ਧਾਰਮਿਕ, ਆਰਥਿਕ, ਵਿਗਿਆਨਿਕ ਅਤੇ ਸਿਹਤ ਵਿਗਿਆਨ ਦੇ ਸੰਗਮ ਦਾ ਵਿਲੱਖਣ ਤਿਉਹਾਰ ਹੈ 'ਦੀਵਾਲੀ'

11/14/2020 9:02:53 AM

ਜਲੰਧਰ (ਬਿਊਰੋ) - ਦੀਵਾਲੀ ਦਾ ਤਿਉਹਾਰ 14 ਨਵੰਬਰ ਯਾਨੀਕਿ ਅੱਜ ਪੂਰੀ ਦੁਨੀਆਂ 'ਚ ਮਨਾਇਆ ਜਾ ਰਿਹਾ ਹੈ। ਭਾਰਤੀ ਸੰਸਕ੍ਰਿਤੀ ਦੇ ਰਚੇਤਾ ਸਾਡੇ ਰਿਸ਼ੀਆਂ-ਮੁਨੀਆਂ, ਭਾਵ ਪ੍ਰਾਚੀਨ ਵਿਗਿਆਨੀਆਂ ਨੇ ਮਨੁੱਖ ਨੂੰ ਸੱਭਿਅਕ, ਅਨੁਸ਼ਾਸਨਬੱਧ ਅਤੇ ਤੰਦਰੁਸਤ ਜੀਵਨ ਜਿਊਣ ਲਈ ਕਈ ਤਰ੍ਹਾਂ ਦੀ ਵਿਵਸਥਾ ਕੀਤੀ। ਜੀਵਨ ਦੇ ਹਰ ਪਹਿਲੂ ਦਾ ਬਹੁਤ ਬਾਰੀਕੀ ਨਾਲ ਮੌਸਮ, ਜਗ੍ਹਾ, ਰਹਿਣ-ਸਹਿਣ, ਖਾਣ-ਪੀਣ ਆਦਿ ਦਾ ਅਧਿਐਨ ਕਰ ਕੇ ਕੁਝ ਨਿਯਮਾਂ ਦੀ ਪਾਲਣਾ ਲਈ ਰਵਾਇਤਾਂ ਤੇ ਰਿਵਾਜਾਂ ਨੂੰ ਸਮਾਜ ਵਿਚ ਸਥਾਪਿਤ ਕੀਤਾ। ਸਾਰੀਆਂ ਰਵਾਇਤਾਂ ਪਿੱਛੇ ਵਿਗਿਆਨਿਕ, ਆਰਥਿਕ, ਧਾਰਮਿਕ ਅਤੇ ਸਮਾਜਿਕ ਉਦੇਸ਼ ਲੁਕੇ ਹੋਏ ਹਨ।
ਸਾਡੀਆਂ ਖੁਸ਼ੀਆਂ ਲਈ ਬੇਹੱਦ ਜ਼ਰੂਰੀ ਇਨ੍ਹਾਂ ਨਿਯਮਾਂ ਨੂੰ ਅਸੀਂ ਆਪਣੇ ਜੀਵਨ ਵਿਚ ਅਪਣਾਈਏ, ਇਸ ਲਈ ਇਨ੍ਹਾਂ ਨੂੰ ਧਾਰਮਿਕ ਰਵਾਇਤਾਂ ਵਜੋਂ ਸਾਡੇ ਤਿਉਹਾਰਾਂ 'ਚ ਸ਼ਾਮਲ ਕਰ ਦਿੱਤਾ ਗਿਆ। ਧਿਆਨ ਨਾਲ ਦੇਖੀਏ ਤਾਂ ਪਤਾ ਲੱਗੇਗਾ ਕਿ ਹੋਲੀ, ਵਿਸਾਖੀ, ਨਰਾਤੇ, ਦੁਸਹਿਰਾ, ਦੀਵਾਲੀ ਆਦਿ ਸਾਰੇ ਤਿਉਹਾਰ ਇਸੇ ਉਦੇਸ਼ ਨੂੰ ਪੂਰਾ ਕਰਦੇ ਪ੍ਰਤੀਤ ਹੁੰਦੇ ਹਨ।

ਦੀਵਾਲੀ ਦਾ ਤਿਉਹਾਰ
ਦੀਵਾਲੀ ਭਾਰਤ ਵਿਚ ਹੀ ਨਹੀਂ, ਨੇਪਾਲ, ਸਿੰਗਾਪੁਰ, ਦੱਖਣੀ ਅਫਰੀਕਾ, ਇੰਡੋਨੇਸ਼ੀਆ, ਮਾਰੀਸ਼ਸ, ਥਾਈਲੈਂਡ ਆਦਿ ਦੇਸ਼ਾਂ 'ਚ ਕਿਸੇ ਨਾ ਕਿਸੇ ਰੂਪ 'ਚ ਮਨਾਈ ਜਾਂਦੀ ਹੈ। ਇਹ ਦੇਸ਼ ਭਾਰਤੀ ਮੂਲ ਤੋਂ ਪ੍ਰਭਾਵਿਤ ਹਨ। ਧਾਰਮਿਕ ਨਜ਼ਰੀਏ ਤੋਂ ਹਿੰਦੂ ਵਰਗ ਜਿਥੇ ਭਗਵਾਨ ਸ਼੍ਰੀ ਰਾਮ ਦੀ ਅਧਰਮ 'ਤੇ ਜਿੱਤ ਜਾਂ ਅਯੁੱਧਿਆ ਵਿਚ ਵਾਪਸੀ 'ਤੇ ਉਨ੍ਹਾਂ ਦੇ ਰਾਜਤਿਲਕ ਦੀ ਖੁਸ਼ੀ 'ਚ ਦੀਵਾਲੀ ਮਨਾਉਂਦਾ ਹੈ, ਉਥੇ ਹੀ ਸਿੱਖ ਸਮਾਜ 'ਬੰਦੀਛੋੜ ਦਿਵਸ', ਜੈਨ ਸਮਾਜ ਸਵਾਮੀ ਮਹਾਵੀਰ ਦੇ 'ਨਿਰਵਾਣ ਦਿਵਸ' ਅਤੇ ਬੁੱਧ ਧਰਮ ਨੂੰ ਮੰਨਣ ਵਾਲੇ ਭਗਵਾਨ ਬੁੱਧ ਦੇ ਕਪਿਲਵਸਤੂ ਆਉਣ ਕਰਕੇ ਇਹ ਤਿਉਹਾਰ ਬਹੁਤ ਚਾਅ ਨਾਲ ਮਨਾਉਂਦੇ ਹਨ ਅਤੇ ਪੂਰੇ ਸਮਾਜ ਨੂੰ ਨਾਲ ਲੈ ਕੇ ਆਪੋ-ਆਪਣੇ ਪੂਜਨੀਕ ਦੇਵਤਿਆਂ ਦੀ ਪੂਜਾ ਕਰਦੇ ਹਨ, ਕਈ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਨ।

ਦੀਵਾਲੀ ਅਤੇ ਆਰਥਿਕ ਨਜ਼ਰੀਆ
ਆਰਥਿਕ ਨਜ਼ਰੀਏ ਤੋਂ ਅਸੀਂ ਦੇਖਦੇ ਹਾਂ ਕਿ ਦੀਵਾਲੀ ਦੇ ਮੌਕੇ 'ਤੇ ਲੋਕ ਤੇਲ ਦੇ ਦੀਵੇ, ਮਠਿਆਈਆਂ, ਸਜਾਵਟੀ ਸਾਮਾਨ, ਰੰਗੋਲੀ, ਫੁੱਲ, ਮੋਮਬੱਤੀਆਂ, ਕੱਪੜੇ, ਸੋਨਾ-ਚਾਂਦੀ, ਭਾਂਡੇ, ਪਟਾਕੇ ਅਤੇ ਆਪਣੇ ਮਿੱਤਰਾਂ-ਰਿਸ਼ਤੇਦਾਰਾਂ ਨੂੰ ਦੇਣ ਲਈ ਤੋਹਫੇ ਵਗੈਰਾ ਵੱਡੇ ਪੱਧਰ 'ਤੇ ਖਰੀਦਦੇ ਹਨ। ਦੇਸ਼ ਵਿਚ ਇਸ ਖਰੀਦਦਾਰੀ ਨਾਲ ਚੱਲਣ ਵਾਲੇ ਵਿਸ਼ਾਲ ਆਰਥਿਕ ਚੱਕਰ ਦੀ ਵਜ੍ਹਾ ਕਰਕੇ ਲੱਗਭਗ ਹਰੇਕ ਵਰਗ ਦੇ ਵਪਾਰੀਆਂ ਦਾ ਆਰਥਿਕ ਤੌਰ 'ਤੇ ਕਲਿਆਣ ਹੁੰਦਾ ਹੈ। ਪੂਰੇ ਸਾਲ ਦੇ ਮੁਕਾਬਲੇ ਦੀਵਾਲੀ ਦੇ ਦਿਨਾਂ 'ਚ ਸਭ ਤੋਂ ਵੱਧ ਖਰੀਦਦਾਰੀ ਹੁੰਦੀ ਹੈ ਅਤੇ ਆਰਥਿਕਤਾ 'ਚ ਯੋਗਦਾਨ ਪੈਂਦਾ ਹੈ।

ਸਿਹਤ ਵਿਗਿਆਨ
ਕੀ ਅਸੀਂ ਕਦੇ ਸੋਚਿਆ ਹੈ ਕਿ ਸਿਰਫ਼ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਹੀ ਘਰਾਂ ਵਿਚ ਸਫਾਈ, ਰੰਗ ਵਗੈਰਾ ਕਰਨ, ਸਰ੍ਹੋਂ ਦੇ ਤੇਲ ਦੇ ਦੀਵੇ ਬਾਲਣ, ਲਾਈਟਾਂ ਲਾਉਣ ਜਾਂ ਫਿਰ ਪਟਾਕੇ ਚਲਾਉਣ ਦਾ ਰਿਵਾਜ ਕਿਉਂ ਹੈ? ਇਸ ਪਿਛਲੇ ਵਿਗਿਆਨਿਕ ਆਧਾਰ ਨੂੰ ਸਮਝਣ ਦੀ ਲੋੜ ਹੈ। ਭਾਰਤ ਰੁੱਤਾਂ ਦਾ ਦੇਸ਼ ਹੈ ਅਤੇ ਇਥੇ ਸਾਲ ਵਿਚ ਲੱਗਭਗ 13 ਰੁੱਤਾਂ ਆਉਂਦੀਆਂ ਹਨ। ਬਦਲਿਆ ਹੋਇਆ ਮੌਸਮ ਜਿਥੇ ਸਾਨੂੰ ਖੁਸ਼ੀ ਅਤੇ ਅਨੰਦ ਪ੍ਰਦਾਨ ਕਰਦਾ ਹੈ, ਉਥੇ ਹੀ ਬਦਲੇ ਮੌਸਮ ਕਾਰਣ ਕੁਝ ਸਮੱਸਿਆਵਾਂ ਵੀ ਆਉਂਦੀਆਂ ਹਨ। ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਅਪ੍ਰੈਲ, ਮਈ, ਜੂਨ ਮਹੀਨਿਆਂ ਵਿਚ ਖ਼ੂਬ ਗਰਮੀ ਹੁੰਦੀ ਹੈ ਅਤੇ ਫਿਰ ਜੁਲਾਈ, ਅਗਸਤ, ਸਤੰਬਰ ਵਿਚ ਬਰਸਾਤ ਦੇ ਮੌਸਮ ਵਿਚ ਜਗ੍ਹਾ-ਜਗ੍ਹਾ ਪਾਣੀ ਰੁਕਣ, ਨਮੀ ਦੇ ਨਾਲ-ਨਾਲ ਤਾਪਮਾਨ ਘਟਣ ਕਰਕੇ ਸਾਡੇ ਚਾਰੇ ਪਾਸੇ ਕੁਝ ਖ਼ਤਰਨਾਕ ਕੀੜੇ-ਮਕੌੜੇ ਪੈਦਾ ਹੋ ਜਾਂਦੇ ਹਨ, ਜੋ ਸਾਡੇ ਵਾਤਾਵਰਣ ਅਤੇ ਘਰਾਂ ਦੇ ਕੋਨਿਆਂ, ਸੋਫਿਆਂ, ਗਮਲਿਆਂ ਆਦਿ ਵਿਚ ਕਿਤੇ ਵੀ ਪੈਦਾ ਹੋ ਸਕਦੇ ਹਨ। ਇਹ ਭਿਆਨਕ ਬੀਮਾਰੀਆਂ ਦੀ ਵਜ੍ਹਾ ਬਣਦੇ ਹਨ, ਜਿਵੇਂ ਡੇਂਗੂ ਤੇ ਚਿਕਨਗੁਨੀਆ ਆਦਿ।

ਇਸੇ ਲਈ ਇਨ੍ਹਾਂ ਨੂੰ ਭਜਾਉਣ ਜਾਂ ਖਤਮ ਕਰਨ ਲਈ ਅਤੇ ਵਾਤਾਵਰਣ ਸ਼ੁੱਧ ਬਣਾਉਣ ਲਈ ਦੀਵਾਲੀ ਮੌਕੇ ਘਰਾਂ ਵਿਚ ਸਫਾਈ ਅਤੇ ਰੰਗ-ਰੋਗਨ ਕਰਵਾਉਣ ਦੀ ਮਹੱਤਤਾ ਹੈ। ਉਸ ਤੋਂ ਬਾਅਦ ਦੀਵਾਲੀ ਮੌਕੇ ਤੇਲ ਦੇ ਦੀਵੇ, ਮੋਮਬੱਤੀਆਂ ਜਾਂ ਇਲੈਕਟ੍ਰਾਨਿਕ ਲਾਈਟਾਂ ਜਗਾਉਣ ਅਤੇ ਪਟਾਕੇ ਚਲਾਉਣ ਦਾ ਰਿਵਾਜ ਹੈ। ਦੀਵਾਲੀ ਮੌਕੇ ਬਜ਼ੁਰਗ ਅਕਸਰ ਕਹਿੰਦੇ ਹਨ ਕਿ ਕੋਈ ਵੀ ਕੋਨਾ ਦੀਵੇ ਦੀ ਰੌਸ਼ਨੀ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੇ ਕਹਿਣ ਦਾ ਭਾਵ ਇਹ ਹੁੰਦਾ ਹੈ ਕਿ ਹਰ ਕੋਨੇ 'ਚ ਦੀਵਾ ਜਗਾਇਆ ਜਾਵੇ ਤਾਂ ਉਸ ਦੀ ਰੌਸ਼ਨੀ ਅਤੇ ਗਰਮਾਹਟ ਨਾਲ ਕੀੜੇ ਖਤਮ ਹੋ ਜਾਣਗੇ। ਉਸ ਤੋਂ ਬਾਅਦ ਜੇ ਕੁਝ ਬਚ ਗਏ ਤਾਂ ਜ਼ਮੀਨ ਉੱਤੇ ਚੱਲਣ ਵਾਲੇ ਪਟਾਕਿਆਂ ਦੀ ਆਵਾਜ਼, ਚੰਗਿਆੜੀਆਂ ਨਾਲ ਮਰ ਜਾਣਗੇ। ਇਸ ਤਰ੍ਹਾਂ ਵਾਤਾਵਰਣ ਸ਼ੁੱਧ ਹੁੰਦਾ ਹੈ, ਬੀਮਾਰੀਆਂ ਵੀ ਖ਼ਤਮ ਹੋ ਜਾਂਦੀਆਂ ਹਨ।

ਕੀ ਅਸੀਂ ਕਦੇ ਸੋਚਿਆ ਹੈ ਕਿ ਸਿੱਖ ਸਮਾਜ 10 ਗੁਰੂਆਂ ਦਾ ਪ੍ਰਕਾਸ਼ ਉਤਸਵ ਮਨਾਉਂਦਾ ਹੈ ਪਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪਟਾਕੇ ਚਲਾਉਣ ਦਾ ਰਿਵਾਜ ਕਿਉਂ ਹੈ? ਅਸਲ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਦੀਵਾਲੀ ਦੇ ਨੇੜੇ ਆਉਂਦਾ ਹੈ ਅਤੇ ਦੀਵਾਲੀ ਤੋਂ ਬਾਅਦ ਜੇ ਕੁਝ ਜ਼ਹਿਰੀਲੇ ਜੀਵ ਵਗੈਰਾ ਬਚ ਜਾਂਦੇ ਹਨ ਤਾਂ ਪ੍ਰਕਾਸ਼ ਉਤਸਵ ਵਾਲੇ ਦਿਨ ਦੇਸੀ ਘਿਓ ਦੇ ਦੀਵੇ ਜਗਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਦੇਸੀ ਘਿਓ ਦੇ ਦੀਵੇ ਜਗਾਉਣ ਨਾਲ ਜ਼ਹਿਰੀਲੇ ਜੀਵ ਵੀ ਖ਼ਤਮ ਹੋ ਜਾਂਦੇ ਹਨ ਅਤੇ ਸਾਡਾ ਵਾਤਾਵਰਣ ਸ਼ੁੱਧ ਹੁੰਦਾ ਹੈ ਪਰ ਅੱਜ ਮਿੱਟੀ ਦੇ ਦੀਵਿਆਂ ਅਤੇ ਮੋਮਬੱਤੀਆਂ ਦੀ ਥਾਂ ਚੀਨ ਦੀਆਂ ਬਣੀਆਂ ਲਾਈਟਾਂ (ਲੜੀਆਂ) ਨੇ ਲੈ ਲਈ। ਪਟਾਕੇ ਵੀ ਜ਼ਿਆਦਾਤਰ ਜ਼ਮੀਨ ਦੀ ਬਜਾਏ ਆਸਮਾਨ ਵਿਚ ਚੱਲਣ ਵਾਲੇ ਆ ਗਏ ਹਨ। ਇਸ ਤਰ੍ਹਾਂ ਦੀਵਾਲੀ ਦੇ ਅਸਲੀ ਮਕਸਦ ਤੋਂ ਭਟਕ ਕੇ ਜਿਥੇ ਅਸੀਂ ਪ੍ਰਦੂਸ਼ਣ ਨੂੰ ਹੱਲਾਸ਼ੇਰੀ ਦਿੰਦੇ ਹਾਂ, ਉਥੇ ਹੀ ਆਪਣੇ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਕੰਮ ਤੋਂ ਵਾਂਝੇ ਕਰਦੇ ਹਾਂ। ਸਵਦੇਸ਼ੀ ਮਾਲ ਨਾ ਵਿਕਣ ਕਰਕੇ ਚੀਨ ਜ਼ਿਆਦਾ ਆਰਥਿਕ ਲਾਭ ਲੈ ਜਾਂਦਾ ਹੈ, ਮਤਲਬ 'ਦੀਵਾਲੀ ਵੀ ਆਪਣੀ ਅਤੇ ਦੀਵਾਲਾ ਵੀ ਆਪਣਾ'।

ਸਾਡੇ ਪੁਰਖੇ ਬਹੁਤ ਸਮਝਦਾਰ ਅਤੇ ਵਿਦਵਾਨ ਸਨ, ਇਸ ਲਈ ਉਨ੍ਹਾਂ ਵਲੋਂ ਚਲਾਏ ਗਏ ਰਿਵਾਜਾਂ ਦੇ ਵਿਗਿਆਨ ਨੂੰ ਜਾਣਨਾ, ਸਮਝਣਾ ਤੇ ਅਪਣਾਉਣਾ ਜ਼ਰੂਰੀ ਹੈ। ਇਸ ਲਈ ਆਪਣੇ ਤਿਉਹਾਰਾਂ ਨੂੰ ਅਸੀਂ ਆਪਣੇ ਢੰਗ, ਭਾਵ ਆਪਣੀ ਸੱਭਿਅਤਾ ਮੁਤਾਬਿਕ ਮਨਾਈਏ ਤੇ ਅਨੰਤ ਖੁਸ਼ੀਆਂ ਪ੍ਰਾਪਤ ਕਰੀਏ। ਇਨ੍ਹਾਂ ਖੁਸ਼ੀਆਂ 'ਚ ਦੇਸ਼ ਦੇ ਵਾਂਝੇ ਵਰਗ ਨੂੰ ਵੀ ਸ਼ਾਮਿਲ ਕਰੀਏ ਕਿਉਂਕਿ ਖੁਸ਼ੀਆਂ ਵੰਡਣ ਨਾਲ ਕਈ ਗੁਣਾ ਵਧ ਜਾਂਦੀਆਂ ਹਨ।

ਜੈ ਹਿੰਦ, ਜੈ ਭਾਰਤ।
—ਪ੍ਰਵੀਨ ਬਾਂਸਲ


sunita

Content Editor

Related News