ਹਾਈਕੋਰਟ ’ਚ ਅਵਾਰਾ ਕੁੱਤੇ ਨੇ ਕੁੜੀ ਦੀ ਬਾਂਹ ’ਤੇ ਵੱਢਿਆ

Sunday, Jul 28, 2024 - 12:26 PM (IST)

ਹਾਈਕੋਰਟ ’ਚ ਅਵਾਰਾ ਕੁੱਤੇ ਨੇ ਕੁੜੀ ਦੀ ਬਾਂਹ ’ਤੇ ਵੱਢਿਆ

ਚੰਡੀਗੜ੍ਹ (ਰਾਏ) : ਸੈਕਟਰ-15 ਦੀ ਵਸਨੀਕ 21 ਸਾਲਾ ਜਪਨੀਤ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਇਮਾਰਤ 'ਚ ਅਵਾਰਾ ਕੁੱਤੇ ਨੇ ਉਸ ਦੀ ਬਾਂਹ ’ਤੇ ਵੱਢ ਲਿਆ। ਮੌਕੇ ’ਤੇ ਉਸ ਦੇ 2 ਸਾਥੀਆਂ ਨੇ ਕੁੱਤੇ ਨੂੰ ਉੱਥੋਂ ਭਜਾ ਦਿੱਤਾ ਅਤੇ ਜਪਨੀਤ ਨੂੰ ਇਲਾਜ ਲਈ ਸੈਕਟਰ-16 ਦੇ ਹਸਪਤਾਲ ਲੈ ਗਏ। ਜਾਣਕਾਰੀ ਮੁਤਾਬਕ ਜਪਨੀਤ ਕੌਰ ਹਾਈਕੋਰਟ ’ਚ ਸੁਣਵਾਈ ਲਈ ਗਈ ਹੋਈ ਸੀ। ਜਦੋਂ ਉਹ ਇਮਾਰਤ ’ਚ ਲੱਗੀ ਟੂਟੀ ਤੋਂ ਪਾਣੀ ਪੀਣ ਲੱਗੀ ਤਾਂ ਉੱਥੇ ਘੁੰਮ ਰਹੇ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਜਦੋਂ ਜਪਨੀਤ ਨੇ ਬਚਾਅ ਲਈ ਉਸ ਨੂੰ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਉਸ ਨੂੰ ਵੱਢ ਲਿਆ ਅਤੇ ਉਸ ਦੀ ਬਾਂਹ ’ਤੇ 8 ਦੰਦਾਂ ਦੇ ਨਿਸ਼ਾਨ ਪੈ ਗਏ। ਇਲਾਜ ਲਈ ਉਸ ਨੂੰ ਪਹਿਲਾਂ ਸੈਕਟਰ-16 ਲਿਜਾਇਆ ਗਿਆ, ਜਿੱਥੇ ਉਸ ਨੂੰ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਗਈਆਂ ਅਤੇ ਦੱਸਿਆ ਗਿਆ ਕਿ ਸੈਕਟਰ-19 ਸਥਿਤ ਕੁੱਤਿਆਂ ਦੇ ਕਲੀਨਿਕ ’ਚ ਉਸ ਦਾ ਸਹੀ ਇਲਾਜ ਕੀਤਾ ਜਾਵੇਗਾ। ਇਸ ਤੋਂ ਬਾਅਦ ਜਪਨੀਤ ਨੇ ਸੈਕਟਰ-19 ’ਚ ਆਪਣਾ ਇਲਾਜ ਕਰਵਾਇਆ। ਕੁੱਤੇ ਦੇ ਕੱਟਣ ਕਾਰਨ ਜਪਨੀਤ ਦਹਿਸ਼ਤ ’ਚ ਹੈ।
ਵੀ. ਆਈ. ਪੀ. ਇਲਾਕੇ ਦਾ ਇਹ ਹਾਲ ਹੈ ਅਤੇ ਸੈਕਟਰਾਂ ’ਚ ਹੈ ਕੁੱਤਿਆਂ ਦਾ ਆਤੰਕ
ਘਰ ’ਚ ਬੱਚਿਆਂ ਦੀ ਟਿਊਸ਼ਨ ਲੈਣ ਵਾਲੇ ਜਪਨੀਤ ਦੇ ਪਿਤਾ ਨੇ ਦੱਸਿਆ ਕਿ ਜਦੋਂ ਹਾਈਕੋਰਟ ਦੀ ਇਮਾਰਤ ਵਰਗੇ ਵੀ. ਆਈ. ਪੀ. ਏਰੀਆ ’ਚ ਅਵਾਰਾ ਕੁੱਤੇ ਲੋਕਾਂ ਨੂੰ ਵੱਢ ਰਹੇ ਹਨ ਤਾਂ ਹੋਰ ਸੈਕਟਰਾਂ ਦੀ ਹਾਲਤ ਕਿੰਨੀ ਮਾੜੀ ਹੋਵੇਗੀ। ਉਨ੍ਹਾਂ ਕਿਹਾ ਕਿ ਕੁੜੀ ਨੂੰ ਕੁੱਤੇ ਦੇ ਕੱਟਣ ਦਾ ਮੁਆਵਜ਼ਾ ਦਿਵਾਉਣ ਲਈ ਉਹ ਸਬੰਧਿਤ ਵਿਭਾਗ ਨੂੰ ਪੱਤਰ ਲਿਖਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਆਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ਲਈ ਨਿਗਮ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ। 
ਹਾਈਕੋਰਟ ਨੇ ਕੁੱਤੇ ਦੇ ਵੱਢਣ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹਨ ਨਿਰਦੇਸ਼
ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਦਾਇਤ ਕੀਤੀ ਸੀ ਕਿ ਕੁੱਤੇ ਦੇ ਵੱਢਣ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੁੱਖ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ, ਅਤੇ ਇਹ ਵੀ ਕਿਹਾ ਸੀ ਕਿ ਘੱਟੋ-ਘੱਟ ਵਿੱਤੀ ਸਹਾਇਤਾ 10,000 ਰੁਪਏ ਪ੍ਰਤੀ ਦੰਦ ਨਿਸ਼ਾਨ ਹੋਵੇਗੀ। ਅਦਾਲਤ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ਅਜਿਹੇ ਮੁਆਵਜ਼ੇ ਦਾ ਪਤਾ ਲਾਉਣ ਲਈ ਸਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਕਮੇਟੀਆਂ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਕੇਂਦਰ ਸ਼ਾਸਤ ਪ੍ਰਦੇਸ਼ ਨੇ ਹਾਲੇ ਤੱਕ ਅਜਿਹਾ ਕੋਈ ਪੈਨਲ ਨਹੀਂ ਬਣਾਇਆ ਹੈ


author

Babita

Content Editor

Related News