ਦੋਰਾਹਾ ਪੁਲਸ ਵੱਲੋਂ 5 ਕਰੋੜ ਦੀ ਹੈਰੋਇਨ ਸਣੇ ਦਿੱਲੀ ਦਾ ਨੌਜਵਾਨ ਕਾਬੂ

Wednesday, May 26, 2021 - 04:52 PM (IST)

ਦੋਰਾਹਾ (ਵਿਨਾਇਕ) : ਦੋਰਾਹਾ ਪੁਲਸ ਨੇ ਜੀ. ਟੀ. ਰੋਡ ‘ਤੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਕਿਰਾਏ ਦੀ ਗੱਡੀ ‘ਚ ਸਪਲਾਈ ਦੇਣ ਆ ਰਹੇ ਦਿੱਲੀ ਦੇ ਇੱਕ ਨੋਜਵਾਨ ਨੂੰ ਕਾਬੂ ਕਰਕੇ ਉਸਦੇ ਕਬਜ਼ੇ ‘ਚੋਂ ਇੱਕ ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਸ ਅਨੁਸਾਰ ਕਥਿਤ ਦੋਸ਼ੀ ਦੀ ਪਛਾਣ ਗੌਰਵ ਪੁੱਤਰ ਸਰੂਪ ਚੰਦ ਵਾਸੀ ਨਵੀ ਦਿੱਲੀ ਵੱਜੋਂ ਹੋਈ ਹੈ।

ਦੋਰਾਹਾ ਦੇ ਐਸ. ਐਚ. ਓ. ਨਛੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣੇਦਾਰ ਕੁਲਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ, ਜੀ. ਟੀ. ਰੋਡ ਦੋਰਾਹਾ ਵਿਖੇ ਐਫ. ਸੀ. ਆਈ ਗੋਦਾਮਾਂ ਸਾਹਮਣੇ ਵਿਸ਼ੇਸ਼ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਖੰਨਾ ਸਾਈਡ ਵੱਲੋਂ ਆ ਰਹੀ ਇੱਕ ਟੈਕਸੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ ਗਈ। ਪੁਲਸ ਅਨੁਸਾਰ ਉਕਤ ਟੈਕਸੀ ਨੂੰ ਡਰਾਈਵਰ ਪ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੋਹਣੀ, ਦਿੱਲੀ ਚਲਾ ਰਿਹਾ ਸੀ, ਜਦੋਂ ਕਿ ਪਿਛਲੀ ਸੀਟ ‘ਤੇ ਕਥਿਤ ਦੋਸ਼ੀ ਗੌਰਵ ਸਵਾਰ ਸੀ। ਪੁਲਸ ਨੂੰ ਤਲਾਸ਼ੀ ਦੌਰਾਨ ਦੋਸ਼ੀ ਗੌਰਵ ਦੇ ਕਬਜ਼ੇ ਵਿੱਚੋਂ ਇੱਕ ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।

ਦੋਰਾਹਾ ਪੁਲਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ. ਐਚ. ਓ. ਨਛੱਤਰ ਸਿੰਘ ਨੇ ਅੱਗੇ ਦੱਸਿਆ ਕਿ ਦੋਸ਼ੀ ਗੌਰਵ ਨੇ ਮੁੱਢਲੀ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਸ ਨੇ ਉਕਤ ਟੈਕਸੀ 5 ਹਜ਼ਾਰ ਰੁਪਏ 'ਤੇ ਦਿੱਲੀ ਬਾਈਪਾਸ ਤੋਂ ਜੀਰਾ (ਪੰਜਾਬ) ਜਾਣ ਲਈ ਕਿਰਾਏ ‘ਤੇ ਲਈ ਸੀ ਅਤੇ ਇਹ ਹੈਰੋਇਨ ਦਿੱਲੀ ਦੇ ਇੱਕ ਨਾਈਜੀਰੀਅਨ ਪਾਸੋ ਲੈ ਕੇ ਜੀਰਾ (ਪੰਜਾਬ) ਵਿਖੇ ਸਪਲਾਈ ਦੇਣ ਲਈ ਜਾ ਰਿਹਾ ਸੀ। ਕਥਿਤ ਦੋਸ਼ੀ ਗੌਰਵ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਉਪਰੰਤ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਹਿਮ ਖ਼ੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ।
 


Babita

Content Editor

Related News