ਸਰਕਾਰ ਸੂਬੇ ''ਚ ਆਵਾਰਾ ਕੁੱਤਿਆਂ ਲਈ ਬਣਾਏਗੀ ਡੌਗ ਸ਼ੈਲਟਰ : ਵਿੰਨੀ ਮਹਾਜਨ
Friday, Jul 14, 2017 - 05:49 AM (IST)

ਰੂਪਨਗਰ (ਵਿਜੇ) - ਪੰਜਾਬ ਸਰਕਾਰ ਸੂਬੇ 'ਚ ਆਵਾਰਾ ਕੁੱਤਿਆਂ ਕਾਰਨ ਵੱਧ ਰਹੇ ਹਾਦਸਿਆਂ ਪ੍ਰਤੀ ਗੰਭੀਰ ਹੈ, ਜਿਸ ਕਾਰਨ ਸੂਬੇ ਦੇ ਮੁੱਖ ਸ਼ਹਿਰਾਂ 'ਚ ਆਵਾਰਾ ਕੁੱਤਿਆਂ ਲਈ ਇਕ-ਇਕ ਸ਼ੈਲਟਰ ਬਣਾਉਣ ਜਾ ਰਹੀ ਹੈ ਤਾਂ ਕਿ ਕੁੱਤਿਆਂ 'ਤੇ ਕਾਬੂ ਪਾਇਆ ਜਾ ਸਕੇ। ਪੰਜਾਬ ਦੀ ਵਧੀਕ ਮੁੱਖ ਸਕੱਤਰ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵਿੰਨੀ ਮਹਾਜਨ ਨੇ ਦੱਸਿਆ ਕਿ ਸੂਬੇ 'ਚ ਹਰ ਸਾਲ ਆਵਾਰਾ ਕੁੱਤਿਆਂ ਦੇ ਕੱਟਣ ਦੇ ਕੇਸ ਵਧਦੇ ਜਾ ਰਹੇ ਹਨ, ਜਿਸ ਕਾਰਨ ਰੇਬੀਜ਼ ਵਰਗੀ ਭਿਆਨਕ ਬੀਮਾਰੀ ਫੈਲਣ ਦਾ ਡਰ ਰਹਿੰਦਾ ਹੈ। ਅਜਿਹੀਆਂ ਵੀ ਸ਼ਿਕਾਇਤਾਂ ਆਈਆਂ ਹਨ ਕਿ ਆਵਾਰਾ ਕੁੱਤੇ ਛੋਟੇ ਬੱਚਿਆਂ 'ਤੇ ਹਮਲਾ ਕਰ ਦਿੰਦੇ ਹਨ। ਸਰਕਾਰ ਫਿਲਹਾਲ ਸੂਬੇ ਦੇ ਮੁੱਖ ਸ਼ਹਿਰਾਂ 'ਚ ਇਕ ਯੋਜਨਾ ਲੈ ਕੇ ਆ ਰਹੀ ਹੈ, ਜਿਸ ਤਹਿਤ ਸ਼ਹਿਰ ਦੇ ਬਾਹਰ ਉਚਿਤ ਸਥਾਨ 'ਤੇ ਇਕ ਡੌਗ ਸ਼ੈਲਟਰ ਦਾ ਨਿਰਮਾਣ ਕੀਤਾ ਜਾਵੇਗਾ, ਜਿਸ 'ਚ ਆਵਾਰਾ ਕੁੱਤਿਆਂ ਨੂੰ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ।
ਇਸ ਸ਼ੈਲਟਰ ਲਈ ਭੂਮੀ ਤੇ ਨਿਰਮਾਣ ਕਾਰਜ ਸਰਕਾਰ ਵੱਲੋਂ ਕੀਤਾ ਜਾਵੇਗਾ, ਜਦਕਿ ਇਸ ਦਾ ਪ੍ਰਬੰਧ ਕਿਸੇ ਨਾਮੀ ਐੱਨ.ਜੀ.ਓ. ਨੂੰ ਦਿੱਤਾ ਜਾਵੇਗਾ, ਜੋ ਇਸ ਦੇ ਲਈ ਤਿਆਰ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਵੱਲੋਂ ਜੋ ਕੁੱਤੇ ਰੱਖੇ ਗਏ ਹਨ, ਜਿਨ੍ਹਾਂ ਨੂੰ ਬਾਕਾਇਦਾ ਪਟੇ ਪਾਏ ਗਏ ਹਨ ਤੇ ਟੀਕਾਕਰਨ ਕੀਤਾ ਹੋਇਆ ਹੈ, ਨੂੰ ਸਰਕਾਰ ਲਾਇਸੈਂਸ ਤਹਿਤ ਰੱਖਣ ਦੀ ਮਾਲਕਾਂ ਨੂੰ ਪ੍ਰਵਾਨਗੀ ਦੇਵੇਗੀ। ਜੇਕਰ ਕਿਸੇ ਨੇ ਗਲੀ-ਮੁਹੱਲੇ 'ਚ ਵੀ ਕੁੱਤਾ ਰੱਖਣਾ ਹੈ ਤਾਂ ਉਸ ਨੂੰ ਪਟਾ ਪਾਇਆ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਪਾਲਤੂ ਕੁੱਤਾ ਹੈ।