ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਲੀਡਰਸ਼ਿਪ ਨੇ ਡੀ. ਸੀ. ਦਫਤਰ ਅੱਗੇ ਦਿੱਤਾ ਧਰਨਾ

Tuesday, Jun 13, 2017 - 06:52 AM (IST)

ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਲੀਡਰਸ਼ਿਪ ਨੇ ਡੀ. ਸੀ. ਦਫਤਰ ਅੱਗੇ ਦਿੱਤਾ ਧਰਨਾ

 ਤਰਨਤਾਰਨ,   (ਰਾਜੂ)-  ਜ਼ਿਲੇ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ 'ਚੋਂ ਬਰਖਾਸਤ ਕਰਨ ਦੀ ਜ਼ੋਰਦਾਰ ਮੰਗ ਰੱਖਦਿਆਂ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ 'ਚ ਪੁੱਜੇ ਅਕਾਲੀ ਵਰਕਰਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ. ਪੀ. ਐੱਸ. ਖਰਬੰਦਾ ਨੂੰ ਦਿੱਤਾ। 
ਇਸ ਰੋਸ ਧਰਨੇ ਵਿਚ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਲੀਡਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਰੇਤ ਮਾਈਨਿੰਗ ਘਪਲੇ 'ਚ ਰਾਣਾ ਗੁਰਜੀਤ ਸਿੰਘ ਤੇ ਮੁਲਾਜ਼ਮਾਂ ਦਾ ਸ਼ਾਮਲ ਹੋਣਾ ਪੰਜਾਬ ਸਰਕਾਰ ਦੀਆਂ ਭ੍ਰਿਸ਼ਟਾਚਾਰੀ ਨੀਤੀਆਂ ਨੂੰ ਜੱਗ ਜ਼ਾਹਿਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਸੀ. ਬੀ. ਆਈ., ਈ. ਡੀ., ਇਨਕਮਟੈਕਸ ਵਿਭਾਗ ਤੋਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਰੇਤ ਮਾਈਨਿੰਗ ਲਈ ਅਲਾਟ ਕੀਤੇ ਗਏ ਸਾਰੇ ਠੇਕਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਰੱਦ ਕਰਨਾ ਚਾਹੀਦਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤੁਰੰਤ ਆਪਣੇ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਕਿਤੇ ਵੀ ਬੂਰ ਪੈਂਦੀ ਨਜ਼ਰ ਨਹੀਂ ਆ ਰਹੀ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਲਗਾਤਾਰ ਜਾਰੀ ਹਨ ਪਰ ਸਰਕਾਰ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਲਿਤਾਂ 'ਤੇ ਅੱਤਿਆਚਾਰ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਧਰਨੇ ਦੌਰਾਨ ਅਕਾਲੀ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਕਾਰਵਾਈਆਂ ਤੁਰੰਤ ਬੰਦ ਨਾ ਹੋਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 
ਇਸ ਦੌਰਾਨ ਗੌਰਵ ਵਲਟੋਹਾ, ਭੁਪਿੰਦਰ ਸਿੰਘ ਖੇੜਾ, ਸਾਬਕਾ ਪ੍ਰਧਾਨ ਨਗਰ ਕੌਂਸਲ ਤਰਨਤਾਰਨ, ਸਤਿੰਦਰਪਾਲ ਸਿੰਘ ਮੱਲਮੋਹਰੀ ਚੇਅਰਮੈਨ ਬਲਾਕ ਸੰਮਤੀ, ਪ੍ਰਗਟ ਸਿੰਘ ਬਨਵਾਲੀਪੁਰ ਚੇਅਰਮੈਨ ਮਾਝਾ ਜ਼ੋਨ, ਕੁਲਦੀਪ ਸਿੰਘ ਔਲਖ ਜਨਰਲ ਸਕੱਤਰ ਪੰਜਾਬ, ਮਨੋਜ ਕੁਮਾਰ ਸ਼ਹਿਰੀ ਪ੍ਰਧਾਨ, ਫਤਿਹ ਸਿੰਘ ਨਾਰਲੀ, ਰਣਜੀਤ ਸਿੰਘ ਸਰਪੰਚ ਨਾਰਲੀ ਆਦਿ ਹਾਜ਼ਰ ਸਨ।


Related News