ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਟੀਮ ਵਲੋਂ ਸਕੂਲੀ ਵੈਨਾਂ ਦੀ ਚੈਕਿੰਗ, 6 ਵਾਹਨਾਂ ਦੇ ਚਲਾਨ
Friday, Aug 14, 2026 - 12:07 PM (IST)
ਜਲਾਲਾਬਾਦ (ਬੰਟੀ) : ਸੇਫ ਸਕੂਲ ਵਾਹਨ ਪਾਲਿਸੀ ਸਖ਼ਤੀ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ, ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਸੇਫ ਸਕੂਲ ਵਾਹਨ ਟੀਮ ਵਲੋਂ ਲਗਾਤਾਰ ਜ਼ਿਲ੍ਹੇ 'ਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਬੱਸਾਂ ਦੇ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ ਅਤੇ ਖ਼ਰਾਬ ਬੱਸਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਟੀਮ ਵਲੋਂ ਫਾਜ਼ਿਲਕਾ ਵਿਖੇ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ 6 ਵਾਹਨਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਵਲੋਂ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਵੈਨ ਡਰਾਈਵਰਾਂ ਨੂੰ ਜਾਗਰੂਕ ਕੀਤਾ ਗਿਆ, ਜਿਸ ਵਿਚ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਖਤੀ ਨਾਲ ਲਾਗੂ ਹੋ ਰਹੀ ਹੈ ਅਤੇ ਇਸ ਸਬੰਧੀ ਕੋਈ ਵੀ ਅਣਗਹਿਲੀ ਸਬੰਧੀ ਛੋਟ ਦੇਣ ਯੋਗ ਨਹੀਂ ਹੋਵੇਗੀ।
ਬੱਚਿਆਂ ਦੇ ਪਰਿਵਾਰਾਂ ਅਤੇ ਸਕੂਲਾਂ ਨੂੰ ਅਪੀਲ ਹੈ ਕਿ ਮਾਣਯੋਗ ਸੁਪਰੀਮ ਕੋਰਟ ਵਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਦੇਸ਼ ਅਨੁਸਾਰ ਸਕੂਲੀ ਬੱਸਾਂ ਦੇ ਸ਼ੀਸ਼ਿਆਂ ਦੇ ਬਾਹਰ ਗਰਿੱਲਾਂ, ਸਕੂਲ ਬੱਸ ਵਿਚ ਸਪੀਡ ਗਵਰਨਰ, ਸਕੂਲ ਬੱਸ ਦੀਆਂ ਤਾਕੀਆਂ ਦੇ ਲਾਕ, ਸਕੂਲ ਬੱਸ ਵਿਚ ਫਸਟ ਏਡ ਬਾਕਸ, ਸਕੂਲ ਬੱਸ ਵਿਚ ਬੱਚਿਆਂ ਦੇ ਬੈਗ ਰੱਖਣ ਲਈ ਜਗ੍ਹਾ, ਸਕੂਲ ਬੱਸ ਵਿਚ ਡਰਾਈਵਰਾਂ ਕੋਲ 4 ਸਾਲ ਦਾ ਤਜੁਰਬਾ, ਸਕੂਲ ਬੱਸ ਵਿਚ ਐਮਰਜੈਂਸੀ ਤਾਕੀਆਂ (ਅੱਗੇ, ਪਿੱਛੇ), ਸਕੂਲ ਬੱਸ ਦੇ ਚਾਰੇ ਪਾਸੇ ਸਕੂਲ ਬੱਸ ਲਿਖਿਆ ਹੋਣਾ, ਸਕੂਲ ਬੱਸ ਦਾ ਰੰਗ ਸੁਨਹਿਰੀ ਪੀਲਾ, ਸਕੂਲ ਬੱਸ ਦੇ ਸੀ. ਸੀ. ਟੀ. ਵੀ. ਕੈਮਰੇ ਅਤੇ 60 ਦਿਨ ਦੀ ਫੁਟੇਜ, ਜੇਕਰ ਸਕੂਲ ਬੱਸ ਕਿਰਾਏ ’ਤੇ ਹੈ ਤਾਂ ਬੱਸ ਤੇ ਆਨ ਡਿਊਟੀ ਲਿਖਿਆ ਹੋਣਾ ਆਦਿ ਲਾਜ਼ਮੀ ਹੈ।
ਇਸ ਤੋਂ ਸਕੂਲ ਬੱਸਾਂ ਵਿਚ ਸਮਰੱਥਾ ਤੋਂ ਵੱਧ ਬੱਚੇ ਨਾ ਹੋਣ, ਸਕੂਲ ਬੱਸ ਵਿਚ ਡਰਾਈਵਰ ਕੋਲ ਬੱਚਿਆਂ ਦੇ ਨਾਂ- ਪਤਾ, ਕਲਾਸ ਦੀ ਲਿਸਟ ਹੋਣਾ ਲਾਜ਼ਮੀ, ਸਕੂਲ ਬੱਸ ਦੇ ਡਰਾਈਵਰ ਦੇ ਫਿੱਕੇ ਨੀਲੇ ਰੰਗ ਦੀ ਕਮੀਜ, ਪੈਂਟ ਅਤੇ ਕਾਲੇ ਬੂਟ ਅਤੇ ਨਾਂ ਦੀ ਨੇਮ-ਪਲੇਟ ਲੱਗੀ ਹੋਣੀ ਲਾਜ਼ਮੀ, ਸਕੂਲ ਬੱਸ ’ਤੇ ਸਕੂਲ ਦਾ ਨਾਂ ਅਤੇ ਨੰਬਰ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਦੇ ਫੁੱਟ ਸਟੈੱਪ 200 ਮਿਲੀਮੀਟਰ ਤੋਂ ਵੱਧ ਨਾ ਹੋਵੇ। ਉਕਤ ਨਿਯਮਾਂ ਨੂੰ ਨਾ ਮੰਨਣ ਵਾਲੇ ਖ਼ਿਲਾਫ਼ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਵੇਗਾ। ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਟੀਮ ਦੇ ਮੈਂਬਰ ਰਣਵੀਰ ਕੌਰ ਬਾਲ ਸੁਰੱਖਿਆ ਅਫਸਰ, ਰੁਪਿੰਦਰ ਸਿੰਘ ਆਊਟਰੀਚ ਵਰਕਰ, ਟ੍ਰੈਫਿਕ ਪੁਲਸ ਇੰਚਾਰਜ ਏ. ਐੱਸ. ਆਈ. ਮਲਕੀਤ ਸਿੰਘ ਅਤੇ ਸੁਰਿੰਦਰ ਟ੍ਰੈਫਿਕ ਸਟਾਫ, ਰਿਜ਼ਨਲ ਟਰਾਂਸਪੋਰਟ ਅਥਾਰਿਟੀ ਦੇ ਨੁਮਾਇੰਦੇ ਜਸਵਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਗੋਪਾਲ ਜੰਗੀਰ ਹਾਜ਼ਰ ਸਨ।
