ਦਾਜ਼ ਨੂੰ ਲੈ ਕੇ ਨੂੰਹਾਂ ਦੀ ਕੀਤੀ ਕੁੱਟਮਾਰ, ਜ਼ਖਮੀ
Sunday, Jun 11, 2017 - 03:05 AM (IST)
ਗੁਰਦਾਸਪੁਰ, (ਦੀਪਕ, ਵਿਨੋਦ)— ਦਾਜ ਦੀ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਵੱਲੋਂ ਨੂੰਹ ਦੀ ਬੁਰੀ ਤਰ੍ਹਾਂ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ 'ਚ ਦਾਖਲ ਜ਼ਖਮੀ ਵਿਆਹੁਤਾ ਮਨਦੀਪ ਕੌਰ ਦੇ ਪਿਤਾ ਕੁਲਵੰਤ ਸਿੰਘ ਵਾਸੀ ਕਲਾਨੌਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਢਾਈ ਸਾਲ ਪਹਿਲਾਂ ਵਿਆਹ ਪਿੰਡ ਕੈਂਥਾ (ਦਸੂਹਾ) ਦੇ ਨੌਜਵਾਨ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਿਆਹ ਵਿਚ ਉਨ੍ਹਾਂ ਵੱਲੋਂ ਦਾਜ ਵਿਚ ਕਾਰ ਦਿੱਤੀ ਗਈ ਸੀ ਪਰ ਹੁਣ ਫਿਰ ਸਹੁਰਾ ਪਰਿਵਾਰ ਵੱਲੋਂ ਕਾਰ ਜਾਂ 15 ਲੱਖ ਰੁਪਏ ਹੋਰ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਦੇਣ ਵਿਚ ਅਸੀਂ ਅਸਮੱਰਥ ਸੀ ਪਰ ਇਸ ਗੱਲ ਨੂੰ ਲੈ ਕੇ ਮੇਰੀ ਲੜਕੀ ਦਾ ਸਹੁਰਾ ਪਰਿਵਾਰ ਉਸ ਦੀ ਕੁੱਟਮਾਰ ਕਰਦਾ ਸੀ। ਸਹੁਰਾ ਪਰਿਵਾਰ ਨੇ ਮਨਦੀਪ ਕੌਰ ਦੀ ਕੁੱਟਮਾਰ ਕਰਕੇ ਉਸ ਨੂੰ ਬੰਨ੍ਹਿਆ ਹੋਇਆ ਸੀ, ਜੋ ਕਿ ਬੀਤੇ ਦਿਨ ਆਪਣੇ ਸਹੁਰਾ ਪਰਿਵਾਰ ਦੇ ਚੁੰਗਲ 'ਚੋਂ ਨਿਕਲ ਕੇ ਗੁਰਦਾਸਪੁਰ ਬੱਸ ਸਟੈਂਡ 'ਤੇ ਪਹੁੰਚੀ। ਜਿਥੇ ਸਾਡੇ ਵੱਲੋਂ ਉਸ ਨੂੰ ਤੁਰੰਤ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।ਇਸੇ ਤਰ੍ਹਾਂ ਸਿਵਲ ਹਸਪਤਾਲ ਵਿਚ ਦਾਖਲ ਜ਼ਖਮੀ ਪੀੜਤ ਹਰਪ੍ਰੀਤ ਕੌਰ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਤਲਵੰਡੀ ਬਥੁਨਗੜ੍ਹ ਨੇ ਦੱਸਿਆ ਕਿ ਉਸ ਦੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ ਡੇਢ ਸਾਲ ਪਹਿਲਾਂ ਚਾਵਾ ਵਾਸੀ ਅਮਨਦੀਪ ਸਿੰਘ ਪੁੱਤਰ ਸੁਭਾਸ਼ ਲਾਲਾ ਨਾਲ ਹੋਇਆ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਅਮਨਦੀਪ ਮੇਰੀ ਲੜਕੀ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਲੱਗਾ ਅਤੇ ਦਾਜ ਵਿਚ ਬੁਲਟ ਦੀ ਮੰਗ ਕਰਦਾ ਸੀ, ਜੋ ਅਸੀਂ ਪੂਰੀ ਨਹੀਂ ਕਰ ਸਕੇ, ਜਿਸ ਤੋਂ ਬਾਅਦ ਅਸੀਂ ਇਸ ਸਬੰਧੀ ਸਬੰਧਿਤ ਥਾਣੇ ਦੀ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਬਾਅਦ ਵਿਚ ਪਿੰਡ ਦੇ ਮੋਹਤਬਰਾਂ ਵੱਲੋਂ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਾ ਦਿੱਤਾ ਗਿਆ ਸੀ ਪਰ ਬੀਤੇ ਦਿਨ ਹਰਪ੍ਰੀਤ ਦੇ ਪਤੀ ਅਮਨਦੀਪ, ਸਹੁਰਾ, ਸੱਸ, ਨਨਾਣ ਨੇ ਮੇਰੀ ਲੜਕੀ ਹਰਪ੍ਰੀਤ ਦੀ ਕੁੱਟਮਾਰ ਕੀਤੀ, ਜਿਸ ਨੂੰ ਜ਼ਖਮੀ ਹਾਲਤ ਵਿਚ ਅਸੀਂ ਹਸਪਤਾਲ ਵਿਚ ਦਾਖਲ ਕਰਵਾਇਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਥਾਣਾ ਤਿੱਬੜ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
