ਆਵਾਰਾ ਕੁੱਤਿਆਂ ਦੇ ਝੁੰਡ ਦੇ ਰਹੇ ਨੇ ਵੱਡੀ ਆਫਤ ਨੂੰ ਸੱਦਾ
Friday, Feb 09, 2018 - 04:47 PM (IST)

ਅੱਪਰਾ (ਦੀਪਾ) : ਇਲਾਕੇ ਦੇ ਪਿੰਡਾਂ 'ਚ ਦਿਨ-ਰਾਤ ਘੁੰਮ ਰਹੇ ਆਵਾਰਾ ਕੁੱਤਿਆਂ ਕਾਰਨ ਆਮ ਲੋਕਾਂ ਦਾ ਜਿਊਣਾ ਮੁਹਾਲ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸ਼ੀਰਾ ਮੋਰੋਂ, ਮਨਜੀਤ ਜੀਤੀ ਮੈਂਬਰ ਬਲਾਕ ਸੰਮਤੀ ਛੋਕਰਾਂ, ਰਣਵੀਰ ਸਿੰਘ ਕੰਦੋਲਾ ਮੋਰੋਂ, ਬਲਰਾਜ ਸਿੱਧੂ ਮੈਂਬਰ ਪੰਚਾਇਤ ਛੋਕਰਾਂ, ਕਾ. ਸੋਮਨਾਥ ਛੋਕਰਾਂ, ਅਜੀਤ ਸਿੰਘ ਮੰਡੀ, ਸੋਮ ਪਾਲ ਮੈਂਗੜਾ ਚੱਕ ਸਾਹਬੂ ਆਦਿ ਨੇ ਦੱਸਿਆ ਕਿ ਉਕਤ ਪਿੰਡਾਂ 'ਚ ਦਿਨ-ਰਾਤ ਆਵਾਰਾ ਕੁੱਤੇ ਝੁੰਡ ਦੇ ਰੂਪ 'ਚ ਫਿਰ ਰਹੇ ਹਨ, ਜਿਸ ਕਾਰਨ ਸਕੂਲ ਨੂੰ ਜਾਣ ਵਾਲੇ ਛੋਟੇ ਬੱਚਿਆਂ, ਲੜਕੀਆਂ ਤੇ ਬਜ਼ੁਰਗਾਂ ਦਾ ਘਰੋਂ ਨਿਕਲਣਾ ਮੁਹਾਲ ਹੋ ਚੁੱਕਾ ਹੈ। ਜਦੋਂ ਕਿ ਰਾਤ ਦੇ ਸਮੇਂ ਹੋਰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡਾਂ 'ਚ ਬਣੀਆਂ ਹੱਡਾ-ਰੋੜੀਆਂ ਤੇ ਮੀਟ ਦੀਆਂ ਦੁਕਾਨਾਂ 'ਤੇ ਅਕਸਰ ਕੁੱਤਿਆਂ ਦਾ ਜਮਾਵੜਾ ਲੱਗਾ ਰਹਿੰਦਾ ਹੈ। ਇਹ ਆਵਾਰਾ ਕੁੱਤੇ ਕਈ ਲੋਕਾਂ ਨੂੰ ਕੱਟ ਵੀ ਚੁੱਕੇ ਹਨ। ਆਮ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਸਮੱਸਿਆ ਤੋਂ ਛੁਟਕਾਰਾ ਦੁਆਇਆ ਜਾਵੇ।