ਕਾਂਗਰਸੀ ਸੰਸਦ ਮੈਂਬਰਾਂ ਦੀ ਰਾਹੁਲ ਗਾਂਧੀ ਨੂੰ ਪਾਰਟੀ ਦੀ ਅਗਵਾਈ ਸੰਭਾਲਣ ਦੀ ਬੇਨਤੀ ’ਤੇ ਸ਼ੱਕ ਬਰਕਰਾਰ
Tuesday, Aug 09, 2022 - 03:08 PM (IST)
ਜਲੰਧਰ (ਚੋਪੜਾ) : ਕਾਂਗਰਸ ਪਾਰਟੀ ਜਥੇਬੰਦਕ ਚੋਣ ਦੇ ਆਖਰੀ ਪੜਾਅ 'ਚ ਅਗਲੇ ਕੁਝ ਹਫਤਿਆਂ ਵਿਚ ਪਾਰਟੀ ਦੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਚੋਣ ਦੀ ਆਖਰੀ ਪ੍ਰਕਿਰਿਆ ਦਾ ਐਲਾਨ ਕਰ ਸਕਦੀ ਹੈ ਪਰ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਅਜੇ ਵੀ ਸ਼ੱਕ ਬਰਕਰਾਰ ਹੈ ਕਿ ਕੀ ਉਹ ਪਾਰਟੀ ਦੀ ਵਾਗਡੋਰ ਦੁਬਾਰਾ ਸੰਭਾਲਣ ਲਈ ਆਪਣੇ ਸਹਿਯੋਗੀਆਂ ਦੀ ਬੇਨਤੀ ਨੂੰ ਮਨਜ਼ੂਰ ਕਰਨਗੇ ਜਾਂ ਨਹੀਂ? ਹਾਲਾਂਕਿ 5 ਅਗਸਤ ਨੂੰ ਮਹਿੰਗਾਈ, ਬੇਰੋਜ਼ਗਾਰੀ ਅਤੇ ਜੀ. ਐੱਸ. ਟੀ. ਨੂੰ ਲੈ ਕੇ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੌਰਾਨ ਜਦੋਂ ਕਿੰਗਜ਼ਵੇ ਕੈਂਪ ਪੁਲਸ ਲਾਈਨ ਵਿਚ ਰਾਹੁਲ ਗਾਂਧੀ ਸਮੇਤ 60 ਸੰਸਦ ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਉਸ ਦੌਰਾਨ ਪਾਰਟੀ ਲੀਡਰਸ਼ਿਪ ਦੇ ਮੁੱਦੇ ’ਤੇ ਡੂੰਘੀ ਚਰਚਾ ਹੋਈ ਸੀ। ਪੁਖਤਾ ਸੂਤਰਾਂ ਅਨੁਸਾਰ ਕਈ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਦੁਬਾਰਾ ਪਾਰਟੀ ਪ੍ਰਧਾਨ ਬਣ ਕੇ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਲੜਾਈ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ। ਦੱਸਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਦਲੀਲ ਦਿੱਤੀ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਨ ਦੀ ਲੋੜ ਨਹੀਂ ਹੈ ਪਰ 4 ਸੰਸਦ ਮੈਂਬਰਾਂ ਨੇ ਇਸ ਦਲੀਲ ਦਾ ਜਵਾਬ ਦਿੰਦੇ ਹੋਏ ਕਾਫ਼ੀ ਬਹਿਸ ਕੀਤੀ ਕਿ ਆਖਿਰ ਕਿਉਂ ਉਨ੍ਹਾਂ ਵੱਲੋਂ ਪਾਰਟੀ ਦੀ ਕਮਾਨ ਸੰਭਾਲਣ ਦੀ ਲੋੜ ਹੈ।
ਰਾਹੁਲ ਗਾਂਧੀ ਨੇ ਇਸ ਦੇ ਬਾਵਜੂਦ ਆਪਣੀ ਭਵਿੱਖ ਦੀ ਰਾਜਨੀਤੀ ਦੇ ਪੱਤੇ ਨਹੀਂ ਖੋਲ੍ਹੇ ਕਿ ਕੀ ਉਹ ਅਗਵਾਈ ਸੰਭਾਲਣ ਨੂੰ ਤਿਆਰ ਹਨ ਜਾਂ ਨਹੀਂ। ਉਥੇ ਹੀ, ਉਸੇ ਦਿਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੀ ਅਗਵਾਈ ਨੂੰ ਲੈ ਕੇ ਪੁੱਛੇ ਗਏ ਕੁਝ ਪੱਤਰਕਾਰਾਂ ਦੇ ਸਵਾਲਾਂ ਨੂੰ ਇਹ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਕਿ ਅੱਜ ਦੀ ਮੀਡੀਆ ਬ੍ਰੀਫਿੰਗ ਸਿਰਫ਼ ਮਹਿੰਗਾਈ ਅਤੇ ਬੇਰੋਜ਼ਗਾਰੀ ’ਤੇ ਹੈ ਅਤੇ ਉਹ ਇਸ ਨੂੰ ਹੋਰ ਮੁੱਦਿਆਂ ’ਤੇ ਭਟਕਣ ਨਹੀਂ ਦੇਣਗੇ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਰਾਹੁਲ ਗਾਂਧੀ ਹੀ ਅਗਲੇ ਪ੍ਰਧਾਨ ਦੀ ਚੋਣ ਲੜਨਗੇ ਜਾਂ ਉਨ੍ਹਾਂ ਦੀ ਥਾਂ ’ਤੇ ਕੋਈ ਹੋਰ ਕੱਦਾਵਰ ਚਿਹਰਾ ਪਾਰਟੀ ਦੀ ਕਮਾਨ ਸੰਭਾਲਣ ਲਈ ਅੱਗੇ ਆਵੇਗਾ।
20 ਅਗਸਤ ਤੋਂ ਸਤੰਬਰ ਵਿਚਕਾਰ ਏ. ਆਈ. ਸੀ. ਸੀ. ਦੇ 9 ਹਜ਼ਾਰ ਡੈਲੀਗੇਟਸ ਕਰਨਗੇ ਪਾਰਟੀ ਲੀਡਰਸ਼ਿਪ ਦੀ ਚੋਣ
ਮੌਜੂਦਾ ਸਮੇਂ ਲੱਗਦਾ ਹੈ ਕਿ ਕਾਂਗਰਸ ਸਮੇਂ ਦੇ ਖ਼ਿਲਾਫ਼ ਦੌੜ ਰਹੀ ਹੈ। ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਨੇ ਪਾਰਟੀ ਦੀਆਂ ਅੰਦਰੂਨੀ ਚੋਣਾਂ ਦਾ ਆਖਰੀ ਪੜਾਅ 20 ਅਗਸਤ ਅਤੇ ਸਤੰਬਰ ਦੇ ਵਿਚਕਾਰ ਨਿਰਧਾਰਿਤ ਕੀਤਾ ਹੈ, ਜਿਸ ਵਿਚ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦੇ ਲਗਭਗ 9 ਹਜ਼ਾਰ ਡੈਲੀਗੇਟਸ ਨਾਲ ਬਣਿਆ ਚੋਣ ਮੰਡਲ ਲਗਭਗ ਤਿਆਰ ਹੈ। ਜਿਵੇਂ ਕੁਝ ਹੀ ਸੂਬਿਆਂ ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਕਰਨਾਟਕ ਨੇ ਆਪਣੀਆਂ ਅੰਦਰੂਨੀ ਚੋਣ ਅਭਿਆਸ ਨੂੰ ਪੂਰਾ ਕੀਤਾ ਹੈ। ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀ. ਸੀ. ਸੀ.) ਨੇ ਵੀ ਆਪਣੀਆਂ ਬਲਾਕ ਕਾਂਗਰਸ ਅਤੇ ਜ਼ਿਲ੍ਹਾ ਪੱਧਰ ਦੀਆਂ ਚੋਣਾਂ ਨਿਪਟਾ ਲਈਆਂ ਹਨ। ਸੈਂਟਰਲ ਇਲੈਕਸ਼ਨ ਅਥਾਰਟੀ (ਸੀ. ਈ. ਏ.) ਦੇ ਪ੍ਰਮੁੱਖ ਮਧੂਸੂਦਨ ਮਿਸਤਰੀ ਦਾ ਕਹਿਣਾ ਹੈ ਕਿ ਅਸੀਂ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਸੀ. ਡਬਲਯੂ. ਸੀ. ਵੱਲੋਂ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਸਾਰਾ ਕੰਮ ਨਿਪਟਾਇਆ ਜਾਵੇਗਾ।
ਉਥੇ ਹੀ, ਜਥੇਬੰਦਕ ਚੋਣਾਂ ਦੇ ਨਾਲ-ਨਾਲ ਕਾਂਗਰਸ ਨੇ ਉਦੈਪੁਰ ਮਈ ਮਹੀਨੇ ਕੀਤੇ ਐਲਾਨ ’ਤੇ ਅਮਲ ਕੀਤਾ ਹੈ, ਜਿਵੇਂ ਹਰ ਸੂਬੇ ਵਿਚ ਇਕ ਪਾਲਿਟੀਕਲ ਅਫੇਅਰ ਕਮੇਟੀ ਦਾ ਗਠਨ ਕਰਨਾ, ਪਾਰਟੀ ਦੇ ਖਾਲੀ ਅਹੁਦਿਆਂ ਨੂੰ ਭਰਨਾ ਅਤੇ ਸਭ ਤੋਂ ਮਹੱਤਵਪੂਰਨ ਗੱਲ ‘ਭਾਰਤ ਜੋੜੋ ਯਾਤਰਾ’ ਜਿਹੜੀ ਕਿ ਮੂਲ ਰੂਪ ਵਿਚ 2 ਅਕਤੂਬਰ ਨੂੰ ਸ਼ੁਰੂ ਹੋਣੀ ਸੀ, ਜਿਸ ਨੂੰ ਹੁਣ ਅੱਗੇ ਵਧਾਇਆ ਜਾ ਸਕਦਾ ਹੈ। ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਜੰਮੂ-ਕਸ਼ਮੀਰ ਵਿਚ ਖ਼ਤਮ ਹੋਣ ਵਾਲੀ ‘ਭਾਰਤ ਜੋੜੋ ਯਾਤਰਾ’ ਨੂੰ ਸੀਨੀਅਰ ਆਗੂ ਦਿਗਵਿਜੇ ਸਿੰਘ ਦੀ ਪ੍ਰਧਾਨਗੀ ਵਿਚ ਇਕ ਪੈਨਲ ਆਖ਼ਰੀ ਰੂਪ ਦੇ ਰਿਹਾ ਹੈ, ਹਾਲਾਂਕਿ ਯਾਤਰਾ ’ਤੇ ਅਜੇ ਬਾਰੀਕੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ 150 ਦਿਨਾਂ ਵਿਚ ਲਗਭਗ 3500 ਕਿਲੋਮੀਟਰ ਦੀ ਦੂਰੀ ਤਹਿ ਕਰਨ ਦੀ ਯੋਜਨਾ ਨੂੰ ਪਾਰਟੀ ਨੇ ਅਜੇ ਜਨਤਕ ਨਹੀਂ ਕੀਤਾ ਹੈ।