ਆਸਾਮੀ ਭਰਨ ਤੋਂ ਪਹਿਲਾਂ ਜ਼ਿਲਾ ਰੋਜ਼ਗਾਰ ਬਿਊਰੋ ਕੋਲੋਂ ਨੋਟੀਫਾਈ ਕਰਵਾਏਗਾ ਵਿਭਾਗ
Sunday, Dec 24, 2017 - 12:36 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਜ਼ਿਲੇ 'ਚ ਕਿਸੇ ਵੀ ਵਿਭਾਗ ਵੱਲੋਂ ਕੋਈ ਵੀ ਆਸਾਮੀ ਠੇਕੇ 'ਤੇ ਜਾਂ ਕਿਸੇ ਏਜੰਸੀ ਰਾਹੀਂ ਭਰਨ ਤੋਂ ਪਹਿਲਾਂ ਆਸਾਮੀ ਨੂੰ ਜ਼ਿਲਾ ਕਾਰੋਬਾਰ ਤੇ ਰੋਜ਼ਗਾਰ ਬਿਊਰੋ ਤੋਂ ਨੋਟੀਫਾਈ ਕਰਵਾਉਣਾ ਲਾਜ਼ਮੀ ਹੋਵੇਗਾ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਗਵਰਨਿੰਗ ਕੌਂਸਲ, ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਅਮਿਤ ਕੁਮਾਰ ਨੇ ਅੱਜ ਗਵਰਨਿੰਗ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮਾਨਵੀ ਤੌਰ 'ਤੇ ਵੀ ਸਾਡਾ ਇਹ ਫਰਜ਼ ਬਣਦਾ ਹੈ ਕਿ ਸਮਾਜ 'ਚ ਸੰਤੁਲਨ ਰੱਖਣ ਲਈ ਹਰੇਕ ਲੋੜਵੰਦ ਲਈ ਰੋਜ਼ਗਾਰ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੂੰ ਗਲਤ ਰਾਹ 'ਤੇ ਜਾਂ ਨਿਰਾਸ਼ਾ ਵਿਚ ਜਾਣ ਤੋਂ ਰੋਕਿਆ ਜਾਵੇ। ਉਨ੍ਹਾਂ ਜ਼ਿਲਾ ਰੋਜ਼ਗਾਰ ਅਫਸਰ ਬਲਬੀਰ ਸਿੰਘ ਨੂੰ ਜ਼ਿਲੇ 'ਚ ਚਾਲੂ ਮਾਲੀ ਸਾਲ ਦੌਰਾਨ ਵੱਖ-ਵੱਖ ਥਾਈਂ ਰੋਜ਼ਗਾਰ ਦੇ ਹਰੇਕ ਮੰਚ 'ਤੇ ਉਪਲੱਬਧ ਕਰਵਾਏ ਮੌਕਿਆਂ 'ਤੇ ਲਾਭਪਾਤਰੀਆਂ ਦੀ ਸੂਚੀ ਤਿਆਰ ਕਰਨ ਲਈ ਵੀ ਆਖਿਆ। ਉਨ੍ਹਾਂ ਨੇ ਜ਼ਿਲੇ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ਜਾਂ ਕੋਰਸ ਦੀ ਸਮਾਪਤੀ ਬਾਅਦ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕੋਲ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ।
ਉਨ੍ਹਾਂ ਨਾਲ ਹੀ ਜ਼ਿਲਾ ਰੋਜ਼ਗਾਰ ਅਫਸਰ ਨੂੰ ਹਫਤੇ ਦੇ 4 ਦਿਨਾਂ ਦੀ ਵੰਡ ਇਸ ਮੁਤਾਬਕ ਕਰਨ ਲਈ ਆਖਿਆ ਕਿ ਇਨ੍ਹਾਂ 'ਚੋਂ ਇਕ ਦਿਨ 'ਕਰੀਅਰ ਗਾਈਡੈਂਸ', ਇਕ ਦਿਨ ਸਵੈ-ਰੋਜ਼ਗਾਰ, ਇਕ ਦਿਨ ਨਿੱਜੀ ਖੇਤਰ 'ਚ ਰੋਜ਼ਗਾਰ ਅਤੇ ਇਕ ਦਿਨ ਐੱਲ. ਆਈ. ਸੀ. ਆਦਿ 'ਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦੇਣ ਲਈ ਰਾਖਵਾਂ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਵੈ-ਰੋਜ਼ਗਾਰ ਲਈ ਸਿਖਲਾਈ ਤੇ ਕਰਜ਼ਾ ਦਿਵਾਉਣ ਵਾਲੀਆਂ ਸੰਸਥਾਵਾਂ ਨੂੰ ਆਪਣਾ ਇਕ-ਇਕ ਪ੍ਰਤੀਨਿਧ ਬਿਊਰੋ ਦੇ ਦਫ਼ਤਰ ਵਿਖੇ ਤਾਇਨਾਤ ਕਰਨ ਲਈ ਵੀ ਆਖਿਆ ਗਿਆ।
ਮੀਟਿੰਗ 'ਚ ਈ. ਏ. ਸੀ. (ਯੂ.ਟੀ.) ਅਰਸ਼ਦੀਪ ਸਿੰਘ ਪੀ. ਸੀ. ਐੱਸ., ਜ਼ਿਲਾ ਰੋਜ਼ਗਾਰ ਅਫਸਰ ਬਲਬੀਰ ਸਿੰਘ, ਡੀ. ਡੀ. ਪੀ. ਓ. ਬਲਜੀਤ ਸਿੰਘ ਕੈਂਥ, ਸਕੱਤਰ ਜ਼ਿਲਾ ਪ੍ਰੀਸ਼ਦ ਅਮਰਦੀਪ ਸਿੰਘ ਬੈਂਸ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਹਰਮੇਸ਼ ਸਿੰਘ, ਜ਼ਿਲਾ ਭਲਾਈ ਅਫ਼ਸਰ ਰਾਜਿੰਦਰ ਕੁਮਾਰ ਅਤੇ ਹੋਰ ਮੌਜੂਦ ਸਨ।
