ਸੁਖਬੀਰ ਬਾਦਲ ਦੀ ਪਾਰਟੀ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਜ਼ਿਲ੍ਹਾ ਪ੍ਰਧਾਨਾਂ ਨੇ ਕੀਤੀ ਰੱਦ

Thursday, Mar 17, 2022 - 07:06 PM (IST)

ਸੁਖਬੀਰ ਬਾਦਲ ਦੀ ਪਾਰਟੀ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਜ਼ਿਲ੍ਹਾ ਪ੍ਰਧਾਨਾਂ ਨੇ ਕੀਤੀ ਰੱਦ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ। ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਕੱਲ੍ਹ ਅਤੇ ਅੱਜ ਜ਼ਿਲ੍ਹਾ ਪ੍ਰਧਾਨਾਂ ਤੇ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ, ਨੇ ਕਿਹਾ ਕਿ ਪਾਰਟੀ ਤੇ ਇਸ ਦੀ ਭਲਾਈ ਉਨ੍ਹਾਂ ਲਈ ਸਭ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਆਪਣੇ ਵੱਲੋਂ ਪਾਰਟੀ ਦੇ ਬਿਹਤਰ ਹਿੱਤਾਂ ਲਈ ਕੰਮ ਕੀਤਾ। ਮੈਂ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਾ ਹਾਂ ਤੇ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ। ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਦੀ ਇਹ ਪੇਸ਼ਕਸ਼ ਸਿੱਧੇ ਤੌਰ ’ਤੇ ਰੱਦ ਕਰ ਦਿੱਤੀ ਤੇ ਕਈ ਜ਼ਿਲ੍ਹਾ ਪ੍ਰਧਾਨਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਜ਼ੋਰਦਾਰ ਚੋਣ ਮੁਹਿੰਮ ਦੀ ਗੱਲ ਵੀ ਰੱਖੀ। ਇਸ ਮੌਕੇ ਇਕ ਰਸਮੀ ਮਤਾ ਸਰਬਸੰਮਤੀ ਨਾਲ ਪਾਸ ਕਰ ਕੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਪੂਰਾ ਭਰੋਸਾ ਪ੍ਰਗਟ ਕੀਤਾ ਗਿਆ।

ਇਹ ਵੀ ਪੜ੍ਹੋ : ਝਾੜ-ਫੂਕ ਕਰਨ ਵਾਲੇ ਬਾਬੇ ਨੇ ਦਿਵਿਆਂਗ ਲੜਕੀ ਨਾਲ ਕੀਤਾ ਅਜਿਹਾ ਕਾਰਾ, ਪਹੁੰਚਿਆ ਜੇਲ੍ਹ

ਇਨ੍ਹਾਂ ਆਗੂਆਂ ਨੇ ਕਿਹਾ ਕਿ ਬਾਦਲ ਨੇ ਨਾ ਸਿਰਫ ਅੱਗੇ ਹੋ ਕੇ ਪਾਰਟੀ ਦੀ ਅਗਵਾਈ ਕੀਤੀ ਬਲਕਿ ਪਾਰਟੀ ਦੀ ਲੀਡਰਸ਼ਿਪ ਅਤੇ ਪਾਰਟੀ ਕੇਡਰ ਨੂੰ ਵੀ ਪਾਰਟੀ ਵਾਸਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਵੇਂ ਨਤੀਜੇ ਆਸ ਮੁਤਾਬਕ ਨਹੀਂ ਆਏ ਪਰ ਪਾਰਟੀ ਪ੍ਰਧਾਨ ਦਾ ਕੋਈ ਕਸੂਰ ਨਹੀਂ ਕੱਢਿਆ ਜਾ ਸਕਦਾ। ਲੋਕਾਂ ਨੇ ਬਦਲਾਅ ਵਾਸਤੇ ਵੋਟਾਂ ਪਾਈਆਂ ਤੇ ਸਮੁੱਚੀ ਵਿਰੋਧੀ ਧਿਰ ਇਕ ਕਿਸਮ ਦੀ ਸੁਨਾਮੀ ਵਿਚ ਵਹਿ ਗਈ। ਮੀਟਿੰਗ ਵਿਚ ਆਪਣੀ ਫੀਡਬੈਕ ਦਿੰਦਿਆਂ ਅਕਾਲੀ ਦਲ ਦੇ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਅਨੇਕਾਂ ਥਾਵਾਂ ’ਤੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਂ ਵੀ ਨਹੀਂ ਪਤਾ ਸੀ ਪਰ ਉਨ੍ਹਾਂ ਫਿਰ ਵੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ, ਜਿਸ ਨਾਲ ਅਕਾਲੀ ਦਲ ਦਾ ਵੱਡਾ ਨੁਕਸਾਨ ਹੋਇਆ। ਇਨ੍ਹਾਂ ਪਾਰਟੀ ਆਗੂਆਂ ਨੇ ਕਿਹਾ ਕਿ ਹਾਲੇ ਵੀ ਸਭ ਕੁਝ ਖ਼ਤਮ ਨਹੀਂ ਹੋਇਆ, ਅਕਾਲੀ ਦਲ ’ਚ ਫਰਸ਼ ਤੋਂ ਅਰਸ਼ ’ਤੇ ਪਹੁੰਚਣ ਦੀ ਕਾਬਲੀਅਤ ਤੇ ਸਮਰੱਥਾ ਹੈ ਅਤੇ ਇਸ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਹੁਣ ਗੜ੍ਹਸ਼ੰਕਰ 'ਚ ਬਾਬਾ ਬਾਲਕ ਨਾਥ ਮੰਦਿਰ ’ਚ ਹੋਈ ਬੇਅਦਬੀ, ਨਿਮਿਸ਼ਾ ਮਹਿਤਾ ਨੇ ਸਰਕਾਰ ਤੋਂ ਕੀਤੀ ਇਹ ਮੰਗ

ਉਨ੍ਹਾਂ ਕਿਹਾ ਕਿ ਪਿਛਲੀਆਂ ਅਕਾਲੀ ਸਰਕਾਰਾਂ ਵੇਲੇ ਰਿਕਾਰਡ ਵਿਕਾਸ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਵਿਲੱਖਣ ਸਮਾਜ ਭਲਾਈ ਸਕੀਮਾਂ ਲੋਕਾਂ ਵਾਸਤੇ ਪੇਸ਼ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਦਲ ਨੂੰ ਇਸ ਦੀ ਪਿਛਲੀ ਕਾਰਗੁਜ਼ਾਰੀ ਦੇ ਆਧਾਰ ’ਤੇ ਅਤੇ ਖਾਸ ਤੌਰ ’ਤੇ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਕਾਰਨ, ਵੋਟਾਂ ਪਾਉਣਾ ਚਾਹੁੰਦੇ ਸਨ ਪਰ ਆਖਰੀ ਸਮੇਂ ਵਿਚ ਬਦਲਾਅ ਦੀ ਆਵਾਜ਼ ਵਿਚ ਵਹਿ ਗਏ। ਇਸ ਦੌਰਾਨ ਬਾਦਲ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦੱਸਿਆ ਕਿ ਪਾਰਟੀ ਨਾ ਸਿਰਫ ਉਨ੍ਹਾਂ ਅਤੇ ਹੋਰ ਪਾਰਟੀ ਆਗੂਆਂ ਤੋਂ ਹਾਰ ਦੇ ਕਾਰਨਾਂ ਬਾਰੇ ਫੀਡਬੈਕ ਲਵੇਗੀ ਬਲਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਰਾਇ ਇਸ ਬਾਰੇ ਜਾਣੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਕਸਦ ਵਾਸਤੇ ਇਕ ਉੱਚ ਤਾਕਤੀ ਕਮੇਟੀ ਬਣਾਈ ਜਾ ਰਹੀ ਹੈ, ਜੋ ਜ਼ਰੂਰੀ ਫੀਡਬੈਕ ਵਾਸਤੇ ਲੋੜੀਂਦੀਆਂ ਮੀਟਿੰਗਾਂ ਕਰੇਗੀ ਅਤੇ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਬਾਰੇ ਸਿਫਾਰਿਸ਼ਾਂ ਕਰੇਗੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨਾਂ ਨੇ ਪੰਥਕ ਮਾਮਲਿਆਂ ਬਾਰੇ ਆਪਣੇ ਸੁਝਾਅ ਦਿੱਤੇ ਤੇ ਨਾਲ ਹੀ ਪੰਜਾਬ ਦੇ ਸਾਰੇ ਲਟਕਦੇ ਮਸਲੇ ਚੁੱਕਣ ਤੇ ਉਨ੍ਹਾਂ ਨੂੰ ਹੱਲ ਕੀਤੇ ਜਾਣਾ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।


author

Manoj

Content Editor

Related News