ਡਾਕਟਰਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਬਚਾਉਣ ਦੀ ਕੀਤੀ ਹਰ ਸੰਭਵ ਕੋਸ਼ਿਸ਼ : ਸੋਨੀ

04/04/2020 9:25:10 PM

ਅੰਮ੍ਰਿਤਸਰ, (ਕਮਲ)- ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਭਾਈ ਨਿਰਮਲ ਸਿੰਘ ਖਾਲਸਾ ਦੇ ਲੜਕੇ ਵੱਲੋਂ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਦੀ ਜਾਰੀ ਆਡੀਓ ਨੂੰ ਲੈ ਕੇ ਅੱਜ ਸਵੇਰੇ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਹਸਪਤਾਲ, ਜਿਥੇ ਕਿ ਭਾਈ ਖਾਲਸਾ ਦਾ ਇਲਾਜ ਹੋਇਆ ਸੀ, ਦੇ ਪ੍ਰਿੰਸੀਪਲ, ਮੈਡੀਕਲ ਸੁਪਰਡੈਂਟ ਅਤੇ ਡਿਊਟੀ ’ਤੇ ਹਾਜ਼ਰ ਰਹੇ ਡਾਕਟਰਾਂ ਨਾਲ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ’ਚ ਲੰਮੀ ਜਾਂਚ-ਪੜਤਾਲ ਕੀਤੀ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਗੁਰੂ ਰਾਮਦਾਸ ਹਸਪਤਾਲ ਵੱਲੋਂ ਉਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ’ਚ ਰੈਫਰ ਕੀਤਾ ਗਿਆ, ਜਿਥੇ ਉਨ੍ਹਾਂ ਦੇ ਟੈਸਟ ਲੈ ਕੇ ਜਾਂਚ ਕੀਤੀ ਗਈ ਤਾਂ ਕੋਰੋਨਾ ਪਾਇਆ ਗਿਆ। ਇਸ ਮਗਰੋਂ ‘ਵੀ. ਆਈ. ਪੀ. ਟ੍ਰੀਟਮੈਂਟ’ ਦੇ ਕੇ ਆਈਸੋਲੇਸ਼ਨ ਵਾਰਡ ਦੀ ਥਾਂ ਵੱਖਰੇ ਕਮਰੇ ’ਚ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਡਾਕਟਰਾਂ ਨੇ ਦਵਾਈ ਦੀ ਪਹਿਲੀ ਡੋਜ਼ ਦਿੱਤੀ ਅਤੇ ਦੂਸਰੀ 4 ਘੰਟੇ ਬਾਅਦ ਦੇਣੀ ਸੀ ਪਰ ਭਾਈ ਨਿਰਮਲ ਸਿੰਘ ਨੂੰ ਜਦੋਂ ਕੋਰੋਨਾ ਪਾਜ਼ੇਟਵ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਇਕ ਤਰ੍ਹਾਂ ਦਿਲ ਹੀ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ, ਜੋ ਕਿ ਉਨ੍ਹਾਂ ਦੀ ਮੌਤ ਦਾ ਕਾਰਣ ਬਣ ਗਈ।

ਸੋਨੀ ਨੇ ਕਿਹਾ ਕਿ ਭਾਵੇਂ ਕਿ ਇਸ ਬੀਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਪਰ ਡਾਕਟਰ ਹਰ ਕੋਸ਼ਿਸ਼ ਕਰਦੇ ਹਨ। ਸਰਕਾਰ ਕੋਲ ਕੋਰੋਨਾ ਦੇ ਟਾਕਰੇ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਹਸਪਤਾਲ ’ਚ 400 ਤੋਂ ਵੱਧ ਪੀ. ਪੀ. ਈ. ਕਿੱਟਾਂ, 9000 ਤੋਂ ਵੱਧ ਐੱਨ 95 ਮਾਸਕ, ਸਵਾ ਲੱਖ ਤੋਂ ਵੱਧ ਤੀਹਰੀ ਪਰਤ ਵਾਲੇ ਮਾਸਕ ਅਤੇ 30 ਵੈਂਟੀਲੇਟਰ ਮੌਜੂਦ ਹਨ। ਇਸ ਤੋਂ ਇਲਾਵਾ ਰੋਜ਼ਾਨਾ ਨਵਾਂ-ਨਵਾਂ ਸਾਮਾਨ ਆ ਰਿਹਾ ਹੈ ਅਤੇ ਸਪਲਾਈ ਨਿਰੰਤਰ ਜਾਰੀ ਹੈ। ਸੋਨੀ ਨੇ ਡਾਕਟਰਾਂ ਨੂੰ ਸਾਬਾਸ਼ੀ ਦਿੰਦਿਆਂ ਕਿਹਾ ਕਿ ਉਹ ਹੋਰ ਮਿਹਨਤ ਨਾਲ ਆਪਣਾ ਕੰਮ ਕਰਨ, ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕੱਲ ਹਸਪਤਾਲ ਦੇ ਨਰਸਿੰਗ ਤੇ ਹੋਰ ਪੈਰਾ-ਮੈਡੀਕਲ ਸਟਾਫ ਵੱਲੋਂ ਕੀਤੇ ਪ੍ਰਦਰਸ਼ਨ ਬਾਰੇ ਬੋਲਦਿਆਂ ਸੋਨੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਹਦਾਇਤਾਂ ਆਈਆਂ ਹਨ, ਉਨ੍ਹਾਂ ਅਨੁਸਾਰ ਉਸ ਸਟਾਫ ਨੂੰ ਹੀ ਪੀ. ਪੀ. ਈ. ਕਿੱਟ ਦਿੱਤੀ ਜਾ ਰਹੀ ਹੈ, ਜਿਸ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ’ਚ ਯੋਗਦਾਨ ਪਾਉਣਾ ਹੈ ਜਾਂ ਉਸ ਕਮਰੇ ’ਚ ਜਾਣਾ ਹੈ। ਦੂਸਰੇ ਸਟਾਫ ਲਈ ਜੋ ਹਦਾਇਤਾਂ ਹਨ, ਉਨ੍ਹਾਂ ਨੂੰ ਉਸ ਅਨੁਸਾਰ ਸਾਜ਼ੋ-ਸਮਾਨ ਦਿੱਤਾ ਜਾ ਰਿਹਾ ਹੈ। ਸੋਨੀ ਨੇ ਸਪੱਸ਼ਟ ਕੀਤਾ ਕਿ ਉਹ ਸਟਾਫ ਜਿਸ ਦਾ ਕੋਰੋਨਾ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ, ਜਿਸ ਨੇ ਉਸ ਵਾਰਡ, ਕਮਰੇ ’ਚ ਨਹੀਂ ਜਾਣਾ, ਨੂੰ ਕਿੱਟ ਨਹੀਂ ਦਿੱਤੀ ਜਾ ਸਕਦੀ। ਇਸ ਮੌਕੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਡਾ. ਸੁਜਾਤਾ ਸ਼ਰਮਾ, ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ, ਡਾ. ਅਸ਼ੋਕ ਉੱਪਲ ਮੈਂਬਰ ਪੰਜਾਬ ਮੈਡੀਕਲ ਕੌਂਸਲ, ਡਾ. ਆਰ. ਐੱਸ. ਸੇਠੀ ਪ੍ਰਧਾਨ ਆਈ. ਐੱਮ. ਏ., ਡਾ. ਹਰਦਾਸ ਸਿੰਘ, ਡਾ. ਸੰਤੋਖ ਸਿੰਘ ਮੈਂਬਰ ਸਲਾਹਕਾਰ ਕਮੇਟੀ ਅਤੇ ਹੋਰ ਸੀਨੀਅਰ ਡਾਕਟਰ ਵੀ ਹਾਜ਼ਰ ਸਨ।


Bharat Thapa

Content Editor

Related News