ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ''ਚ ਘਪਲਾ ਕਰਨ ਵਾਲਾ ਇੰਸਪੈਕਟਰ ਮੁਅੱਤਲ

Thursday, Jul 18, 2019 - 06:05 PM (IST)

ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ''ਚ ਘਪਲਾ ਕਰਨ ਵਾਲਾ ਇੰਸਪੈਕਟਰ ਮੁਅੱਤਲ

ਗੁਰਦਾਸਪੁਰ,(ਵਿਨੋਦ): ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ 'ਚ ਗਰੀਬ ਲੋਕਾਂ ਨੂੰ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੰਡੀ ਜਾਣ ਵਾਲੀ ਕਣਕ 'ਚ ਘਪਲਾ ਕਰਨ ਦੇ ਦੋਸ਼ 'ਚ ਇੰਸਪੈਕਟਰ ਨੂੰ ਸਰਕਾਰ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜ਼ਿਲਾ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਆਪਣੇ ਹੀ ਵਿਭਾਗ ਦੇ ਇੰਸਪੈਕਟਰ ਸੁਮਿਤ ਕੁਮਾਰ ਦੇ ਵਿਰੁੱਧ ਕਣਕ ਘੱਟ ਭੇਜਣ ਤੇ ਪਾਣੀ ਪਾ ਕੇ ਭੇਜਣ ਦਾ ਦੋਸ਼ ਲਗਾਇਆ ਗਿਆ ਸੀ। ਜਿਸ ਦੌਰਾਨ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਉਕਤ ਇੰਸਪੈਕਟਰ ਸੁਮਿਤ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਸੁਮਿਤ ਵਿਰੁੱਧ ਪਹਿਲਾ ਵੀ ਕਈ ਸ਼ਿਕਾਇਤਾਂ ਚੱਲ ਰਹੀਆਂ ਸਨ ਅਤੇ ਦੋ ਵਾਰ ਮੁਅੱਤਲ ਹੋਣ ਦੇ ਨਾਲ-ਨਾਲ ਇਸ 'ਤੇ ਦੋਸ਼ ਸਨ ਕਿ ਜਿੰਨਾਂ ਗੋਦਾਮਾਂ ਦਾ ਹੁਣ ਇਸ ਨੂੰ ਇੰਚਾਰਜ਼ ਲਗਾਇਆ ਸੀ। ਉਨ੍ਹਾਂ ਗੋਦਾਮਾਂ ਦਾ ਇਹ ਪਹਿਲਾ ਇੰਚਾਰਜ਼ ਸੀ ਅਤੇ ਇਸ ਦੇ ਸਟਾਕ ਦੀ ਜਾਂਚ ਪੜਤਾਲ ਕਰਨ 'ਤੇ 1700 ਤੋਂ ਜ਼ਿਆਦਾ ਕਣਕ ਦੀਆਂ ਬੋਰੀ ਘੱਟ ਪਾਈਆਂ ਗਈਆਂ ਸਨ ਪਰ ਉਸ ਦੇ ਬਾਵਜੂਦ ਇਸ ਨੂੰ ਉਨ੍ਹਾਂ ਗੋਦਾਮਾਂ ਦਾ ਇੰਚਾਰਜ ਲਗਾਇਆ ਗਿਆ ਸੀ। 

ਕੀ ਹੈ ਮਾਮਲਾ
ਗਰੀਬ ਲੋਕਾਂ ਨੂੰ ਦੋ ਰੁਪਏ ਕਿਲੋ ਕਣਕ ਵੰਡਣ ਦੇ ਲਈ ਗੁਰਦਾਸਪੁਰ 'ਚ ਪਨਗ੍ਰੇਨ ਦੇ ਗੋਦਾਮਾਂ ਤੋਂ ਵੱਖ-ਵੱਖ ਸਰਕਲ ਵਿਚ ਕਣਕ ਭੇਜੀ ਜਾਂਦੀ ਸੀ ਪਰ ਇਹ ਕਣਕ ਨਿਰਧਾਰਿਤ ਤੇ ਨਾਲ ਨੱਥੀ ਪੱਤਰ ਵਿਚ ਕਣਕ ਦੇ ਵਜਨ ਤੋਂ ਘੱਟ ਅਤੇ ਪਾਣੀ ਨਾਲ ਭੀਜੀ ਹੋਣ ਦੇ ਕਾਰਨ ਸਬੰਧਿਤ ਸਰਕਲ ਦੇ ਇੰਸਪੈਕਟਰ ਇਹ ਕਣਕ ਲੈਣ ਨੂੰ ਤਿਆਰ ਨਹੀਂ ਸੀ। ਪਨਗ੍ਰੇਨ ਇੰਸਪੈਕਟਰ ਸੁਮਿਤ ਕੁਮਾਰ ਆਪਣੀ ਪਹੁੰਚ ਦੇ ਕਾਰਨ ਇਨ੍ਹਾਂ ਇੰਸਪੈਕਟਰਾਂ ਦੀ ਪ੍ਰਵਾਹ ਨਹੀਂ ਕਰ ਰਿਹਾ ਸੀ। ਜਿਸ 'ਤੇ ਸਮੂਹ ਇੰਸਪੈਕਟਰਾਂ ਨੇ ਸੁਮਿਤ ਕੁਮਾਰ ਵਲੋਂ ਕੀਤੀ ਜਾ ਰਹੀ ਘਪਲੇਬਾਜੀ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ। ਇਨ੍ਹਾਂ ਇੰਸਪੈਕਟਰਾਂ ਨੇ ਇਸ ਘਪਲੇ ਦੀ ਜਾਣਕਾਰੀ ਡਾਇਰੈਕਟਰ ਖੁਰਾਕ ਤੇ ਸਪਲਾਈ ਵਿਭਾਗ ਨੂੰ ਦਿੱਤੀ ਸੀ। ਇਸ ਸਬੰਧੀ ਜਾਂਚ ਰਿਪੋਰਟ ਪ੍ਰਾਪਤ ਕਰਨ ਦੇ ਬਾਅਦ ਉਕਤ ਇੰਸਪੈਕਟਰ ਸੁਮਿਤ ਕੁਮਾਰ ਨੂੰ ਡਾਇਰੈਕਟਰ ਨੇ ਮੁਅੱਤਲ ਕਰ ਦਿੱਤਾ।


Related News