ਦੋਹਰੇ ਕਤਲ ਕੇਸ ਦਾ ਦੋਸ਼ੀ ਆਪਣੇ ਪਿਤਾ ਨੂੰ ਵੀ ਲਗਾ ਚੁੱਕਾ ਹੈ ਲੱਖਾਂ ਦਾ ਚੂਨਾ

Monday, Oct 30, 2017 - 01:58 PM (IST)

ਦੋਹਰੇ ਕਤਲ ਕੇਸ ਦਾ ਦੋਸ਼ੀ ਆਪਣੇ ਪਿਤਾ ਨੂੰ ਵੀ ਲਗਾ ਚੁੱਕਾ ਹੈ ਲੱਖਾਂ ਦਾ ਚੂਨਾ

ਮੋਹਾਲੀ (ਰਾਣਾ)-ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਤੇ ਉਸਦੀ ਮਾਂ ਗੁਰਚਰਨ ਕੌਰ ਦੇ ਕਤਲ ਦੇ ਮੁਲਜ਼ਮ ਗੌਰਵ ਦਾ ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਮੋਹਾਲੀ 'ਚ ਆਉਣ ਤੋਂ ਪਹਿਲਾਂ ਮੁਲਜ਼ਮ ਨੇ ਆਪਣੇ ਪਰਿਵਾਰ ਨਾਲ 9 ਲੱਖ ਦੀ ਠੱਗੀ ਕੀਤੀ ਸੀ। ਇਹ ਠੱਗੀ ਉਸਨੇ ਕੈਨੇਡਾ ਦਾ ਵੀਜ਼ਾ ਲੈਣ ਦੇ ਨਾਂ 'ਤੇ ਕੀਤੀ ਸੀ ਪਰ ਜਦੋਂ ਮੁਲਜ਼ਮ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਨੇ ਮੋਹਾਲੀ 'ਚ ਦੋ ਲੋਕਾਂ ਦਾ ਕਤਲ ਕਰ ਦਿੱਤਾ ਹੈ ਤਾਂ ਉਨ੍ਹਾਂ ਦਾ ਵਿਸ਼ਵਾਸ ਉਸ ਤੋਂ ਉੱਠ ਗਿਆ। 
ਮੁਲਜ਼ਮ ਦਾ ਪਿਤਾ ਸਤਵੀਰ ਸਿੰਘ ਇਕ ਕਿਸਾਨ ਹੈ, ਉਸ ਦੇ ਤਿੰਨ ਬੱਚੇ ਹਨ ਤੇ ਮੁਲਜ਼ਮ ਗੌਰਵ ਸਭ ਤੋਂ ਛੋਟਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਆਪਣੇ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਸਦੀ ਕੈਨੇਡਾ 'ਚ ਇਕ ਸਪੇਅਰ ਪਾਰਟ ਦੀ ਕੰਪਨੀ 'ਚ ਨੌਕਰੀ ਲੱਗ ਗਈ ਹੈ ਤੇ ਉਸਨੂੰ ਵੀਜ਼ਾ ਲਵਾਉਣ ਲਈ 9 ਲੱਖ ਰੁਪਏ ਚਾਹੀਦੇ ਹਨ, ਜਿਸ ਲਈ ਉਸਦੇ ਪਰਿਵਾਰ ਨੇ ਉਸ ਨੂੰ 9 ਲੱਖ ਰੁਪਏ ਦੇ ਦਿੱਤੇ। ਇਹ 9 ਲੱਖ ਰੁਪਏ ਮੁਲਜ਼ਮ ਨੂੰ ਉਸਦੇ ਪਿਤਾ ਨੇ 3 ਵਿਘੇ ਜ਼ਮੀਨ ਤੇ ਪਸ਼ੂ ਵੇਚ ਕੇ ਦਿੱਤੇ ਸਨ।

ਮੁਲਜ਼ਮ ਠੱਗੀ ਕਰਨ ਤੋਂ ਨਹੀਂ ਬਾਜ਼ ਆਇਆ
ਮੁਲਜ਼ਮ 12 ਮਾਰਚ ਨੂੰ ਆਪਣੇ ਘਰੋਂ ਚਲਿਆ ਗਿਆ ਸੀ। ਮੁਲਜ਼ਮ ਨੇ ਆਪਣੇ ਪੇਟ 'ਚ ਰਸੌਲੀ ਦੱਸ ਕੇ ਆਪਣੇ ਪਰਿਵਾਰਕ ਬੈਂਕ ਖਾਤੇ 'ਚ 40 ਹਜ਼ਾਰ ਰੁਪਏ ਮੰਗਵਾਏ ਸਨ। ਮੁਲਜ਼ਮ ਲਖਾਵਟੀ ਦੇ ਅਮਰ ਸਿੰਘ ਕਾਲਜ ਤੋਂ ਬੀ. ਏ. ਕਰ ਰਿਹਾ ਸੀ।
ਪਰਿਵਾਰ ਵਾਲੇ ਲੱਭ ਰਹੇ ਸਨ ਲੜਕੀ
ਮੁਲਜ਼ਮ ਦੇ ਪਰਿਵਾਰ ਵਾਲੇ ਉਸ ਲਈ ਲੜਕੀ ਦੇਖ ਰਹੇ ਸਨ ਤੇ ਉਨ੍ਹਾਂ ਨੇ ਕਈ ਥਾਵਾਂ 'ਤੇ ਗੌਰਵ ਦੇ ਰਿਸ਼ਤੇ ਦੀ ਗੱਲ ਵੀ ਚਲਾਈ ਸੀ ਪਰ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱੱਗਾ ਕਿ ਗੌਰਵ ਨੇ ਦੋ ਕਤਲ ਕਰ ਦਿੱਤੇ ਹਨ ਤਾਂ ਜਿਨ੍ਹਾਂ ਨਾਲ ਰਿਸ਼ਤੇ ਦੀ ਗੱਲ ਚੱਲ ਰਹੀ ਸੀ, ਉਨ੍ਹਾਂ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। 
ਉਥੇ ਹੀ ਮੋਹਾਲੀ ਪੁਲਸ ਨੇ ਵੀ ਮੁਲਜ਼ਮ ਗੌਰਵ ਦੇ ਚੰਡੀਗੜ੍ਹ ਦੇ ਕਜਹੇੜੀ ਸਥਿਤ ਕਮਰੇ 'ਚੋਂ ਇਕ ਲੜਕੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਸੀ। ਉਸ ਲੜਕੀ ਬਾਰੇ ਗੌਰਵ ਦੇ ਗੁਆਂਢੀਆਂ ਨੇ ਉਸਦੀ ਪਤਨੀ ਦੱਸਿਆ ਸੀ।
ਕਿਸੇ ਹੋਰ ਦਾ ਨਾਂ ਨਹੀਂ ਲਿਆ ਮੁਲਜ਼ਮ ਨੇ
ਮੁਲਜ਼ਮ 5 ਦਿਨਾ ਪੁਲਸ ਰਿਮਾਂਡ 'ਤੇ ਹੈ, ਜਿਸਦਾ ਐਤਵਾਰ ਨੂੰ ਤੀਜਾ ਰਿਮਾਂਡ ਖਤਮ ਹੋ ਗਿਆ ਪਰ ਪੁਲਸ ਨੂੰ ਅਜੇ ਤਕ ਮੁਲਜ਼ਮ ਨੇ ਅਜਿਹਾ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਦੋਵੇਂ ਕਤਲ ਉਸਨੇ ਇਕੱਲਿਆਂ ਹੀ ਕੀਤੇ ਸੀ ਜਾਂ ਉਸਦੇ ਨਾਲ ਕੋਈ ਹੋਰ ਵੀ ਸੀ।


Related News