾ ਹਾਲ- ਚਾਲ ਪੁੱਛਣ ਲਈ ਨਹੀਂ ਆਇਆ। 
ਉਸ ਨੇ ਕਿਹਾ ਕਿ ਮੈਂ ਅਾਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਪਿੰਡ ਭਿੰਡਰ ਖੁਰਦ ਦੇ ਸਰਪੰਚ ਜੁਗਰਾਜ ਸਿੰਘ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ  ਪਰ ਉਨ੍ਹਾਂ ਕੋਈ ਗੱਲ ਨਾ ਸੁਣੀ। ਮੇਰਾ  ਉਨ੍ਹਾਂ ਦਾਜ ਦਾ ਸਾਰਾ ਸਾਮਾਨ ਵੀ ਹਡ਼ੱਪ  ਲਿਆ ਅਤੇ ਮੈਨੂੰ ਕੁੱਟ -ਮਾਰ  ਕੇ ਘਰੋਂ ਕੱਢ ਦਿੱਤਾ ਤੇ ਮੈਂ 7 ਮਹੀਨੇ ਤੋਂ ਅਾਪਣੇ ਪੇਕੇ ਘਰ ਰਹਿਣ ਲਈ ਮਜਬੂਰ ਹਾਂ। ਜ਼ਿਲਾ ਪੁਲਸ ਮੁਖੀ ਮੋਗਾ ਨੇ  ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਧਰਮਕੋਟ ਦੇ ਡੀ. ਐੱਸ.ਪੀ. ਨੂੰ ਕਰਨ ਦਾ ਹੁਕਮ ਦਿੱਤਾ, ਜਿਨ੍ਹਾਂ ਜਾਂਚ ਸਮੇਂ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਪੀਡ਼ਤਾ ਦੇ ਪਤੀ ਸੁਖਦੇਵ ਸਿੰਘ, ਸਹੁਰਾ ਜੋਗਿੰਦਰ ਸਿੰਘ, ਸੱਸ ਸੰਦੀਪ ਕੌਰ ਅਤੇ ਦਿਓਰ ਜਗਦੇਵ ਸਿੰਘ ਸਾਰੇ ਨਿਵਾਸੀ ਪਿੰਡ ਕਪੂਰੇ  ਖਿਲਾਫ ਥਾਣਾ ਧਰਮਕੋਟ ’ਚ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 


Related News