18 ਸਾਲਾ ਸੁਰਿੰਦਰ ਕੌਰ ਦੇ ਅੰਗ ਦਾਨ ਨਾਲ 4 ਜ਼ਿੰਦਗੀਆਂ ਰੌਸ਼ਨ

Thursday, Aug 27, 2026 - 05:27 PM (IST)

18 ਸਾਲਾ ਸੁਰਿੰਦਰ ਕੌਰ ਦੇ ਅੰਗ ਦਾਨ ਨਾਲ 4 ਜ਼ਿੰਦਗੀਆਂ ਰੌਸ਼ਨ

ਚੰਡੀਗੜ੍ਹ (ਸ਼ੀਨਾ): ਹਮਦਰਦੀ ਤੇ ਮਨੁੱਖਤਾ ਦੀ ਇਕ ਮਿਸਾਲ ਕਾਇਮ ਕਰਦੇ ਹੋਏ 18 ਸਾਲਾ ਕੁੜੀ ਸੁਰਿੰਦਰ ਕੌਰ ਦੇ ਪਰਿਵਾਰ ਨੇ ਜੋ ਕਿ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਤਿਊਰ ਪਿੰਡ ਦੀ ਵਸਨੀਕ ਹੈ, ਦੀ ਬੇਵਕਤੀ ਮੌਤ ਤੋਂ ਬਾਅਦ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ। ਇਸ ਨੇਕ ਫੈਸਲੇ ਨੇ ਅੰਤਮ ਪੜਾਅ ਦੀ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਦੋ ਮਰੀਜ਼ਾਂ ਨੂੰ ਇਕ ਨਵੀਂ ਜ਼ਿੰਦਗੀ ਦਿੱਤੀ, ਜਦਕਿ ਦੋ ਹੋਰਾਂ ਨੂੰ ਨਜ਼ਰ ਬਹਾਲ ਹੋਣ ਦੀ ਉਮੀਦ ਦਿੱਤੀ। ਇਸ ਤਰ੍ਹਾਂ ਸੁਰਿੰਦਰ ਕੌਰ ਦੇ ਅੰਗ ਦਾਨ ਨੇ ਚਾਰ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ।

ਪੀ.ਜੀ.ਆਈ. ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਪਰਿਵਾਰ ਦੇ ਦਲੇਰਾਨਾ ਤੇ ਮਨੁੱਖੀ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੰਗ ਦਾਨ ਮਨੁੱਖਤਾ ਦੇ ਸਭ ਤੋਂ ਵੱਡੇ ਪ੍ਰਗਟਾਵੇ ’ਚੋਂ ਇਕ ਹੈ। ਅਣਕਿਆਸੇ ਨਿੱਜੀ ਦੁੱਖ ਦੇ ਪਲ ਵਿੱਚ ਵੀ, ਸੁਰਿੰਦਰ ਕੌਰ ਦੇ ਪਰਿਵਾਰ ਨੇ ਦੂਜਿਆਂ ਦੇ ਜੀਵਨ ਵਿੱਚ ਉਮੀਦ ਜਗਾਉਣ ਦੀ ਚੋਣ ਕੀਤੀ। ਉਨ੍ਹਾਂ ਦਾ ਫੈਸਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਡੂੰਘੇ ਦੁੱਖ ਦੇ ਵਿਚਕਾਰ, ਇੱਕ ਪਰਿਵਾਰ ਜੀਵਨ ਦੀ ਇਕ ਵਿਰਾਸਤ ਛੱਡ ਸਕਦਾ ਹੈ ਜੋ ਦੂਜਿਆਂ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਜਾਂਦਾ ਹੈ।

ਸੁਰਿੰਦਰ ਕੌਰ ਨੂੰ 23 ਅਗਸਤ, 2026 ਨੂੰ ਇਕ ਸੜਕ ਹਾਦਸੇ ਤੋਂ ਬਾਅਦ ਪੀ.ਜੀ.ਆਈ. ’ਚ ਦਾਖਲ ਕਰਵਾਇਆ ਗਿਆ ਸੀ। ਇਲਾਜ ਕਰਨ ਵਾਲੀ ਮੈਡੀਕਲ ਟੀਮ ਦੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ ਉਸ ਨੂੰ ਗੰਭੀਰ ਤੇ ਨਾ ਪੂਰਾ ਹੋਣ ਵਾਲਾ ਨਿਊਰੋਲੋਜੀਕਲ ਨੁਕਸਾਨ ਹੋਇਆ। ਨਿਰਧਾਰਤ ਮੈਡੀਕਲ ਪ੍ਰੋਟੋਕੋਲ ਤੇ ਸਾਰੇ ਲਾਜ਼ਮੀ ਟੈਸਟ ਪੂਰੇ ਹੋਣ ਤੋਂ ਬਾਅਦ ਉਸ ਨੂੰ 25 ਅਗਸਤ 2026 ਨੂੰ ਬ੍ਰੇਨ-ਸਟੈਮ ਡੈਥ ਕਮੇਟੀ ਦੁਆਰਾ ਬ੍ਰੇਨ-ਸਟੈਮ ਡੈੱਡ ਘੋਸ਼ਿਤ ਕਰ ਦਿੱਤਾ ਗਿਆ।

ਸੁਰਿੰਦਰ ਕੌਰ ਦੀ ਮਾਂ ਨੇ ਕਿਹਾ ਕਿ ਅਸੀਂ ਸੁਰਿੰਦਰ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਅਸੀਂ ਮਹਿਸੂਸ ਕੀਤਾ ਕਿ ਜੇਕਰ ਉਸ ਦਾ ਇਕ ਹਿੱਸਾ ਕਿਸੇ ਹੋਰ ਦੀ ਜ਼ਿੰਦਗੀ ’ਚ ਜੀ ਸਕਦਾ ਹੈ ਤਾਂ ਉਸ ਦੀ ਆਪਣੀ ਜ਼ਿੰਦਗੀ ਦਾ ਅਰਥ ਰਹੇਗਾ। ਅਸੀਂ ਉਮੀਦ ਕਰਦੇ ਹਾਂ ਕਿ ਉਸ ਦੇ ਅੰਗ ਪ੍ਰਾਪਤ ਕਰਨ ਵਾਲੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜੀਉਣਗੇ। ਇਹ ਉਸ ਦੀ ਯਾਦ ਨੂੰ ਜ਼ਿੰਦਾ ਰੱਖਣ ਦਾ ਸਾਡਾ ਤਰੀਕਾ ਹੈ।

ਪੀ.ਜੀ.ਆਈ. ਦੇ ਟ੍ਰਾਂਸਪਲਾਂਟ ਕੋਆਰਡੀਨੇਟਰ ਡਾ. ਨਵਦੀਪ ਬਾਂਸਲ ਨੇ ਕਿਹਾ ਕਿ ਡੂੰਘੇ ਦੁੱਖ ’ਚ ਡੁੱਬੇ ਪਰਿਵਾਰ ਨੂੰ ਸਲਾਹ ਦੇਣਾ ਤੇ ਅੰਗ ਦਾਨ ਲਈ ਸਹਿਮਤੀ ਪ੍ਰਾਪਤ ਕਰਨਾ ਪੂਰੀ ਪ੍ਰਕਿਰਿਆ ਦੇ ਸਭ ਤੋਂ ਸੰਵੇਦਨਸ਼ੀਲ ਤੇ ਚੁਣੌਤੀਪੂਰਨ ਪਹਿਲੂਆਂ ’ਚੋਂ ਇਕ ਹੈ।

ਸਹਿਮਤੀ ਅਤੇ ਡਾਕਟਰੀ ਅਨੁਕੂਲਤਾ ਦੇ ਮੁਲਾਂਕਣ ਤੋਂ ਬਾਅਦ ਦੋਵੇਂ ਗੁਰਦੇ, ਪੈਨਕ੍ਰੀਅਸ ਤੇ ਕਾਰਨੀਆ ਸਫਲਤਾਪੂਰਵਕ ਪ੍ਰਾਪਤ ਕੀਤੇ ਗਏ। ਇਕ ਗੁਰਦਾ ਤੇ ਪੈਨਕ੍ਰੀਅਸ ਇੱਕੋ ਸਮੇਂ ਇਕ 31 ਸਾਲਾ ਪੁਰਸ਼ ਮਰੀਜ਼ ’ਚ ਟ੍ਰਾਂਸਪਲਾਂਟ ਕੀਤੇ ਗਏ। ਇਕ ਪ੍ਰਕਿਰਿਆ ਜਿਸ ਨੂੰ ਸਮਕਾਲੀ ਪੈਨਕ੍ਰੀਅਸ-ਕਿਡਨੀ ਟ੍ਰਾਂਸਪਲਾਂਟ ਕਿਹਾ ਜਾਂਦਾ ਹੈ। ਦੂਜਾ ਗੁਰਦਾ ਪੀ.ਜੀ.ਆਈ. ਵਿਖੇ ਇਕ 15 ਸਾਲਾ ਮਰੀਜ਼ ਵਿੱਚ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਗਿਆ। ਇਹ ਗੁੰਝਲਦਾਰ, ਚਾਰ-ਪੜਾਅ ਦੀ ਪ੍ਰਕਿਰਿਆ ਲਗਭਗ 13 ਘੰਟਿਆਂ ਦੀ ਸਰਜਰੀ ਤੋਂ ਬਾਅਦ ਸਫਲਤਾਪੂਰਵਕ ਪੂਰੀ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਮੈਡੀਕਲ ਟੀਮਾਂ ਲਗਭਗ 18 ਘੰਟੇ ਲਗਾਤਾਰ ਕੰਮ ਕਰ ਰਹੀਆਂ ਸਨ। ਇਸਦੇ ਨਾਲ ਹੀ ਦੋ ਮਰੀਜ਼ਾਂ ਨੂੰ ਕੌਰਨੀਆ ਰਾਹੀਂ ਨਜ਼ਰ ਦਾ ਅਨਮੋਲ ਤੋਹਫ਼ਾ ਮਿਲੇਗਾ।


author

Anmol Tagra

Content Editor

Related News