ਲੰਪੀ ਸਕਿਨ ਬੀਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ, ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ: ਭੁੱਲਰ

Sunday, Aug 07, 2022 - 06:02 PM (IST)

ਲੰਪੀ ਸਕਿਨ ਬੀਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ, ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ: ਭੁੱਲਰ

ਚੰਡੀਗੜ੍ਹ : ਲਾਗ ਦੀ ਬੀਮਾਰੀ ਲੰਪੀ ਸਕਿਨ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ ਹਨ, ਜੋ ਸੂਬੇ ਦੇ ਸਿਹਤਮੰਦ ਪਸ਼ੂਆਂ ਨੂੰ ਮੁਫ਼ਤ ਲਾਈ ਜਾਵੇਗੀ ਤਾਂ ਜੋ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਹ ਜਾਣਕਾਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਹਲਕਾ ਖੇਮਕਰਨ ਦੇ ਪਿੰਡ ਮਾਣਕਪੁਰਾ, ਗਿੱਲ ਡੇਅਰੀ ਫਾਰਮ ਮਾੜੀ ਬੋਹੜ ਵਾਲੀ, ਪਿੰਡ ਮਦਰ ਅਤੇ ਗਿੱਲ ਡੇਅਰੀ ਫਾਰਮ ਮਦਰ, ਪਿੰਡ ਭੰਡਾਲ ਅਤੇ ਸੰਧੂ ਡੇਅਰੀ ਫਾਰਮ ਬਹਿੜਵਾਲ ਦਾ ਤੂਫਾਨੀ ਦੌਰਾ ਕਰਨ ਮੌਕੇ ਦਿੱਤੀ।

ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, ਇੰਝ ਕੈਦੀਆਂ ਤੱਕ ਪਹੁੰਚਾਉਂਦਾ ਸੀ ਹੈਰੋਇਨ ਤੇ ਮੋਬਾਇਲ

ਪੰਜਾਬ ਦੇ ਦੌਰੇ ਦੇ ਲਗਾਤਾਰ ਤੀਜੇ ਦਿਨ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੈਦਰਾਬਾਦ ਤੋਂ ਉਚੇਚੇ ਤੌਰ 'ਤੇ ਮੰਗਵਾਈ ਗਈ ਇਹ ਦਵਾਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਭੇਜੀ ਜਾ ਚੁੱਕੀ ਹੈ ਅਤੇ ਡਾਕਟਰਾਂ ਨੇ ਦਵਾਈ ਨੂੰ ਸਿਹਤਮੰਦ ਪਸ਼ੂਆਂ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਇਹ ਦਵਾਈ ਪਸ਼ੂਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਪਟਿਆਲਾ ਕੇਂਦਰੀ ਜੇਲ੍ਹ 'ਚੋਂ ਬਰਾਮਦ ਹੋਏ 19 ਮੋਬਾਇਲ, ਜੇਲ੍ਹ ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਮੰਤਰੀ ਨੇ ਦੱਸਿਆ ਕਿ ਹੋਰ ਦਵਾਈ ਮੰਗਵਾਉਣ ਲਈ ਵਿਭਾਗ ਦੇ ਅਧਿਕਾਰੀ ਨਿਰੰਤਰ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸਾਰਥਕ ਕਦਮ ਚੁੱਕ ਰਹੀ ਹੈ। ਪਸ਼ੂਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਦਵਾਈਆਂ ਤੋਂ ਇਲਾਵਾ ਹੋਰ ਸਾਜੋ-ਸਾਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇ। ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲਿਅ੍ਹਾਂ ਨੂੰ 76 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਿਆਂ ਵਿਚ ਤੈਨਾਤ ਅਮਲੇ ਦੇ ਨਾਲ-ਨਾਲ ਮੁੱਖ ਦਫ਼ਤਰ ਤੋਂ ਵੀ ਵੈਟਰਨਰੀ ਅਧਿਕਾਰੀ ਜ਼ਿਲ੍ਹਿਆਂ ਵਿੱਚ ਭੇਜੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਲੰਪੀ ਸਕੀਨ ਬਿਮਾਰੀ ਵਿਸ਼ੇਸ਼ ਤੌਰ 'ਤੇ ਗਾਵਾਂ ਵਿਚ ਫੈਲ ਰਹੀ ਹੈ ਅਤੇ ਸੂਬੇ ਦੇ ਕਈ ਜ਼ਿਲ੍ਹੇ ਇਸ ਬੀਮਾਰੀ ਦੀ ਚਪੇਟ ਵਿਚ ਆ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਪਸ਼ੂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ, ਸਗੋਂ ਦਫ਼ਨ ਕੀਤਾ ਜਾਵੇ ਅਤੇ ਹਾਲ ਦੀ ਘੜੀ ਦੂਜੇ ਸੂਬਿਆਂ ਤੋਂ ਪਸ਼ੂ ਖ਼ਰੀਦ ਕੇ ਪੰਜਾਬ ਅੰਦਰ ਨਾ ਲਿਆਂਦੇ ਜਾਣ ਤਾਂ ਜੋ ਬੀਮਾਰੀ ਦੇ ਫੈਲਣ ਨੂੰ ਰੋਕਿਆ ਜਾ ਸਕੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News