ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ
Thursday, Oct 17, 2024 - 06:48 PM (IST)

ਚੰਡੀਗੜ੍ਹ : ਪੰਜਾਬ ਰਾਜ ਸਹਿਕਾਰੀ ਬੈਂਕ ਦੇ ਖਾਤਾ ਧਾਰਕਾਂ ਲਈ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰੇ ਵੱਡੇ ਕਰਜ਼ਿਆਂ 'ਤੇ ਇਕ ਮਹੀਨੇ ਲਈ ਕੋਈ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਉਹ ਸਮਾਂ ਹੁੰਦਾ ਹੈ ਜਦੋਂ ਲੋਕ ਖ਼ਰੀਦਦਾਰੀ ਕਰਦੇ ਹਨ ਅਤੇ ਇਹ ਪੇਸ਼ਕਸ਼ ਬੈਂਕ ਦੇ ਗਾਹਕਾਂ ਨੂੰ ਆਉਣ ਵਾਲੇ ਤਿਉਹਾਰਾਂ ਨੂੰ ਵੱਡੇ ਪੱਧਰ ਉੱਤੇ ਮਨਾਉਣ ਦੀ ਸਹੂਲਤ ਦੇਣ ਲਈ ਹੈ। ਇਸ ਕਦਮ ਦਾ ਉਦੇਸ਼ ਸਹਿਕਾਰੀ ਬੈਂਕਾਂ ਵਿਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਵੀ ਹੈ। ਉਨ੍ਹਾਂ ਕਿਹਾ ਕਿ ਜ਼ੀਰੋ ਪ੍ਰੋਸੈਸਿੰਗ ਫੀਸ ਸੀਮਤ ਸਮੇਂ ਲਈ ਹੈ ਅਤੇ ਇਹ 15 ਅਕਤੂਬਰ ਤੋਂ 15 ਨਵੰਬਰ 2024 ਤੱਕ ਜਾਰੀ ਰਹੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੇਸ਼ਕਸ਼ ਬੈਂਕ ਵੱਲੋਂ ਚੰਡੀਗੜ੍ਹ ਵਿਚ ਆਪਣੀਆਂ 18 ਸ਼ਾਖਾਵਾਂ ਰਾਹੀਂ ਆਪਣੇ ਗਾਹਕਾਂ ਨੂੰ ਪਰਸਨਲ, ਕੰਜਿਊਮਰ ਅਤੇ ਵਾਹਨ ਲੋਨ ਦੀ ਸਹੂਲਤ ਦੇਣ ਲਈ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਇਨ੍ਹਾਂ ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚਿੰਤਾ ਭਰੀ ਖ਼ਬਰ, ਖੜ੍ਹੀ ਹੋ ਸਕਦੀ ਹੈ ਪ੍ਰੇਸ਼ਾਨੀ
ਮੁੱਖ ਮੰਤਰੀ ਨੇ ਕਿਹਾ ਕਿ ਇਸ ਪੇਸ਼ਕਸ਼ ਤਹਿਤ ਪੰਜਾਬ ਰਾਜ ਸਹਿਕਾਰੀ ਬੈਂਕ ਵੱਲੋਂ ਤਿਉਹਾਰਾਂ ਦੌਰਾਨ ਗਾਹਕਾਂ ਨੂੰ ਇਨ੍ਹਾਂ ਕਰਜ਼ਿਆਂ 'ਤੇ ਪ੍ਰੋਸੈਸਿੰਗ ਫੀਸ/ਚਾਰਜ ਵਿਚ ਛੋਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੈਂਕ ਸਰਕਾਰੀ ਸੰਸਥਾਵਾਂ ਦੇ ਤਨਖ਼ਾਹਦਾਰ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸਮਾਜਿਕ-ਆਰਥਿਕ ਲੋੜਾਂ ਪੂਰੀਆਂ ਕਰਨ ਅਤੇ ਘਰਾਂ ਲਈ ਖਪਤਕਾਰ ਟਿਕਾਊ ਵਸਤੂਆਂ ਦੀ ਖਰੀਦ ਲਈ ਪਰਸਨਲ ਅਤੇ ਕੰਜਿਊਮਰ ਲੋਨ ਮੁਹੱਈਆ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਮਿਸਾਲ ਦਿੰਦਿਆਂ ਕਿਹਾ ਕਿ ਇਸ ਬੈਂਕ ਤੋਂ ਸਸਤੇ ਦਰਾਂ 'ਤੇ ਵਾਹਨ ਲੋਨ ਪ੍ਰਾਪਤ ਕਰਕੇ ਕੋਈ ਵੀ ਪਰਿਵਾਰ ਆਪਣੀ ਸੁਫਨਿਆਂ ਦੀ ਕਾਰ ਦੀ ਸਵਾਰੀ ਦਾ ਅਨੰਦ ਮਾਣ ਸਕਦਾ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੋਈ ਵੀ ਲੋਨ ਲੈਣ ਵਾਲੇ ਗਾਹਕ ਨੂੰ ਪੇਸ਼ਕਸ਼ ਦੀ ਮਿਆਦ ਦੌਰਾਨ ਪਰਸਨਲ ਲੋਨ, ਕੰਜਿਊਮਰ ਲੋਨ ਅਤੇ ਵਾਹਨ ਲੋਨ ਲਈ ਕੋਈ ਵੀ ਪ੍ਰੋਸੈਸਿੰਗ ਫੀਸ/ਚਾਰਜ ਅਦਾ ਨਹੀਂ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਗਾਹਕ ਇਸ ਆਫ਼ਰ ਦਾ ਲਾਭ ਲੈਣ ਲਈ ਚੰਡੀਗੜ੍ਹ ਸਥਿਤ ਪੰਜਾਬ ਰਾਜ ਸਹਿਕਾਰੀ ਬੈਂਕ ਦੀਆਂ 18 ਬ੍ਰਾਂਚਾਂ ਵਿਚੋਂ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e