ਜ਼ਿਲਾ ਕਾਂਗਰਸ ਨੇ ਖਿਡਾਰੀ ਸਵਰਨ ਸਿੰਘ ਦਾ ਪਰਿਵਾਰ ਕੀਤਾ ਸਨਮਾਨਿਤ
Friday, Aug 24, 2018 - 10:28 PM (IST)

ਮਾਨਸਾ (ਮਿੱਤਲ)— ਅੱਜ ਮਾਨਸਾ ਜ਼ਿਲੇ ਲਈ ਬਹੁਤ ਹੀ ਵੱਡੀ ਖੁਸ਼ੀ ਦਾ ਦਿਨ ਰਿਹਾ ਕਿਉਂਕਿ ਮਾਨਸਾ ਜ਼ਿਲੇ ਦੇ ਦੋ ਖਿਡਾਰੀਆਂ ਸਵਰਨ ਸਿੰਘ ਪਿੰਡ ਦਲੇਲ ਵਾਲਾ ਅਤੇ ਸੁਖਮੀਤ ਸਿੰਘ ਪਿੰਡ ਕਿਸ਼ਨਗੜ• ਫਰਵਾਹੀਂ ਨੇ ਕਿਸ਼ਤੀ ਚਲਾਉਣ ਦੇ ਮੁਕਾਬਲੇ ਵਿੱਚ ਏਸ਼ੀਅਨ ਗੇਮਾਂ ਵਿੱਚ ਗੋਲਡ ਮੈਡਲ ਜਿੱਤਿਆ। ਇਹ ਗੋਲਡ ਮੈਡਲ ਪੰਜਾਬ ਦੇ ਖਿਡਾਰੀਆਂ ਦੁਆਰਾ ਜਿੱਤਿਆ ਜਾਣ ਵਾਲਾ ਏਸ਼ੀਅਨ ਗੇਮਾਂ ਦਾ ਪਹਿਲਾਂ ਗੋਲਡ ਮੈਡਲ ਹੈ ਜਿਸ ਕਾਰਣ ਪੰਜਾਬ ਦੇ ਨਾਲ ਨਾਲ ਸਮੁੱਚੇ ਭਾਰਤ ਦਾ ਨਾਮ ਰੋਸ਼ਨ ਹੋਇਆ ਹੈ। ਇਸ ਪ੍ਰਾਪਤੀ ਨਾਲ ਮਾਨਸਾ ਜ਼ਿਲੇ ਦੇ ਖੇਡ ਪ੍ਰੇਮੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਖਿਡਾਰੀ ਸਵਰਨ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕਰਦਿਆਂ ਕੀਤਾ। ਇਸ ਮੌਕੇ ਜ਼ਿਲਾ ਕਾਂਗਰਸ ਦੀ ਸਮੁੱਚੀ ਟੀਮ ਵਲੋਂ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਉਥੇ ਹੀ ਸਭਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਮੋਫਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖਿਡਾਰੀਆਂ ਨੂੰ ਹਰ ਸਹੂਲਤ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਕਿ ਪੰਜਾਬ ਦੇ ਖਿਡਾਰੀ ਸਮੁੱਚੀ ਦੁਨੀਆ ਵਿਚ ਸੂਬੇ ਦਾ ਨਾਮ ਰੋਸ਼ਨ ਕਰ ਸਕਣ। ਇਸ ਮੌਕੇ ਉਨ੍ਹਾਂ ਨਾਲ ਸੁਰੇਸ਼ ਨੰਦਗੜ੍ਹੀਆ, ਗੁਰਪ੍ਰੀਤ ਸਿੰਘ ਦਲੇਲਵਾਲਾ, ਜਗਰੂਪ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ, ਬੇਅੰਤ ਸਿੰਘ ਕੋਰਵਾਲਾ, ਸੰਦੀਪ ਸਿੰਘ ਮੋਫਰ ਆਦਿ ਹਾਜ਼ਰ ਸਨ।