ਚੰਨੀ ਸਰਕਾਰ ਦਾ ਰਹਿ ਗਿਆ ਅਖੀਰਲਾ ਹਫ਼ਤਾ, ਹੁਣ ਡਾਂਗਾਂ ਖਾਣ ਦੀ ਨਹੀਂ ਲੋੜ : ਸੁਖਬੀਰ ਬਾਦਲ

Tuesday, Jan 04, 2022 - 11:19 PM (IST)

ਲੰਬੀ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਰਕਾਰੀ ਮੁਲਾਜ਼ਮਾਂ ਨੂੰ ਆਖਿਆ ਕਿ ਉਨ੍ਹਾਂ ਨੂੰ ਹੁਣ ਹੋਰ ਡਾਂਗਾਂ ਖਾਣ ਦੀ ਲੋੜ ਨਹੀਂ ਹੈ ਕਿਉਂਕਿ ਚੰਨੀ ਸਰਕਾਰ ਦਾ ਹੁਣ ਆਖ਼ਰੀ ਹਫਤਾ ਰਹਿ ਗਿਆ ਹੈ ਤੇ ਇਸ ਮਗਰੋਂ ਮੁਲਾਜ਼ਮ ਆਉਂਦੀਆਂ ਚੋਣਾਂ ’ਚ ਅਕਾਲੀ-ਬਸਪਾ ਗੱਠਜੋੜ ਲਈ ਵੋਟਾਂ ਪਾਉਣ, ਜੋ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਦੀਆਂ ਵਾਜਿਬ ਮੰਗਾਂ ਪੂਰੀਆਂ ਕਰੇਗੀ। ਅੱਜ ਪਿੰਡ ਬਾਦਲ ’ਚ ਆਪਣੀ ਰਿਹਾਇਸ਼ ’ਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਕਰਨ ਸਮੇਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਚੰਨੀ ਸਰਕਾਰ ਦਾ ਸਿਰਫ ਇਕ ਹਫ਼ਤਾ ਬਾਕੀ ਰਹਿ ਗਿਆ ਹੈ ਤੇ ਸਾਰੇ ਸਰਕਾਰੀ ਮੁਲਾਜ਼ਮਾਂ ਸਮੇਤ ਸਾਰੇ ਪੰਜਾਬੀਆਂ ਦਾ ਇਸ ਸਰਕਾਰ ਤੋਂ ਖਹਿੜਾ ਛੁੱਟ ਜਾਵੇਗਾ, ਜਿਸ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਦਿੱਤੇ ਸਨ ਪਰ ਪੂਰਾ ਇਕ ਵੀ ਨਹੀਂ ਕੀਤਾ। ਬਾਦਲ ਨੇ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਮੌਕੇ ਕੀਤੇ ਐਲਾਨ ਨੂੰ ਮੁੜ ਦੁਹਰਾਇਆ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਤੋਂ ਬਾਅਦ 2004 ਵਾਲੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ ਅਤੇ ਤਨਖਾਹ ਕਮਿਸ਼ਨ ਦੀਆਂ ਊਣਤਾਈਆਂ ਦਾ ਪਤਾ ਲਗਾ ਕੇ ਇਹ ਦੂਰ ਕਰਨ ਵਾਸਤੇ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਮਸਲੇ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ-ਅੰਦਰ ਹੱਲ ਕੀਤੇ ਜਾਣਗੇ। ਬਾਦਲ ਨੇ ਕਿਹਾ ਕਿ ਇਕ ਹਫ਼ਤੇ ਬਾਅਦ ਚੋਣ ਜ਼ਾਬਤਾ ਲੱਗ ਜਾਵੇਗਾ ਤੇ ਫਿਰ ਚੋਣਾਂ ਹੋਣਗੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਗਵੰਤ ਮਾਨ ਹੋਣਗੇ AAP ਦੇ ਮੁੱਖ ਮੰਤਰੀ ਉਮੀਦਵਾਰ : ਸੂਤਰ (ਵੀਡੀਓ)

ਇਸ ਮਗਰੋਂ ਤੁਹਾਡੀ ਆਪਣੀ ਸਰਕਾਰ ਬਣੇਗੀ, ਜੋ ਤੁਹਾਡੀਆਂ ਵਾਜਬ ਮੰਗਾਂ ਪ੍ਰਵਾਨ ਕਰੇਗੀ, ਜਿਵੇਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਸਰਕਾਰਾਂ ਵੇਲੇ ਹੁੰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਪੱਕੀ ਸੋਚ ਹੈ ਕਿ ਜੇਕਰ ਸਰਕਾਰੀ ਮੁਲਾਜ਼ਮ ਖੁਸ਼ ਹਨ ਤਾਂ ਹੀ ਸੂਬਾ ਤਰੱਕੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸੂਬੇ ਦੇ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਹਨ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਦਾ ਖਿਆਲ ਰੱਖੇ ਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ। ਇਸ ਮੌਕੇ ਬਾਦਲ ਨੇ ਪੰਜਾਬ ਰੋਡਵੇਜ਼ ਦਾ ਕੈਲੰਡਰ ਤੇ ਨਵੇਂ ਸਾਲ ਦੀ ਡਾਇਰੀ ਵੀ ਰਿਲੀਜ਼ ਕੀਤੀ। ਇਸ ਮੌਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਮਾੜੇ ਮਿਆਰ ਦੀਆਂ ਬੱਸਾਂ ਸਰਕਾਰ ਵੱਲੋਂ ਪਾਉਣ ਦੀ ਨਿਖੇਧੀ ਵੀ ਕੀਤੀ। ਇਸ ਮੌਕੇ ਬਾਦਲ ਨੇ ਪੱਲੇਦਾਰ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਮਜ਼੍ਹਬੀ ਸਿੱਖ ਭਲਾਈ ਫਰੰਟ ਤੇ ਰੋਡਵੇਜ਼ ਕਰਮਚਾਰੀ ਦਲ ਦੇ ਪ੍ਰਤੀਨਿਧਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਡਾ. ਗੁਰਦੀਪ ਸਿੰਘ ਘੁੱਦਾ, ਡਾ. ਗੁਰਮੇਲ ਸਿੰਘ ਘਈ, ਗੁਰਜੀਤ ਸਿੰਘ ਬਰਾੜ ਤੇ ਹਰਪਾਲ ਕੌਰ ਤੋਂ ਇਲਾਵਾ ਹੋਰ ਪ੍ਰਤੀਨਿਧ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਨੌਜਵਾਨਾਂ ਲਈ 'ਰੁਜ਼ਗਾਰ ਗਾਰੰਟੀ ਸਕੀਮ' ਲਾਂਚ, CM ਚੰਨੀ ਨੇ 1 ਲੱਖ ਨੌਕਰੀਆਂ ਦੇਣ ਦਾ ਕੀਤਾ ਵਾਅਦਾ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News