ਬੰਨ੍ਹ ਪੱਕੇ ਕਰਨ ਲਈ ਸਰਕਾਰ ਵੱਲੋਂ ਭੇਜੇ ਕਿੱਥੇ ਗਏ ਕਰੋੜਾਂ ਰੁਪਏ

07/19/2020 3:57:23 PM

ਰੂਪਨਗਰ (ਸੱਜਣ ਸੈਣੀ)— ਅਗਸਤ 2019 'ਚ ਜਿਨ੍ਹਾਂ ਕਾਰਨਾਂ ਜਾਂ ਲਾਪਰਵਾਹੀ ਦੇ ਕਰਕੇ ਜ਼ਿਲ੍ਹਾ ਰੂਪਨਗਰ ਸਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬਰਸਾਤ ਦੌਰਾਨ ਹੜਾਂ ਦੇ ਪਾਣੀ ਦੇ ਤਬਾਹੀ ਮਚਾਈ ਸੀ ਅੱਜ ਇਕ ਸਾਲ ਬਾਅਦ ਵੀ ਸਰਕਾਰ ਨੇ ਉਸ ਤੋਂ ਸਬਕ ਨਹੀਂ ਲਿਆ, ਜਿਸ ਕਰਕੇ ਹੁਣ ਪਿੰਡਾਂ ਦੇ ਲੋਕੀ ਆਪਣੇ ਜਾਨ ਮਾਲ ਦੀ ਰਾਖੀ ਲਈ ਖੁਦ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਨਦੀਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਅਤੇ ਉੱਚੇ ਕਰਵਾਉਣ ਲਈ ਮਜਬੂਰ ਹਨ।

ਪਿੰਡ ਕੋਟਲਾ ਨਿਹੰਗ ਦੇ ਨਾਲ ਲੱਗਦੀ ਬੁਧਕੀ ਨਦੀਂ ਨੇ ਪਿਛਲੇ ਸਾਲ ਪਿੰਡ ਖੇਰਾ ਬਾਦ ਕੋਲੋਂ ਬੰਨ੍ਹ ਤੋੜ ਕੇ ਦਰਜਨਾਂ ਪਿੰਡਾਂ 'ਚ ਤਬਾਹੀ ਮਚਾਈ ਸੀ। ਇਸ ਵਾਰ ਉਸ ਤਬਾਹੀ ਤੋਂ ਬੱਚਣ ਲਈ ਨਦੀਂ ਦੇ ਬੰਨ੍ਹਾਂ ਨੂੰ ਪੱਕਾ ਅਤੇ ਉੱਚਾ ਕਰਨ ਲਈ ਜੇ. ਸੀ. ਬੀ. ਨਾਲ ਬੰਨ੍ਹ 'ਤੇ ਰੇਤ ਮਿੱਟੀ ਲਗਾਈ ਜਾ ਰਹੀ ਹੈ ਪਰ ਬੰਨ੍ਹ ਨੂੰ ਉੱਚਾ ਅਤੇ ਮਜ਼ਬੂਤ ਕਰਨ ਦਾ ਇਹ ਕੰਮ ਸਰਕਾਰ ਨਹੀਂ ਸਗੋਂ ਪਿੰਡ ਕੋਟਲਾ ਟੱਪਰੀਆਂ ਦੇ ਪਿੰਡ ਵਾਸੀ ਆਪਣੇ ਕੋਲੋ ਪੈਸੇ ਇਕੱਠੇ ਕਰਕੇ ਕਰਵਾ ਰਹੇ ਹਨ।

PunjabKesari

ਇਥੇ ਦੱਸਣਯੋਗ ਹੈ ਕਿ ਇਹ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਬਣਦੀ ਹੈ। ਮੌਕੇ 'ਤੇ ਮੌਜੂਦ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੰਨ੍ਹ ਨੂੰ ਪੱਕਾ ਕਰਨ ਲਈ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਈ ਲਿਖਤੀ ਬੇਨਤੀਆਂ ਕੀਤੀ ਪਰ ਪ੍ਰਸ਼ਾਸਨ ਵੱਲੋਂ ਬੰਨ੍ਹ ਨੂੰ ਪੱਕਾ ਕਰਵਾਉਣ ਲਈ ਨਾ ਤਾਂ ਸਬੰਧਤ ਵਿਭਾਗ ਦੀ ਡਿਊਟੀ ਲਗਾਈ ਅਤੇ ਨਾ ਹੀ ਪੰੰਚਾਇਤ ਨੂੰ ਕੋਈ ਫੰਡ ਜਾਰੀ ਕੀਤਾ, ਜਿਸ ਨਾਲ ਬੰਨ੍ਹ ਪੱਕਾ ਕਰਵਾਇਆ ਜਾ ਸਕੇ। ਜਿਸ ਕਰਕੇ ਆਪਣੇ ਜਾਨ ਮਾਲ ਦੀ ਰਾਖੀ ਲਈ ਚਿੰਤਤ ਪਿੰਡ ਵਾਸੀਆਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਬੰਨ੍ਹ ਨੂੰ ਪੱਕਾ ਅਤੇ ਉੱਚਾ ਕਰਵਾਉਣ ਦਾ ਕੰਮ ਸ਼ੁਰੂਕਰਵਾਇਆ ਹੈ।

PunjabKesari

ਸਾਲ 2019 'ਚ ਜੋ ਹੜ੍ਹ ਆਏ ਸਨ ਉਸ ਦਾ ਮੁੱਖ ਕਾਰਨ ਨਦੀਆਂ ਦੀ ਸਫਾਈ ਨਾ ਕਰਵਾਉਣਾ ਸੀ ਕਿਉਂਕਿ ਨਦੀਆਂ 'ਚ ਜੋ ਜੰਗਲ ਬਣ ਚੁੱਕੇ ਹਨ, ਉਸ ਨਾਲ ਪਾਣੀ ਦਾ ਵਹਾਅ ਰੁਕਣ ਕਰਕੇ ਪਾਣੀ ਨੇ ਨਾਲ ਲਗਦੇ ਬੰਨ੍ਹ ਤੋੜਦੇ ਹੋਏ ਤਬਾਈ ਮਚਾਈ ਸੀ। ਉਸ ਸਮੇਂ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਕੋਲ ਲੋਕਾਂ ਨੇ ਇਹ ਗੱਲ ਰੱਖੀ ਸੀ ਅਤੇ ਭਰੋਸਾ ਮਿਲਿਆ ਸੀ ਕਿ ਸਾਲ 2020 ਦੀਆਂ ਬਰਸਾਤਾਂ ਤੋਂ ਪਹਿਲਾਂ ਨਦੀਆਂ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਪਰ ਇਸ ਸਾਲ ਵੀ ਬਰਸਾਤਾਂ ਸਿਰ 'ਤੇ ਹਨ ਪਰ ਨਦੀਆਂ ਦੀ ਕੋਈ ਸਫਾਈ ਨਾ ਹੋਣ ਕਰਕੇ ਪਾਣੀ ਦੇ ਰਾਹ 'ਚ ਜੰਗਲ ਖੜ੍ਹੇ ਹਨ। ਹਾਲਾਂਕਿ ਪ੍ਰਸ਼ਾਸ਼ਨ ਵੱਲੋਂ ਬੁੱਧਕੀ ਨਦੀਂ 'ਚ ਘਾਹ ਬੂਟੀ ਆਦਿ ਨੂੰ ਸਾਫ ਕਰਨ ਲਈ ਮਗਨਰੇਗਾ ਦੇ ਤਹਿਤ ਬੀਬੀਆਂ ਨੂੰ ਲਗਾਇਆ ਹੈ ਪਰ ਮਗਨਰੇਗਾ ਮਜਦੂਰਾਂ ਦਾ ਕਹਿਣਾ ਹੈ ਕਿ ਉਹ ਛੋਟੀ ਮੋਟੀ ਬੂਟੀ ਅਤੇ ਘਾਹ ਦੀ ਸਫਾਈ ਕਰ ਰਹੇ ਹਨ ਵੱਡੇ ਬੂਟੇ ਕੱਟਣ ਲਈ ਉਨ੍ਹਾਂ ਨੂੰ ਨਹੀਂ ਕਿਹਾ ਗਿਆ।

ਜਦੋਂ ਇਸ ਸਬੰਧੀ ਰੂਪਨਗਰ ਡਰੇਨੇਜ ਵਿਭਾਗ ਦੇ ਐਕਸੀਅਨ ਦਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਫੰਡ ਆਏ ਹਨ ਅਤੇ ਬੰਨ੍ਹ ਪੱਕੇ ਕਰਵਾਏ ਜਾ ਰਹੇ ਹਨ ਅਤੇ ਸਫ਼ਾਈ ਵੀ ਕਰਵਾਈ ਜਾ ਰਹੀ ਹੈ ਜਦੋਂ ਲੋਕਾਂ ਵੱਲੋਂ ਬੰਨ੍ਹ ਪੱਕਾ ਕਰਨ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਦੀ ਜਾਂਚ ਕਰਨਗੇ।


shivani attri

Content Editor

Related News