ਦੋਰਾਹਾ ਪੁਲਸ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਭਾਰਤ ਸਰਕਾਰ ਦਾ ਨਕਲੀ ਪਟਵਾਰੀ ਕੀਤਾ ਕਾਬੂ
Thursday, Aug 19, 2021 - 06:36 PM (IST)
ਦੋਰਾਹਾ (ਵਿਨਾਇਕ) : ਦੋਰਾਹਾ ਪੁਲਸ ਨੇ ਐੱਸ. ਐੱਚ. ਓ. ਨਛੱਤਰ ਸਿੰਘ ਦੀ ਅਗਵਾਈ ‘ਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਭਾਰਤ ਸਰਕਾਰ ਦੇ ਇੱਕ ਨਕਲੀ ਪਟਵਾਰੀ ਨੂੰ ਕਾਬੂ ਕੀਤਾ ਹੈ। ਦੋਰਾਹਾ ਜੀ. ਟੀ. ਰੋਡ ‘ਤੇ ਸਥਿਤ ਇੱਕ ਪਲਾਟ ‘ਚੋਂ ਗੈਸ ਪਾਈਪ ਲਾਈਨ ਨਾ ਕੱਢਣ ਦੀ ਏਵਜ਼ ‘ਚ ਪਲਾਟ ਮਾਲਕ ਨਾਲ ਕਥਿਤ ਤੌਰ ‘ਤੇ ਇੱਕ ਲੱਖ ਰੁਪਏ ‘ਚ ਸੌਦਾ ਤਹਿ ਕਰਕੇ 10 ਹਜ਼ਾਰ ਰੁਪਏ ਨਕਦ ਵਸੂਲ ਕਰਕੇ ਠੱਗੀ ਮਾਰੀ ਸੀ। ਬਾਅਦ ਵਿੱਚ ਕਥਿਤ ਦੋਸ਼ੀ ਦੀ ਪਛਾਣ ਮਨਿੰਦਰ ਸਿੰਘ ਗਰੇਵਾਲ ਪੁੱਤਰ ਰਘਵੀਰ ਸਿੰਘ ਵਾਸੀ ਕਿਲਾਰਾਏਪੁਰ ਹਾਲ ਵਾਸੀ ਮਕਾਨ ਨੰਬਰ 111 ਗਲੀ ਨੰਬਰ 1 ਮੁਹੱਲਾ ਬਸੰਤ ਨਗਰ ਖੰਨਾ ਕਲਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਨਛੱਤਰ ਸਿੰਘ ਨੇ ਦੱਸਿਆ ਕਿ ਦੋਰਾਹਾ ਪੁਲਸ ਪਾਸ ਮੱਖਣ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਭੇਰੋਮੁੰਨਾ ਥਾਣਾ ਕੂੰਮ ਕਲਾ, ਜ਼ਿਲ੍ਹਾ ਲੁਧਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸਾਹਨੇਵਾਲ ਕੋਹਾੜਾ ਰੋਡ ‘ਤੇ ਸੂਹੀ ਟੁਆਇਜ ਐਂਡ ਪ੍ਰਾਪਟੀ ਦਾ ਕਾਰੋਬਾਰ ਕਰਦਾ ਹੈ। ਮਿਤੀ 15 ਅਗਸਤ ਨੂੰ ਖੁਸਮੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਫੇਜ-1 ਦੁਗਰੀ (ਲੁਧਿਆਣਾ) ਨੇ ਫੋਨ ਕਰਕੇ ਦੱਸਿਆ ਕਿ ਕਥਿਤ ਦੋਸ਼ੀ ਮਨਿੰਦਰ ਸਿੰਘ ਗਰੇਵਾਲ, ਜੋ ਕਿ ਖੁਦ ਨੂੰ ਭਾਰਤ ਸਰਕਾਰ ਦਾ ਪਟਵਾਰੀ ਦੱਸ ਰਿਹਾ ਸੀ, ਨੇ ਕਿਹਾ ਕਿ ਤੁਆਡਾ ਇੱਕ ਪਲਾਟ ਦੋਰਾਹਾ ਸਥਿਤ ਦਿੱਲੀ ਹਾਈਵੇਜ਼ ‘ਤੇ ਸਥਿਤ ਹੈ ਅਤੇ ਉਸ ਦੇ 55 ਫੁੱਟ ਫਰੰਟ ਵਿੱਚੋਂ 45 ਫੁੱਟ ਫਰੰਟ ਅੰਮ੍ਰਿਤਸਰ ਦਿੱਲੀ ਪੈਟਰੋਲੀਅਮ ਪਾਇਪ ਲਾਈਨ ਦੇ ਘੇਰੇ ਦੇ ਵਿੱਚ ਆ ਰਿਹਾ ਹੈ, ਜਿਸ ਨੂੰ ਭਾਰਤ ਸਰਕਾਰ ਨੇ ਇਕੁਆਇਰ ਕਰਨਾ ਹੈ। ਇਸ ਸਬੰਧੀ ਮੈਂ ਆਪਣੇ ਦੋਸਤ ਪਾਲ ਸਿੰਘ ਮਾਲਕ ਪ੍ਰਮੇਸ਼ਵਰ ਕਿ੍ਰਪਾ ਪ੍ਰਾਪਰਟੀ ਡੀਲਰ, ਕੱਦੋ ਰੋਡ ਦੋਰਾਹਾ ਅਤੇ ਕੁਸਮੀਤ ਸਿੰਘ ਨਾਲ ਆਪਣੇ ਪਲਾਟ ‘ਤੇ ਪੁੱਜਾ, ਜਿੱਥੇ ਦੋਸ਼ੀ ਨੇ ਪੁੱਜ ਕੇ ਖੁਦ ਨੂੰ ਮਨਿੰਦਰ ਸਿੰਘ ਗਰੇਵਾਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਭਾਰਤ ਸਰਕਾਰ ਦਾ ਪਟਵਾਰੀ ਪਾਈਪਲਾਈਨ ਡਿਵੀਜਨ ਸ਼ਾਸਤਰੀ ਭਵਨ ਨਵੀਂ ਦਿੱਲੀ ਗੈਸ ਪਾਈਪਲਾਈਨ ਸਰਵੇਖਣ ਵਿਭਾਗ ਦੱਸਦਿਆ ਸਾਨੂੰ ਇੱਕ ਨੋਟਿਸ ਦੀ ਕਾਪੀ ਦਿੱਤੀ ਅਤੇ ਗੈਸ ਪਾਇਪ ਲਾਈਨ ਪਲਾਟ ਦੇ ਵਿੱਚ ਦੀ ਨਾ ਕੱਢਣ ਦੇ ਨਾ ‘ਤੇ ਸਾਡੇ ਨਾਲ ਇੱਕ ਲੱਖ ਰੁਪਏ ਵਿੱਚ ਸੌਦਾ ਤਹਿ ਕੀਤਾ ਅਤੇ ਸਾਡੇ ਪਾਸੋ ਬਤੌਰ ਪੇਸ਼ਗੀ 10,000 ਰੁਪਏ ਨਕਦ ਲੈ ਲਏ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਗਿਰੋਹ ਦੇ 9 ਮੈਂਬਰ ਗ੍ਰਿਫ਼ਤਾਰ, 52 ਲਗਜ਼ਰੀ ਕਾਰਾਂ ਬਰਾਮਦ
ਬਾਅਦ ਵਿੱਚ ਪੜਤਾਲ ਕਰਨ ‘ਤੇ ਇਹ ਸਾਰਾ ਮਾਮਲਾ ਫਰਜ਼ੀ ਲੱਗਿਆ। ਇਸ ਤਰ੍ਹਾਂ ਮਨਿੰਦਰ ਸਿੰਘ ਗਰੇਵਾਲ ਨੇ ਇੱਕ ਸਰਕਾਰੀ ਅਫਸਰ ਬਣ ਕੇ ਫੋਟੋ ਸਟੇਟ ਨੋਟਿਸ ਕਾਪੀ ਰਾਂਹੀ ਸਾਨੂੰ ਡਰਾ ਧਮਕਾ ਕੇ ਸਾਡੇ ਨਾਲ ਠੱਗੀ ਕੀਤੀ ਹੈ। ਇਸ ਘਟਨਾ ਸਬੰਧੀ ਦੋਰਾਹਾ ਪੁਲਸ ਨੇ ਧਾਰਾ 420,384 ਆਈਪੀਸੀ ਅਧੀਨ ਕੇਸ ਦਰਜ ਕਰਕੇ ਦੋਸ਼ੀ ਮਨਿੰਦਰ ਸਿੰਘ ਗਰੇਵਾਲ ਨੂੰ ਟਰੈਪ ਲਗਾ ਕੇ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਬਾਅਦ ਵਿੱਚ ਦੋਸ਼ੀ ਦੀ ਨਿਸ਼ਾਨਦੇਹੀ ‘ਤੇ 10,000 ਰੁਪਏ ਦੀ ਨਕਦੀ, 16 ਫਰਜੀ ਨੋਟਿਸਾ ਦੀਆ ਕਾਪੀਆਂ, ਇੱਕ ਜਾਅਲੀ ਕਗਜ਼ਾਤ ਤਿਆਰ ਕਰਨ ਵਾਲਾ ਲੈਪਟਾਪ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਮਨਿੰਦਰ ਸਿੰਘ ਗਰੇਵਾਲ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਸ ਦੌਰਾਨ ਦੋਸ਼ੀ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਹਿਮ ਖੁਲਾਸੇ ਹੋਣ ਦੀ ਭਰਪੂਰ ਸੰਭਾਵਨਾ ਹੈ।
ਗੈਸ ਪਾਇਪ ਲਾਈਨ ਤੋਂ ਬਾਹਰ ਕੱਢਣ ਦੇ ਸੁਪਨੇ ਦਿਖਾ ਕੇ ਫਸਾਉਂਦਾ ਸੀ ਆਪਣੇ ਮੱਕੜ ਜਾਲ ‘ਚ
ਐੱਸ. ਐੱਚ. ਓ. ਨਛੱਤਰ ਸਿੰਘ ਨੇ ਦੱਸਿਆ ਕਿ ਦੋਸ਼ੀ ਮਨਿੰਦਰ ਸਿੰਘ ਗਰੇਵਾਲ ਇੱਕ ਸ਼ਾਤਿਰ ਦਿਮਾਗ ਦਾ ਵਿਅਕਤੀ ਹੈ, ਜਿਹੜਾ ਭੋਲੇ-ਭਾਲੇ ਲੋਕਾਂ ਦੇ ਪਲਾਟ ਵਿੱਚੋਂ ਗੈਸ ਪਾਇਪ ਲਾਈਨ ਕੱਢਣ ਲਈ ਨਿਸ਼ਾਨਦੇਹੀ ਕਰਵਾ ਕੇ ਉਨ੍ਹਾਂ ਦਾ ਪਲਾਟ ਗੈਸ ਪਾਇਪ ਲਾਈਨ ਤੋਂ ਬਾਹਰ ਕੱਢਣ ਦੇ ਸੁਪਨੇ ਦਿਖਾ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾ ਕੇ ਉਨ੍ਹਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਹੋਰ ਵੀ ਕਈ ਵਾਰਦਾਤਾ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ, ਜਿਸ ਬਾਰੇ ਪੁਲਸ ਵੱਲੋਂ ਪੂਰੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਵਲੋਂ ਜ਼ਿਲ੍ਹੇ ਅੰਦਰ ਕੋਵਿਡ ਨਾਲ ਸਬੰਧਤ ਨਵੀਆਂ ਹਦਾਇਤਾਂ ਜਾਰੀ
ਦੋਸ਼ੀ ਮਾਲ ਵਿਭਾਗ ‘ਚ ਪਟਵਾਰੀ ਦੇ ਪੱਦ ਤੋਂ ਹੋ ਚੁੱਕਾ ਹੈ ਬਰਖ਼ਾਸਤ
ਐੱਸ. ਐੱਚ. ਓ. ਨਛੱਤਰ ਸਿੰਘ ਨੇ ਅੱਗੇ ਦੱਸਿਆ ਕਿ ਦੋਸ਼ੀ ਮਨਿੰਦਰ ਸਿੰਘ ਗਰੇਵਾਲ 2002 ‘ਚ ਮਾਲ ਵਿਭਾਗ ‘ਚ ਪਟਵਾਰੀ ਭਰਤੀ ਹੋਇਆ ਸੀ। ਜਿਸ ਵਿਰੁੱਧ ਸਾਲ 2014 ‘ਚ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਵਿਜੀਲੈਂਸ ਵੱਲੋਂ ਕੁਰਪਸ਼ਨ ਦਾ ਕੇਸ ਦਰਜ ਕਰਵਾਇਆ ਗਿਆ ਸੀ। ਬਾਅਦ ਵਿੱਚ ਮਾਣਯੋਗ ਅਦਾਲਤ ਨੇ ਉਸ ਕੇਸ ਵਿੱਚ ਮਨਿੰਦਰ ਸਿੰਘ ਗਰੇਵਾਲ ਨੂੰ ਦੋਸ਼ੀ ਠਹਿਰਾਇਆ ਸੀ, ਉਪਰੰਤ ਮਾਲ ਵਿਭਾਗ ਨੇ ਉਸਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਨੇ ਕੇਂਦਰ ਨੂੰ ਪੱਤਰ ਲਿਖ ਕੇ ਅਫਗਾਨਿਸਤਾਨ ਤੋਂ ਹਿੰਦੂ-ਸਿੱਖਾਂ ਨੂੰ ਕੱਢਣ ਦੀ ਕੀਤੀ ਅਪੀਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ